ਖਬਰਾਂਚਲੰਤ ਮਾਮਲੇਮਨੋਰੰਜਨ

ਸਲਮਾਨ ਲਾਂਚ ਕਰਨਗੇ ਗਿੱਪੀ ਗਰੇਵਾਲ ਦੇ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ

ਚੰਡੀਗੜ੍ਹ-ਪੰਜਾਬੀ ਸਿਨੇਮਾ ਦੇ ਉੱਚਕੋਟੀ ਐਕਟਰ-ਨਿਰਮਾਤਾ ਵਜੋਂ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਗਿੱਪੀ ਗਰੇਵਾਲ ਸਟਾਰਰ ਨਵੀਂ ਫਿਲਮ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ ਅੱਜ ਸ਼ਾਮ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਲਾਂਚ ਕਰਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ। ਹਾਲ ਹੀ ਵਿੱਚ ਆਈ ਆਪਣੀ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦੀ ਸੁਪਰ ਸਫ਼ਲਤਾ ਅਤੇ ਬਹੁ-ਕਰੋੜੀ ਹੋਣ ਦਾ ਆਨੰਦ ਉਠਾ ਰਹੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਕਾਮੇਡੀ-ਡਰਾਮਾ ਆਧਾਰਿਤ ਇਸ ਫਿਲਮ ਦਾ ਜਿਆਦਾਤਰ ਹਿੱਸਾ ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ‘ਤੇ ਮੁਕੰਮਲ ਕੀਤਾ ਗਿਆ ਹੈ, ਜਿਸ ਵਿਚ ਉਨਾਂ ਨਾਲ ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਜਿਹੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਐਕਟਰ ਦੇ ਨਾਲ-ਨਾਲ ਬਤੌਰ ਫਿਲਮ ਨਿਰਮਾਣਕਾਰ ਪੰਜਾਬੀ ਸਿਨੇਮਾ ਵਿਚ ਅਲਹਦਾ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਗਿੱਪੀ ਉਮਦਾ ਅਦਾਕਾਰ ਅਤੇ ਗਾਇਕ ਆਪਣੀ ਪਿਛਲੀ ਫਿਲਮ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ਨੂੰ ਵੀ ਨਵੇਂ ਆਯਾਮ ਦੇਣ ਵਿਚ ਕਾਮਯਾਬ ਰਹੇ ਹਨ, ਜਿੰਨ੍ਹਾਂ ਦੀ ਇਸ ਹਾਲੀਆ ਫਿਲਮ ਦਾ ਟ੍ਰੇਲਰ ਆਮਿਰ ਖਾਨ ਵੱਲੋਂ ਮੁੰਬਈ ਵਿਖੇ ਹੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ‘ਦਿ ਕਪਿਲ ਸ਼ਰਮਾ ਸ਼ੋਅਜ਼’ ਅਤੇ ਸਲਮਾਨ ਖਾਨ ਦੇ ਚਰਚਿਤ ਸ਼ੋਅ ‘ਬਿੱਗ ਬੌਸ ਓਟੀਟੀ ਸੀਜ਼ਨ 2’ ਵਿੱਚ ਵੀ ਗਿੱਪੀ ਅਤੇ ਸੋਨਮ ਬਾਜਵਾ ਨੇ ਉਚੇਚੀ ਸ਼ਮੂਲੀਅਤ ਦਰਜ ਕਰਵਾਈ ਸੀ।
ਆਪਣੀ ਨਵੀਂ ਫਿਲਮ ਨੂੰ ਵੀ ਦੁਨੀਆਂ-ਭਰ ਵਿਚ ਆਕਰਸ਼ਨ ਦਾ ਕੇਂਦਰਬਿੰਦੂ ਬਣਾਉਣ ਲਈ ਇਸ ਵਾਰ ਫਿਰ ਗਿੱਪੀ ਗਰੇਵਾਲ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਉਨਾਂ ਦੇ ਇਸ ਟ੍ਰੇਲਰ ਲਾਂਚ ਈਵੈਂਟ ਨੂੰ ਸਲਮਾਨ ਖਾਨ ਚਾਰ ਚੰਨ ਲਾਉਣ ਜਾ ਰਹੇ ਹਨ, ਜੋ ਮੁੰਬਈ ਦੇ ਜੁਹੂ ਪੀਵੀਆਰ ਵਿਖੇ ਅੱਜ ਸ਼ਾਮ ਆਯੋਜਿਤ ਕੀਤੇ ਜਾ ਰਹੇ ਵਿਸ਼ੇਸ਼ ਫ਼ੰਕਸ਼ਨ ਵਿਚ ਖਾਸ ਤੌਰ ‘ਤੇ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣਗੇ। ਓਧਰ ਇਸ ਵੱਡੇ ਈਵੈਂਟ ਨੂੂੰ ਲੈ ਕੇ ਗਿੱਪੀ ਗਰੇਵਾਲ ਆਪਣੇ ਕੋ-ਸਟਾਰਜ਼ ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਸਮੇਤ ਸਪੈਸ਼ਲ ਨਿੱਜੀ ਜੈੱਟ ਰਾਹੀਂ ਮਾਇਆਨਗਰੀ ਰਵਾਨਾ ਹੋ ਚੁੱਕੇ ਹਨ, ਜਿੱਥੇ ਅੱਜ ਸ਼ਾਮ ਟ੍ਰੇਲਰ ਲਾਂਚ ਸਮੇਤ ਕਈ ਗ੍ਰੈਂਡ ਈਵੈਂਟ ਦਾ ਉਹ ਹਿੱਸਾ ਬਣਨਗੇ।
ਪਾਲੀਵੁੱਡ ਦੇ ਮਸ਼ਹੂਰ ਲੇਖਕ ਨਰੇਸ਼ ਕਥੂਰੀਆ ਅਤੇ ਵੈਭਮ ਸੁਮਨ ਵੱਲੋਂ ਲਿਖੀ ਉਕਤ ਪੰਜਾਬੀ ਫਿਲਮ ਦੀ ਸਟਾਰ ਕਾਸਟ ਵਿੱਚ ਤਨੂੰ ਗਰੇਵਾਲ, ਜਿੰਮੀ ਸ਼ਰਮਾ, ਹਸਨੀਨ ਚੌਹਾਨ, ਯੋਗਰਾਜ ਸਿੰਘ, ਬੀ.ਐਨ ਸ਼ਰਮਾ, ਅਤੁਲ ਸ਼ਰਮਾ, ਮਨੋਜ ਆਨੰਦ, ਰਵੀ ਮੁਲਤਾਨੀ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਨਾਸਿਰ ਚਿਨਯੋਤੀ, ਹਰਨੂਰ ਰਫ਼ੀਕ, ਹਮਜ਼ਾ ਭੱਟ ਜਿਹੇ ਨਾਮੀ ਗਿਰਾਮੀ ਐਕਟਰਜ਼ ਵੀ ਸ਼ਾਮਿਲ ਹਨ।
ਪੰਜਾਬੀ ਫਿਲਮ ਇੰਡਸਟਰੀ ਨੂੰ ਹੋਰ ਉੱਚ ਬੁਲੰਦੀਆਂ ਵੱਲ ਲਿਜਾਣ ਲਈ ਯਤਨਸ਼ੀਲ ਅਦਾਕਾਰ ਗਿੱਪੀ ਗਰੇਵਾਲ ਹਿੰਦੀ ਸਿਨੇਮਾ ਦੇ ਨਾਮੀ ਗਿਰਾਮੀ ਚਿਹਰਿਆਂ ਨੂੰ ਪਾਲੀਵੁੱਡ ਦਾ ਪ੍ਰਭਾਵੀ ਹਿੱਸਾ ਬਣਾਉਣ ’ਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿੱਚ ਟੀਨਾ ਆਹੂਜ਼ਾ, ਜ਼ਰੀਨ ਖਾਨ, ਜੈਸਮੀਨ ਭਸੀਨ, ਹਿਨਾ ਖਾਨ ਆਦਿ ਜਿਹੇ ਕਈ ਵੱਡੇ ਨਾਂਅ ਪੰਜਾਬੀ ਸਿਨੇਮਾ ਦਾ ਹਿੱਸਾ ਬਣ ਚੁੱਕੇ ਹਨ, ਜਿਸ ਦੀ ਲੜ੍ਹੀ ਨੂੰ ਹੁਣ ਉਹ ਹੋਰ ਪ੍ਰਭਾਵਸ਼ਾਲੀ ਬਣਾਉਣ ਜਾ ਰਹੇ ਹਨ, ਕਿਉਂਕਿ ਉਹ ਇੱਕ ਹੋਰ ਚਰਚਿਤ ਬਾਲੀਵੁੱਡ ਸਟਾਰ ਸੰਜੇ ਦੱਤ ਨਾਲ ਫਿਲਮ ਕਰਨ ਜਾ ਰਹੇ ਹਨ।

Comment here