ਮੋਗਾ-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੰਗਲਵਾਰ ਦੁਪਹਿਰ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਰਾਮਦਾਸ ਇਲਾਕੇ ’ਚ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹਥਿਆਰਾਂ ਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ’ਚ ਇਕ ਟਿਫਿਨ ਬੰਬ (ਆਈਈਡੀ), ਦੋ ਆਧੁਨਿਕ ਏਕੇ 56 ਰਾਈਫ਼ਲਾਂ, ਦੋ ਮੈਗਜ਼ੀਨ, 30 ਜ਼ਿੰਦਾ ਰੌਂਦ, ਇਕ ਪੁਆਇੰਟ ਤੀਹ ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ, ਛੇ ਕਾਰਤੂਸ, ਦੋ ਕਿੱਲੋ ਹੈਰੋਇਨ, ਇੱਕ ਲੱਖ ਦੀ ਭਾਰਤੀ ਕਰੰਸੀ ਤੇ ਇੱਕ ਕਾਰ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ਦੇ ਰਹਿਣ ਵਾਲੇ ਯੋਗਰਾਜ ਉਰਫ਼ ਯੋਗ ਨੂੰ ਕਾਬੂ ਕੀਤਾ ਹੈ, ਜੋ ਕਿ ਖੇਪ ਚੁੱਕਣ ਲਈ ਰਮਦਾਸ ਪਹੁੰਚਿਆ ਸੀ।
ਦੂਜੇ ਪਾਸੇ ਮੋਗਾ ’ਚ ’ਚ ਪੁਲਿਸ ਨੇ ਆਈਐੱਸਆਈ ਦੀ ਹਮਾਇਤ ਪ੍ਰਾਪਤ ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮਾਡਿਊਲ ਦੇ ਇਕ ਕਾਰਕੁੰਨ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਤਿੰਨ ਹੈਂਡ ਗਰਨੇਡ, .30 ਬੋਰ ਤੇ 9 ਐੱਮਐੱਮ ਬਰੇਟਾ ਦੇ 2 ਪਿਸਤੌਲ ਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਹ ਇਹ ਹਥਿਆਰ ਅੰਮ੍ਰਿਤਸਰ ਸਪਲਾਈ ਕਰਨ ਜਾ ਰਿਹਾ ਸੀ। ਇਹ ਅੱਤਵਾਦੀ ਮਾਡਿਊਲ ਕੈਨੇਡਾ-ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕੇਟੀਐਫ ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜਦੀਕੀ ਸਾਥੀ ਹੈ।
ਅੰਮ੍ਰਿਤਸਰ ’ਚ ਫੜੀ ਗਈ ਖੇਪ ਦੇ ਮਾਮਲੇ ’ਚ ਡੀਜੀਪੀ ਗੌਰਵ ਯਾਦਵ ਨੇ ਸ਼ੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਦੱਸਿਆ ਹੈ ਕਿ ਯੋਗਰਾਜ ਖਤਰਨਾਕ ਸਮੱਗਲਰ ਗੁਰਪਵਿੱਤਰ ਸਿੰਘ ਦੇ ਨਾਲ-ਨਾਲ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ, ਪਾਕਿਸਤਾਨ ਸਥਿਤ ਖ਼ਾਲਿਸਤਾਨੀ ਅੱਤਵਾਦੀ ਹਰਵਿੰਦਰ ਸੰਧੂ ਉਰਫ਼ ਰਿੰਦਾ ਤੇ ਇਟਲੀ ਨਿਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨਾਲ ਕਈ ਸਾਲਾਂ ਤੋਂ ਜੁੜੀਆਂ ਹੋਇਆ ਹੈ। ਸਾਰੇ ਮੁਲਜ਼ਮ ਵਿਦੇਸ਼ ’ਚ ਰਹਿ ਕੇ ਦੇਸ਼ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਲਖਬੀਰ ਸਿੰਘ ਲੰਡਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਹਰਵਿੰਦਰ ਸਿੰਘ ਉਰਫ਼ ਰਿੰਦਾ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ’ਚ ਆਈਈਡੀ ਤੇ ਹਥਿਆਰਾਂ ਦੀ ਖੇਪ ਸੁੱਟ ਚੁੱਕੇ ਹਨ।
ਪੁਲਿਸ ਮੁਤਾਬਕ ਯੋਗਰਾਜ ਤੋਂ ਪੁੱਛਗਿੱਛ ਤੋਂ ਬਾਅਦ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਜੋ ਇਸ ਗਿਰੋਹ ਦਾ ਹਿੱਸਾ ਹਨ ਤੇ ਸਰਹੱਦੀ ਖੇਤਰ ਤੋਂ ਪਾਕਿਸਤਾਨ ਵੱਲੋਂ ਭੇਜੇ ਗਏ ਹਥਿਆਰਾਂ ਦੀ ਖੇਪ ਲੁਕਾਉਣ ਤੇ ਇਸਦੀ ਤਸਕਰੀ ਦਾ ਕੰਮ ਕਰਦੇ ਹਨ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਯੋਗਰਾਜ ਇਸ ਮਾਡਿਊਲ ਦਾ ਮੁੱਖ ਸੰਚਾਲਕ ਹੈ। ਇਹ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਦਰਜ ਪੰਜ ਕੇਸਾਂ ’ਚ ਲੋੜੀਦਾ ਹੈ। ਇਸ ਦਾ ਨਾਂ ਸਤੰਬਰ 2019 ’ਚ ਤਰਨਤਾਰਨ ’ਚ ਬਰਾਮਦ ਹੋਈਆਂ ਪੰਜ ਏਕੇ-47 ਰਾਈਫਲਾਂ ਦੇ ਮਾਮਲੇ ’ਚ ਵੀ ਨਾਮਜ਼ਦ ਹੋਇਆ ਸੀ।
ਦੋ ਦਿਨ ਪਹਿਲਾਂ ਹੋਈ ਸੀ ਚਮਕੌਰ ਸਾਹਿਬ ਤੋਂ ਗ੍ਰਿਫ਼ਤਾਰੀ
ਜ਼ਿਕਰਯੋਗ ਹੈ ਕਿ ਇਹ ਕਾਰਵਾਈ ਚਮਕੌਰ ਸਾਹਿਬ ਇਲਾਕੇ ਤੋਂ ਇਸੇ ਮਾਡਿਊਲ ਦੇ ਦੋ ਕਾਰਕੁਨਾਂ ਵੀਜਾ ਸਿੰਘ ਉਰਫ਼ ਗਗਨ ਉਰਫ਼ ਗੱਗੂ ਤੇ ਰਣਜੋਧ ਸਿੰਘ ਉਰਫ਼ ਜੋਤੀ ਦੀ ਗੑਫ਼ਿਤਾਰੀ ਤੋਂ ਦੋ ਦਿਨ ਬਾਅਦ ਅਮਲ ’ਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਆਰਿਫਕੇ ’ਚ ਖੇਤਾਂ ’ਚੋਂ ਅਤਿ ਆਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ, ਜਿਹੜੇ ਵੀਜਾ ਸਿੰਘ ਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨੇ ਸਨ।
ਵਿਦੇਸ਼ਾਂ ਤੋਂ ਕੰਟਰੋਲ ਹੁੰਦਾ ਹੈ ਤਸਕਰੀ ਦਾ ਕਾਰੋਬਾਰ
ਮੋਗਾ ’ਚ ਹੋਈ ਗ੍ਰਿਫ਼ਤਾਰੀ ਬਾਰੇ ਮੰਗਲਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਆਈਜੀ ਫ਼ਰੀਦਕੋਟ ਰੇਂਜ ਪੀਕੇ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ’ਤੇ ਮੋਗਾ ਪੁਲਿਸ ਨੇ ਕੋਟਕਪੂਰਾ-ਬਾਘਾਪੁਰਾਣਾ ਰੋਡ ’ਤੇ ਨਾਕਾ ਲਗਾਇਆ ਸੀ। ਇਸੇ ਦੌਰਾਨ ਚਿੱਟੇ ਰੰਗ ਦੀ ਹੁੰਡਈ ਔਰਾ ਕਾਰ ( ਪੀਬੀ 03-ਬੀਐਫ-1462) ’ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਹੇ ਹਰਪ੍ਰੀਤ ਹੀਰਾ ਨੂੰ ਕਾਬੂ ਕੀਤਾ। ਮੁੱਢਲੀ ਪੁੱਛਗਿੱਛ ਦੌਰਾਨ ਹਰਪ੍ਰੀਤ ਨੇ ਕਬੂਲਿਆ ਕਿ ਉਹ ਅਰਸ਼ ਡਾਲਾ ਦੇ ਨਜ਼ਦੀਕੀ ਸਾਥੀ ਅਮਨਦੀਪ ਸਿੰਘ ਉਰਫ ਬੱਬੂ, ਜੋ ਕਿ ਇਸ ਵੇਲੇ ਹੁਸ਼ਿਆਰਪੁਰ ਜੇਲ ’ਚ ਬੰਦ ਹੈ, ਦੇ ਇਸ਼ਾਰੇ ’ਤੇ ਅੰਮ੍ਰਿਤਸਰ ਵਿਖੇ ਹੈਂਡ ਗ੍ਰਨੇਡ ਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਸੀਨੀਅਰ ਪੁਲਿਸ ਕਪਤਾਨ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਹਰਪ੍ਰੀਤ ਦੇ ਬਿਆਨਾਂ ਮੁਤਾਬਕ ਇਹ ਖੇਪ ਅਰਸ਼ ਡਾਲਾ ਦੇ ਮਨੀਲਾ ਸਥਿਤ ਸਾਥੀ ਮਨਪ੍ਰੀਤ ਸਿੰਘ ਉਰਫ਼ ਪੀਤਾ ਤੇ ਅੰਮ੍ਰਿਤਪਾਲ ਸਿੰਘ ਸਿੰਘ ਉਰਫ਼ ਐਮੀ, ਜੋ ਪਾਕਿਸਤਾਨ ’ਚ ਅੱਤਵਾਦੀਆਂ ਨਾਲ ਵੀ ਜੁਡæੇ ਹੋਏ ਹਨ, ਦੇ ਨਿਰਦੇਸ਼ਾਂ ’ਤੇ ਵੀਜਾ ਸਿੰਘ ਤੇ ਰਣਜੋਧ ਸਿੰਘ ਵੱਲੋਂ ਸਰਹੱਦੀ ਖੇਤਰ ਤੋਂ ਲਿਆਂਦੀ ਗਈ ਸੀ। ਪੀਤਾ ਤੇ ਐਮੀ ਨੇ ਇਹ ਖੇਪ ਮੋਗਾ ’ਚ ਦੋ ਅਣਪਛਾਤੇ ਵਿਅਕਤੀਆਂ ਨੂੰ ਸੌਂਪੀ ਸੀ। ਇਨ੍ਹਾਂ ਨੇ ਹੀ ਉਸ ਨੂੰ ਇਹ ਖੇਪ ਅੰਮ੍ਰਿਤਸਰ ਪਹੁੰਚਾਉਣ ਲਈ ਕਿਹਾ ਸੀ।
Comment here