ਗੁਰਦਾਸਪੁਰ-ਬੀਤੇ ਦਿਨੀਂ ਗੁਰਦਾਸਪੁਰ ਅਧੀਨ ਆਉਂਦੀ ਦੱਸ ਬਟਾਲੀਅਨ ਦੀ ਬੀ ਓ ਪੀ ਬਸੰਤਰ ਦੇ ਜਵਾਨਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਗੇਟ ਨੂੰ ਪਾਰ ਕਰਦੇ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਦੀ ਰਾਤ ਬੀਐਸਐਫ ਦੀ ਦੱਸ ਬਟਾਲੀਅਨ ਦੀ ਬੀਓਪੀ ਫਾਰਵਰਡ ਪੋਸਟ ਨੇੜੇ ਤਾਇਨਾਤ ਜਵਾਨਾਂ ਵੱਲੋਂ ਰਾਤ ਵੇਲੇ ਪਾਕਿਸਤਾਨੀ ਡਰੋਨ ਵੀ ਵੇਖਿਆ ਗਿਆ ਸੀ ਜਿਸ ਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਅਤੇ ਡ੍ਰੋਨ ਦੀ ਭਾਰਤੀ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਤੜਕਸਾਰ ਨਾ ਲੱਗਦੀ ਬੀਓਪੀ ਬਸੰਤਰ ਦੇ ਜਵਾਨਾਂ ਵੱਲੋਂ ਕੰਡਿਆਲੀ ਤਾਰ ਤੇ ਲੱਗੇ ਨੂੰ ਪਾਰ ਕਰ ਰਹੇ ਇੱਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਗਿਆ।
ਕੌਮਾਂਤਰੀ ਸਰਹੱਦ ਤੇ ਗੇਟ ਪਰ ਪਾਰ ਕਰ ਰਿਹਾ ਨੌਜਵਾਨ ਭਾਰਤੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਸੈਕਟਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐੱਸਐੱਫ ਦੀ ਬਸੰਤਰ ਪੋਸਟ ਤੇ ਤਾਇਨਾਤ ਜਵਾਨਾਂ ਵੱਲੋਂ ਗੇਟ ਪਾਰ ਕਰਦਾ ਇੱਕ ਘੁਸਪੈਠੀਆ ਢੇਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਪਾਕਿਸਤਾਨੀ ਡਰੋਨ ਵੀ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਬੀਐਸਐਫ ਜਵਾਨਾਂ ਨੇ ਨਾਕਾਮ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਇਸ ਖੇਤਰ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕਰਨ ਤੋਂ ਇਲਾਵਾ ਪਾਕਿਸਤਾਨੀ ਡਰੋਨ ਨੂੰ ਵੇਖਿਆ ਗਿਆ ਹੈ ਜਿਨ੍ਹਾਂ ਤੇ ਬੀਐਸਐਫ ਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ । ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਸੰਘਣੀ ਧੁੰਦ ਦੀ ਆੜ ਹੇਠ ਦੇਸ਼ ਵਿਰੋਧੀ ਅਨਸਰ ਆਪਣੀਆਂ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਬੀਐਸਐਫ ਦੇ ਜਾਂਬਾਜ਼ ਜਵਾਨਾਂ ਦੀ ਤਿੱਖੀ ਨਜ਼ਰ ਤੋਂ ਸ਼ਰਾਰਤੀ ਅਨਸਰ ਬਚ ਨਹੀਂ ਸਕਣਗੇ।
ਸਰਹੱਦ ਤੇ ਕੰਡਿਆਲੀ ਤਾਰ ਦਾ ਗੇਟ ਪਾਰ ਕਰਦਾ ਘੁਸਪੈਠੀਆ ਢੇਰ

Comment here