ਸਿਆਸਤਖਬਰਾਂ

ਸਰਹੱਦੀ ਖੇਤਰਾਂ ਦਾ ਵਿਕਾਸ ਰੱਖਿਆ ਰਣਨੀਤੀ ਦਾ ਪ੍ਰਮੁੱਖ ਹਿੱਸਾ-ਰਾਜਨਾਥ ਸਿੰਘ

ਨਵੀਂ ਦਿੱਲੀ– ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਸੁਰੱਖਿਆ ਬਲਾਂ ਦੀ ਹਿਫਾਜ਼ਤ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਚਰਚਾ ਕਰਦਿਆਂ  ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਨੂੰ ਵਧੇਰੇ ਸਹੂਲਤਾਂ ਮੁਹੱਈਆ ਕਰਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ। ਸੀਮਾ ਸੜਕ ਸੰਗਠਨ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਕਿਹਾ ਕਿ ਸਰਹੱਦੀ ਖੇਤਰਾਂ ਦਾ ਵਿਕਾਸ ਯਕੀਨੀ ਕਰਨਾ ਸਰਕਾਰ ਦੀ ਵਿਆਪਕ ਰੱਖਿਆ ਰਣਨੀਤੀ ਦਾ ਪ੍ਰਮੁੱਖ ਹਿੱਸਾ ਹੈ।  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਖੇਤਰਾਂ ’ਚ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਬੀ. ਆਰ. ਓ. ਦੀ ਵੀ ਸ਼ਲਾਘਾ ਕੀਤੀ।  ਪੂਰਬੀ-ਉੱਤਰੀ ਖੇਤਰ ਦੇ ਵਿਕਾਸ ਦਾ ਉਦਾਹਰਣ ਦਿੰਦੇ ਹੋਏ  ਕਿਹਾ ਕਿ ਇਹ ਹੁਣ ਦੇਸ਼ ਦੇ ਮੋਹਰੀ ਵਿਕਾਸ ਲਈ ‘ਨਵਾਂ ਪ੍ਰਵੇਸ਼ ਦੁਆਰ’ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਸੱਭਿਅਤਾ ਦੀ ਯਾਤਰਾ ’ਚ ਸੜਕਾਂ ਦਾ ਬਹੁਤ ਮਹੱਤਵ ਰਿਹਾ ਹੈ। ਰਾਜਨਾਥ ਨੇ ਅੱਗੇ ਕਿਹਾ ਕਿ ਸਿੱਖਿਆ, ਸਿਹਤ, ਵਪਾਰ, ਖੁਰਾਕ ਸਪਲਾਈ, ਫ਼ੌਜ ਦੀਆਂ ਮੁੱਢਲੀਆਂ ਜ਼ਰੂਰਤਾਂ, ਉਦਯੋਗ ਅਤੇ ਸਮਾਜਿਕ-ਆਰਥਿਕ ਤਰੱਕੀ ਨਾਲ ਜੁੜੇ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਸੜਕਾਂ ਅਤੇ ਪੁਲਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ।

Comment here