ਤਰਨ ਤਾਰਨ-ਥਾਣਾ ਸਰਹਾਲੀ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਆਰ.ਪੀ.ਜੀ. ਨਾਲ ਕੀਤੇ ਗਏ ਹਮਲੇ ਦੇ ਸੰਬੰਧ ਵਿਚ ਪੁਲਿਸ ਨੇ 4 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਆਰ.ਪੀ.ਜੀ. ਨਾਲ ਕੀਤੇ ਗਏ ਹਮਲੇ ਦੇ ਸੰਬੰਧ ਵਿਚ ਕੇਂਦਰੀ ਜਾਂਚ ਏਜੰਸੀਆਂ ਐੱਨ.ਆਈ.ਏ. ਤੇ ਸੀਐੱਸਐੱਫ਼ਐੱਲ. ਦੀਆਂ ਟੀਮਾਂ ਦੇ ਮੈਂਬਰਾਂ ਨੇ ਉਸ ਜਗ੍ਹਾ ਦਾ ਦੌਰਾ ਕੀਤਾ, ਜਿੱਥੇ ਅਣਪਛਾਤੇ ਵਿਅਕਤੀਆਂ ਵਲੋਂ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਇਹ ਮਾਮਲਾ ਹਾਈਪ੍ਰੋਫਾਈਲ ਹੋਣ ਕਾਰਨ ਐੱਨ.ਆਈ.ਏ. ਏਜੰਸੀ ਇਸ ਮਾਮਲੇ ਨੂੰ ਆਪਣੇ ਹੱਥ ਵਿਚ ਲੈ ਸਕਦੀ ਹੈ। ਯਾਦ ਰਹੇ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ ਥਾਣਿਆਂ ਅਤੇ ਸਰਕਾਰੀ ਇਮਾਰਤਾਂ ’ਤੇ ਹਮਲੇ ਦਾ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਸੀ ਪਰ ਉਸ ਦੇ ਬਾਵਜੂਦ ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਰਾਕੇਟ ਹਮਲੇ ਨੂੰ ਅੰਜਾਮ ਦੇ ਦਿੱਤਾ ਗਿਆ। ਦੂਸਰੀ ਤਰਫ਼ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਰਹਾਲੀ ਦੇ ਮੁਖੀ ਐੱਸ.ਐੱਚ.ਓ. ਪ੍ਰਕਾਸ਼ ਸਿੰਘ ਨੂੰ ਤਬਦੀਲ ਕਰ ਕੇ ਸੀ.ਆਈ.ਏ.ਸਟਾਫ਼ ਪੱਟੀ ਦਾ ਇੰਚਾਰਜ ਲਗਾ ਦਿੱਤਾ ਹੈ, ਜਦਕਿ ਸੀ.ਆਈ.ਏ.ਸਟਾਫ਼ ਪੱਟੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੂੰ ਥਾਣਾ ਸਰਹਾਲੀ ਦਾ ਨਵਾਂ ਐੱਸ.ਐੱਚ.ਓ. ਨਿਯੁਕਤ ਕਰ ਦਿੱਤਾ ਹੈ।ਆਈਜੀ ਪੰਜਾਬ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਵਿਚੋਂ ਦੋ ਨੇ ਹਮਲਾਵਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ। ਇਥੇ ਜਿਕਰਯੋਗ ਹੈ ਕਿ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਪੈਂਦੇ ਤਰਨ ਤਾਰਨ ਦੇ ਥਾਣਾ ਸਰਹਾਲੀ ’ਤੇ ਬੀਤੇ ਹਫਤੇ ਰਾਤ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਉਪਰ ਆਰ.ਪੀ.ਜੀ. ਨਾਲ ਗ੍ਰਨੇਡ ਹਮਲਾ ਕੀਤਾ ਗਿਆ ਸੀ।
Comment here