ਸਿਆਸਤਖਬਰਾਂ

ਸਰਕਾਰ ਸਵੈ-ਰੁਜ਼ਗਾਰ ਅਧੀਨ ਨੌਜਵਾਨਾਂ ਨੂੰ ਦੇਵੇਗੀ ਵਿੱਤੀ ਮਦਦ—ਮਨੋਜ ਸਿਨਹਾ

ਸ਼੍ਰੀਨਗਰ-ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸਵੈ-ਰੁਜ਼ਗਾਰ ਯੋਜਨਾ ਦੀ ਸਮੀਖਿਆ ਕਰਦਿਆਂ ਕਿਹਾ ਕਿ 2 ਲੱਖ ਨੌਜਵਾਨਾਂ ਨੂੰ ਸਰਕਾਰ ਸਵੈ-ਰੁਜ਼ਗਾਰ ਯੋਜਨਾ ਦੇ ਅਧੀਨ ਵਿੱਤੀ ਮਦਦ ਪ੍ਰਦਾਨ ਕਰੇਗੀ। ਇਸ ਯੋਜਨਾ ’ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪਿਛੜਾ ਵਰਗ ਅਤੇ ਮਹਿਲਾ ਉੱਦਮੀਆਂ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾਵੇਗੀ। ਇਹ ਐਲਾਨ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਸਵੈ-ਰੁਜ਼ਗਾਰ ਯੋਜਨਾ ਦੀ ਸਮੀਖਿਆ ਦੌਰਾਨ ਕੀਤਾ। ਸਿਨਹਾ ਨੇ ਕਿਹਾ ਕਿ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਸਮੇਂ ’ਤੇ ਪੂਰਾ ਕਰਨ ਲਈ ਸਮਰੱਥਾ ਵਿਕਾਸ ਵਿਭਾਗ ਤਕਨੀਕੀ ਦਾ ਵੱਧ ਤੋਂ ਵੱਧ ਇਸਤੇਮਾਲ ਕਰੇ। ਉਨ੍ਹਾਂ ਕਿਹਾ ਕਿ ਸਾਰੇ ਡੀ.ਸੀ. ਦੂਰ ਅਤੇ ਸਰਹੱਦੀ ਇਲਾਕਿਆਂ ’ਚ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਮੂਲਭੂਤ ਸਹੂਲਤਾਵਾਂ ਪਹੁੰਚਾਉਣ। ਬੈਂਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਕਰਨ ਕਿ ਕੋਈ ਵੀ ਯੋਗ ਉਮੀਦਵਾਰ ਵਿੱਤੀ ਮਦਦ ਪ੍ਰਾਪਤ ਕਰਨ ਦੀ ਯੋਜਨਾ ਤੋਂ ਵਾਂਝੇ ਨਾ ਰਹੇ। ਇਸ ਲਈ ਬੈਂਕ ਨੋਡਲ ਅਧਿਕਾਰੀ ਨਿਯੁਕਤ ਕਰੇ ਜੋ ਰੁਜ਼ਗਾਰ ਸਿਰਜਣ (ਪੈਦਾ ਕਰਨ) ਯੋਜਨਾ ਦੇ ਅਧੀਨ ਸਮੇਂ ਸਿਰ ਕਰਜ਼ ਵੰਡ ਯਕੀਨੀ ਕਰੇਗਾ।
ਮਨੋਜ ਸਿਨਹਾ ਨੇ ਸਰਹੱਦੀ ਅਤੇ ਦੂਰ ਦੇ ਇਲਾਕਿਆਂ ’ਤੇ ਖ਼ਾਸ ਧਿਆਨ ਦਿੰਦੇ ਹੋਏ ਹਰੇਕ ਪੰਚਾਇਤ ਤੋਂ ਘੱਟੋ-ਘੱਟ 5 ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਚੁਣਨ ਲਈ ਕਿਹਾ। ਸਵੈ-ਰੁਜ਼ਗਾਰ ਨੌਜਵਾਨਾਂ ਦੇ ਅਮਲ ਅਤੇ ਜ਼ਮੀਨੀ ਪੱਧਰ ਤੱਕ ਪਹੁੰਚ ਬਣਾਉਣ ਲਈ ਸਮਾਨ ਡੈਸ਼ਬੋਰਡ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਵਿਵਸਥਾ ਤੋਂ ਪਤਾ ਲਗਾਇਆ ਜਾਵੇਗਾ ਕਿ ਯੋਗ ਲੋਕਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ ਜਾਂ ਨਹੀਂ। ਉਨ੍ਹਾਂ ਨੇ ਬੈਂਕਾਂ ਦੇ ਨਕਦੀ ਜਮ੍ਹਾ ਅਨੁਪਾਤ ਦੇ ਘੱਟ ਹੋਣ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਸਾਰੇ ਬੈਂਕ ਇਸ ਸੀਮਾ ਨੂੰ ਘੱਟੋ-ਘੱਟ 40 ਫੀਸਦੀ ਤੋਂ ਵੱਧ ਵਧਾਉਣ। ਹਸਤਸ਼ਿਲਪ ਅਤੇ ਸਥਾਨਕ ਉਤਪਾਦਾਂ ਨੂੰ ਬਜ਼ਾਰ ਉਪਲੱਬਧ ਕਰਵਾਉਣ ਦੀ ਹਿਦਾਇਤ ਦਿੰਦੇ ਹੋਏ ਕਿਹਾ ਕਿ ਸਾਰੇ ਵਿਭਾਗੀ ਸਕੱਤਰ ਅਤੇ ਡੀ.ਸੀ. ਕਿਸਾਨ ਕ੍ਰੇਡਿਟ ਕਾਰਡ, ਮੁਦਰਾ, ਫਸਲ ਬੀਮਾ ਯੋਜਨਾ ਅਤੇ ਹੋਰ ਯੋਜਨਾਵਾਂ ਦਾ ਲਾਭ ਅੰਤਿਮ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਕਰੇ।

Comment here