ਸਿਆਸਤਖਬਰਾਂਦੁਨੀਆ

ਸਰਕਾਰ ਦਾ ਕੰਮ ਠੱਪ ਕਰਨਾ ਚਾਹੁੰਦੇ ਨੇ ਰਿਪਬਲਿਕਨ-ਬਾਈਡੇਨ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ‘ਤੇ ਲੱਗੇ ਮਹਾਦੋਸ਼ ਦੀ ਜਾਂਚ ਬਾਰੇ ਅਹਿਮ ਖ਼ਬਰ ਸਾਹਮਣੇ ਆਈ ਹੈ।ਬਾਈਡੇਨ ਨੇ ਬੁੱਧਵਾਰ ਦੇਰ ਰਾਤ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਰਿਪਬਲਿਕਨ ਨੇਤਾਵਾਂ ਦੀ ਮਹਾਦੋਸ਼ ਜਾਂਚ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਰਿਪਬਲਿਕਨ ਨੇਤਾਵਾਂ ਨੇ ਉਸ ਵਿਰੁੱਧ ਜਾਂਚ ਸ਼ੁਰੂ ਕੀਤੀ ਕਿਉਂਕਿ ਉਹ ਸੰਘੀ ਸਰਕਾਰ ਦਾ ਕੰਮਕਾਜ ਠੱਪ ਕਰਨਾ ਚਾਹੁੰਦੇ ਸਨ। ਵਰਜੀਨੀਆ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਫੰਡਰੇਜ਼ਰ ਵਿਚ ਬੋਲਦਿਆਂ ਬਾਈਡੇਨ ਨੇ ਕਿਹਾ ਕਿ ਜਾਂਚ ਬਾਰੇ ਚਿੰਤਾ ਕਰਨ ਦੀ ਬਜਾਏ, “ਮੈਂ ਉਨ੍ਹਾਂ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਜਿਨ੍ਹਾਂ ‘ਤੇ ਅਮਰੀਕੀ ਲੋਕ ਚਾਹੁੰਦੇ ਹਨ ਕਿ ਮੈਂ ਧਿਆਨ ਦੇਵਾਂ।”
ਰਾਸ਼ਟਰਪਤੀ ਦੀਆਂ ਪਹਿਲੀਆਂ ਟਿੱਪਣੀਆਂ ਸਪੀਕਰ ਕੇਵਿਨ ਮੈਕਕਾਰਥੀ ਦੁਆਰਾ ਬਾਈਡੇਨ ਵਿਰੁੱਧ ਮਹਾਦੋਸ਼ ਜਾਂਚ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਈਆਂ। ਬਾਈਡੇਨ ਨੇ ਕਿਹਾ ਕਿ “ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਮੇਰੇ ‘ਤੇ ਮਹਾਦੋਸ਼ ਚਲਾਉਣਾ ਚਾਹੁੰਦੇ ਹਨ ਕਿਉਂਕਿ ਉਹ ਸਰਕਾਰ ਦਾ ਕੰਮਕਾਜ ਠੱਪ ਕਰਨਾ ਚਾਹੁੰਦੇ ਹਨ,”। ਬਾਈਡੇਨ ਨੇ 2024 ਦੀਆਂ ਚੋਣਾਂ ਵਿੱਚ ਆਪਣੇ ਮੁੱਖ ਵਿਰੋਧੀ ਡੋਨਾਲਡ ਟਰੰਪ ਦੀ ਚੋਟੀ ਦੀ ਸਹਿਯੋਗੀ ਮਾਰਜੋਰੀ ਟੇਲਰ ਗ੍ਰੀਨ ਦਾ ਵੀ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ”ਸਭ ਤੋਂ ਪਹਿਲਾਂ ਕੰਮ ਜੋ ਉਹ ਕਰਨਾ ਚਾਹੁੰਦੀ ਸੀ, ਉਹ ਬਾਈਡੇਨ ‘ਤੇ ਮਹਾਦੋਸ਼ ਚਲਾਉਣਾ ਸੀ।”
ਬਾਈਡੇਨ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ”ਦੇਖੋ, ਮੈਨੂੰ ਇਕ ਕੰਮ ਮਿਲ ਗਿਆ ਹੈ। ਮੈਂ ਉਨ੍ਹਾਂ ਮੁੱਦਿਆਂ ਨਾਲ ਨਜਿੱਠਣਾ ਹੈ ਜੋ ਹਰ ਰੋਜ਼ ਅਮਰੀਕੀ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ।” ਆਪਣੇ ਬੇਟੇ ਹੰਟਰ ਅਤੇ ਪਰਿਵਾਰਕ ਵਿੱਤੀ ਕਾਰੋਬਾਰੀ ਸੌਦਿਆਂ ਨੂੰ ਲੈ ਕੇ ਬਾਈਡੇਨ ਵਿਰੁੱਧ ਮਹਾਦੋਸ਼ ਦੀ ਜਾਂਚ ਦੇ ਨਿਰਦੇਸ਼ ਦੇਣ ਦੇ ਮੈਕਕਾਰਥੀ ਦੇ ਅਚਾਨਕ ਫ਼ੈਸਲੇ ਨੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਖੁਸ਼ ਕੀਤਾ। ਕੁਝ ਸੰਸਦ ਮੈਂਬਰ ਤੇਜ਼ ਕਾਰਵਾਈ ਲਈ ਜ਼ੋਰ ਦੇ ਰਹੇ ਹਨ, ਜਦੋਂ ਕਿ ਦੂਸਰੇ ਉਮੀਦ ਕਰਦੇ ਹਨ ਕਿ ਇਹ ਕਾਰਵਾਈ ਚੋਣ ਸਾਲ 2024 ਤੱਕ ਖਿੱਚੀ ਜਾ ਸਕਦੀ ਹੈ। ਮੈਕਕਾਰਥੀ ਨੇ ਬੁੱਧਵਾਰ ਨੂੰ ਪ੍ਰਤੀਨਿਧੀ ਸਭਾ ਵਿੱਚ ਰਿਪਬਲਿਕਨ ਨੇਤਾਵਾਂ ਨਾਲ ਇੱਕ ਨਿੱਜੀ ਮੀਟਿੰਗ ਕੀਤੀ, ਜਿਸ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਦੁਆਰਾ ਮੰਗੀ ਗਈ ਜਾਂਚ ਲਈ ਆਪਣੀ ਦਲੀਲ ਨੂੰ ਜਾਇਜ਼ ਠਹਿਰਾਇਆ।

Comment here