ਸਿਆਸਤਖਬਰਾਂਚਲੰਤ ਮਾਮਲੇ

ਸਰਕਾਰੀ ਕੋਠੀਆਂ ਅਲਾਟ ਮਾਮਲੇ ’ਚ ਬਾਜਵਾ ਨੇ ‘ਆਪ’ ਸਰਕਾਰ ਘੇਰੀ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਪੁਰਾਣੀਆਂ ਰਵਾਇਤਾਂ ਨੂੰ ਬਦਲਦੇ ਹੋਏ ਕੁਝ ਵਿਧਾਇਕਾਂ ਨੂੰ ਮੰਤਰੀ ਪੱਧਰ ਦੀਆਂ ਸਰਕਾਰੀ ਕੋਠੀਆਂ ਅਲਾਟ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਸਕੱਤਰ ਨੂੰ ਵੀ ਮੰਤਰੀ ਪੱਧਰ ਦਾ ਸਰਕਾਰੀ ਮਕਾਨ ਅਲਾਟ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਸਬੰਧਤ ਸੂਚੀ ਜਨਤਕ ਕਰਦੇ ਹੋਏ ਮਾਨ ਸਰਕਾਰ ਨੂੰ ਘੇਰਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਫੇਸਬੁੱਕ ’ਤੇ ਸੂਚੀ ਸਾਂਝੀ ਕਰਦੇ ਹੋਏ ਕਿਹਾ ਕਿ 70 ਸਾਲ ਵਿਚ ਅੱਜ ਤੱਕ ਕਿਸੇ ਪਾਰਟੀ ਨੇ ਕਿਸੇ ਵਿਧਾਇਕ ਨੂੰ ਕਦੇ ਵੀ ਮੰਤਰੀਆਂ ਵਾਲਾ ਮਕਾਨ ਅਲਾਟ ਨਹੀਂ ਕੀਤਾ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੂੰ ਮੰਤਰੀਆਂ ਵਾਲਾ ਮਕਾਨ ਨੰ 951 ਸੈਕਟਰ 39 ਚੰਡੀਗੜ੍ਹ ’ਚ ਅਲਾਟ ਕਰ ਦਿੱਤਾ।
ਬਾਜਵਾ ਨੇ ਕਿਹਾ ਕਿ ਕੀ ਇਹ ਅਸਲ ਵਿਚ ਪੰਜਾਬ ਦਾ ਬਦਲਾਅ ਹੈ। ਕੀ ਵਿਧਾਇਕਾਂ ਨੂੰ ਵੀ ਮੰਤਰੀ ਅਹੁਦੇ ਦੀਆਂ ਸਹੂਲਤਾਂ ਮਿਲਣਗੀਆਂ? ਪੰਜਾਬ ਵਿਚ ‘ਆਪ’ ਦਾ ਆਪਰੇਸ਼ਨ ਲੋਟਸ ਦਾ ਰੌਲਾ, ਕੀ ਇਹ ਸਹੂਲਤਾਂ ਦੇਣਾ ਪਾਰਟੀ ਵਿਚ ਬਾਗੀ ਆਵਾਜ਼ਾਂ ਨੂੰ ਸ਼ਾਂਤ ਕਰਨ ਦਾ ਸੰਕੇਤ ਤਾਂ ਨਹੀਂ? ਕੀ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਮੰਤਰੀ ਜਾਂ ਵਿਧਾਇਕ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਤਿੰਨ ਵਿਧਾਇਕਾਂ ਨੂੰ ਮੰਤਰੀਆਂ ਵਾਲੇ ਘਰ ਕਿਵੇਂ ਵੰਡੇ ਗਏ ਹਨ?
ਇਸੇ ਤਰ੍ਹਾਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ 964 ਨੰਬਰ ਅਤੇ ਡੇਰਾ ਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮੰਤਰੀਆਂ ਵਾਲਾ ਮਕਾਨ ਨੰ : 965 ਅਲਾਟ ਕੀਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਸੇ ਤਰ੍ਹਾਂ ਸਾਰੀਆਂ ਪ੍ਰੰਪਰਾਵਾਂ ਅਤੇ ਕਾਨੂੰਨ ਨੂੰ ਤੋੜਦੇ ਹੋਏ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੁਖਬੀਰ ਸਿੰਘ ਨੂੰ ਵੀ ਸਰਕਾਰੀ ਮਕਾਨ ਨੰ: 11 ਸੈਕਟਰ 7 ਅਲਾਟ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਨੇ ਆਪਣੇ ਫੇਸਬੁੱਕ ਪੇਜ ‘ਤੇ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਸੰਬੰਧੀ ਆਮ ਰਾਜ ਪ੍ਰਬੰਧ ਹੁਕਮਾਂ ਦੀ ਕਾਪੀ ਸਾਂਝੀ ਕਰਦੇ ਹੋਏ ਇਸ ਫ਼ੈਸਲੇ ’ਤੇ ਸਵਾਲ ਚੁੱਕੇ ਹਨ।

Comment here