ਇੱਥੇ ਨਾਵਾਂ ਥਾਵਾਂ ਦਾ ਵੇਰਵਾ ਤਾਂ ਕਾਹਨੂੰ ਲਿਖਣਾ ਐਂ, ਦੇਖੀਆਂ ਸੁਣੀਆਂ ਦੋ ਘਟਨਾਵਾਂ ਦਾ ਵਰਨਣ ਕਰ ਰਿਹਾ ਹਾਂ! ਸ਼ਾਮ ਵੇਲੇ ਨਸ਼ੇੜੀ ਬਾਪ ਨਾਲ ਪੁੱਤ ਝਗੜ ਪਿਆ। ਕੁਥਾਂਹ ਲਾਠੀ ਵੱਜਣ ਨਾਲ ਪਿਉ ਥਾਏਂ ਢੇਰੀ ਹੋ ਗਿਆ। ਸਾਹਮਣੇ ਮੰਜੇ ‘ਤੇ ਬੈਠੀ ਮੁੰਡੇ ਦੀ ਦਾਦੀ ਨੇ ਆਪਣੀਆਂ ਅੱਖਾਂ ਸਾਹਵੇਂ ਪੁੱਤ ਮਰਦਾ ਦੇਖਿਆ। ਵਿਰਲਾਪ ਕਰਦੀ ਨੇ ਕੀਰਨੇਂ ਪਾਏ ਕਿ ਭਾਵੇਂ ਹੁਣ ਮੇਰੀ ਸਾਰੀ ਜਮੀਨ ਵਿਕ ਜਾਏ ਪਰ ਦੈਂਤ ਬਣੇ ਛੋਕਰੇ ਨੂੰ ਤਾਂ ਫਾਂਸੀ ਲਵਾਊਂ ਜਿਸ ਪਾਪੀ ਨੇ ਮੇਰੇ ਸਾਹਮਣੇ ਮੇਰਾ ਨਿਹੱਥਾ ਪੁੱਤ ਮਾਰ ਦਿੱਤਾ!
ਸਵੇਰੇ ਪੁਲੀਸ ਨੇ ਆਉਣਾ ਸੀ। ਪਿੰਡ ਦੇ ਮੋਹਤਬਰ ਬੰਦੇ ਕਤਲ ਵਾਲ਼ੇ ਘਰੇ ‘ਕੱਠੇ ਹੋਏ…ਬਜੁਰਗ ਮਾਈ ਨੂੰ ਸਮਝਾਉਣ ਲੱਗੇ ਕਿ ਭਾਈ ਜੋ ਹੋਣਾ ਸੀ ਸੋ ਹੋ ਗਿਆ, ਹੁਣ ਟੱਬਰ ਦਾ ‘ਅੱਗਾ’ ਵਿਚਾਰੋ !
ਸਵੇਰੇ ਪੁਲੀਸ ਆਈ ‘ਤੇ ਮਾਈ ਨੇ ਬਿਆਨ ਬਦਲ ਲਏ ਅਖੇ ਕਤਲ ਵੇਲੇ ਮੈਂ ਵਿਹੜੇ ‘ਚ ਜਰੂਰ ਬੈਠੀ ਸੀ ਪਰ ਮੈਨੂੰ ਅੱਖਾਂ ਤੋਂ ਬਹੁਤ ਝੌਲ਼ਾ ਦਿਸਦਾ ਐ…ਮੈਂਨੂੰ ਪਤਾ ਨੀ ਕਿਹਨੇ ਮੇਰੇ ਪੁੱਤ ਦੇ ਕੀ ਮਾਰਿਆ !
ਦਾਦੀ ਦੇ ਏਸ ਬਿਆਨ ਕਾਰਨ ਪਹਿਲਾਂ ਤਾਂ ਪੋਤੇ ਦੀ ਬੜੀ ਜਲਦੀ ਜ਼ਮਾਨਤ ਹੋ ਗਈ ਤੇ ਫਿਰ ਛੇਤੀ ਹੀ ਉਹ ਕਤਲ ਕੇਸ ‘ਚੋਂ ਬਰੀ ਵੀ ਹੋ ਗਿਆ!
ਉਹਦੇ ਬਰੀ ਹੋਣ ਤੋਂ ਕੁੱਝ ਕੁ ਦਿਨਾਂ ਬਾਅਦ ਬਿਲਕੁਲ ਨਾਲ਼ ਲਗਦੇ ਪਿੰਡ, ਪਿਉ ਕੋਲੋਂ ਜਮੀਨ ਦਾ ਹਿੱਸਾ ਮੰਗਦੇ ਇੱਕ ਅਣਵਿਆਹੇ ਮੁੰਡੇ ਨੇ ਲੜਾਈ ਕਰਦਿਆਂ ਆਪਣੇ ਪਿਉ ਦੇ ਕੁਹਾੜੀ ਮਾਰੀ ! ਹਸਪਤਾਲ਼ੋਂ ਪੱਟੀ ਵਗੈਰਾ ਕਰਾ ਕੇ ਘਰੇ ਆਏ ਪਿਉ ਦੀ ਖਬਰਸਾਰ ਲੈਣ ਆਏ ਲੋਕ ਮੁੰਡੇ ਨੂੰ ਲਾਹਣਤਾਂ ਪਾਉਣ ਕਿ ਕਮਲ਼ਿਆ ਜੇ ਤੇਰਾ ਬਾਪ ਮਰ ਜਾਂਦਾ ਫੇਰ ?
ਬਾਂਦਰ ਮੁੰਡਾ ਗੁਆਂਢੀ ਪਿੰਡ ਵਾਲ਼ੇ ਬਰੀ ਹੋ ਕੇ ਆਏ ਕਾਤਲ ਮੁੰਡੇ ਦਾ ਨਾਂ ਲੈ ਕੇ ਕਹੇ ਅਖੇ ਫੇਰ ਕੀ ਹੋ ਜਾਣਾ ਸੀ ? ਮੈਂ ਵੀ ਫਲਾਣੇ ਵਾਂਗ ਛੇਤੀ ਛੁੱਟ ਕੇ ਆ ਹੀ ਜਾਣਾ ਸੀ !!
…ਇਖਲਾਕੀ ਬਦਤਮੀਜੀ ਦਾ ਸ਼ਿਕਾਰ ਹੋਈਆਂ ਭਲਵਾਨ ਕੁੜੀਆਂ ਦੇਸ ਦੀ ਰਾਜਧਾਨੀ ‘ਚ ਕਈ ਮਹੀਨੇ ਬਹਿ ਕੇ ਪਿੱਟ ਹਟੀਆਂ ਪਰ ਗੁਨਾਹਗਾਰ ਦੀ ਸਰਕਾਰੀ ਪੁਸ਼ਤਪਨਾਹੀ ਕੀਤੀ ਗਈ!
…ਸਾਧਵੀਆਂ ਦੀ ਇਜੱਤ ਨਾਲ ਖੇਡ੍ਹਣ ਅਤੇ ਕਤਲ ਵਰਗੇ ਘੋਰ ਜ਼ੁਰਮਾਂ ਕਾਰਨ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਇੱਕ ਗੁੰਡੇ ਨੂੰ ਵਾਰ ਵਾਰ ‘ਪੈਰੋਲ ਦੇ ਗੱਫੇ’ ਦਿੱਤੇ ਜਾ ਰਹੇ ਨੇ !!
ਸੋ ਬਦਮਾਸ਼ੀ ਕਰਨ ਲਈ ਮਨੀ ਪੁਰ ਵਾਲ਼ਿਆਂ ਦੇ ਹਿਆਂ ਤੇ ਹੌਂਸਲੇ ਕਿਉਂ ਨਾ ਵਧਣ ਜੀ?
-ਤਰਲੋਚਨ ਸਿੰਘ ‘ਦੁਪਾਲ ਪੁਰ’
Comment here