ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਸਮਾਜ ਦੀ ਬੁਨਿਆਦ-ਸਿਹਤ ਅਤੇ ਸਿੱਖਿਆ

ਸਮਾਜ, ਸਿਹਤ ਅਤੇ ਸਿੱਖਿਆ ਇੱਕ ਦੂਜੇ ਤੋਂ ਬਿਨਾਂ ਅਧੂਰੀਆਂ ਹਨ। ਇਸੇ ਲਈ ਸਾਡੀ ਸਿੱਖਿਆ ਨੀਤੀ ਵਿੱਚ ਸਮਾਜ- ਸ਼ਾਸ਼ਤਰ, ਸਿਹਤ ਵਿਗਿਆਨ ਅਤੇ ਸਮੇਂ- ਸਮੇਂ ਤੇ ਸਿੱਖਿਆ ਨੀਤੀ ਦਾ ਮੁਲੰਕਣ ਕਰਨਾ ਸ਼ਾਮਿਲ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਇਸ ਲਈ ਸਮਾਜ ਵਿੱਚ ਜੀਊਣ ਲਈ ਕਨੂੰਨੀ ਤੇ ਨੈਤਿਕ ਨਿਯਮਾਂਵਲੀ ਨਿਰਧਾਰਤ ਕੀਤੀ ਗਈ ਹੈ। ਜੇ ਇਹ ਨਾ ਹੋਣ ਤਾਂ ਸਮਾਜ ਵਿੱਚ ਹਿੰਸਾ ਅਤੇ ਅਰਾਜਕਤਾ ਰਹੇਗੀ। ਸੱਭਿਅਤਾ ਦੇ ਵਿਕਾਸ ਦੇ ਨਾਲ – ਨਾਲ ਹਮੇਸ਼ਾ ਇਹਨਾਂ ਪ੍ਰਤੀ ਨੀਤੀਆਂ ਨੂੰ ਸਰਕਾਰ ਵੱਲੋਂ ਸਮੇਂ ਦਾ ਹਾਣੀ ਬਣਾਉਣ ਲਈ ਉਪਰਾਲੇ ਕੀਤੇ ਗਏ। ਪੁਰਾਣੇ ਸਮੇਂ ਦੀ ਕੋਈ ਅਖਬਾਰੀ ਜਾਂ ਕਿਤਾਬੀ ਕਾਤਰ ਇਸ ਵਿਸ਼ੇ ਬਾਰੇ ਪੜ੍ਹੀਏ ਤਾਂ ਕੰਬਣੀ ਛਿੜਦੀ ਹੈ ਕਿ ਮਨੁੱਖ ਕਿੰਨੇ ਭੈਭੀਤ ਮਾਹੌਲ ਵਿੱਚ ਜੀਉਂਦਾ ਹੁੰਦਾ ਸੀ। ਰੋਟੀ , ਕਪੜੇ , ਸਿਹਤ ਅਤੇ ਇੱਜ਼ਤ ਬਚਾਉਣ ਲਈ ਆਪਣੇ ਬਚਾਓ ਵਿੱਚ ਲੱਗਿਆ ਰਹਿੰਦਾ ਸੀ । ਇਸੇ ਪ੍ਰਸੰਗ ਵਿੱਚ ਘੋਖਿਆ ਜਾਵੇ ਤਾਂ ਅਜੋਕੇ ਵਿਕਾਸਸ਼ੀਲ ਸਮਾਜ ਲਈ ਵੀ ਸਿਹਤ ਅਤੇ ਸਿੱਖਿਆ ਸਭ ਤੋਂ ਸ਼ਿਖਰ ਹੈ। ਦੋਵਾਂ ਤੋਂ ਬਿਨਾਂ ਸਮਾਜ ਦੀ ਪਰੀਭਾਸ਼ਾ ਨਹੀਂ ਹੈ। ਨਾਂ ਹੀ ਮਨੁੱਖ ਸਮਾਜਿਕ ਪ੍ਰਾਣੀ ਦਾ ਦਰਜਾ ਪਾ ਸਕਦਾ ਹੈ।
ਸਿਹਤ ਲਈ ਸਿੱਖਿਆ ਅਤੇ ਸਿੱਖਿਆ ਲਈ ਸਮਾਜਿਕ ਨੈਤਿਕਤਾ ਜ਼ਰੂਰੀ ਹੈ। ਜਿਵੇਂ ਮਨੁੱਖ ਦਾ ਸ਼ਰੀਰ ਨਾਲ ਅਤੇ ਸ਼ਰੀਰ ਦਾ ਰੂਹ ਨਾਲ ਸਬੰਧ ਹੈ , ਠੀਕ ਇਸੇ ਤਰ੍ਹਾਂ ਹੀ ਸਮਾਜ ਸਿਹਤ ਅਤੇ ਸਿੱਖਿਆ ਦਾ ਵੀ ਇਹੀ ਸੰਬੰਧ ਹੈ। ਸਿੱਖਿਆ ਨੂੰ ਬੁਨਿਆਦੀ ਹੱਕ ਹੈ, ਪਰ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੀ ਮਨਮਾਨੀ ਹਿਲਜੁਲ ਕਰਦੀ ਰਹਿੰਦੀ ਹੈ। 1976 ਤੋਂ ਆਂਗਣਵਾੜੀਆਂ ਸਿਹਤ, ਸਿੱਖਿਆ ਅਤੇ ਸਮਾਜ ਦੇ ਸਮਤੋਲ ਲਈ ਕੰਮ ਕਰ ਰਹੀਆਂ ਹਨ। ਇਹਨਾਂ ਤੋਂ ਪਹਿਲਾਂ 6 ਸਾਲ ਦਾ ਬੱਚਾ ਸਕੂਲ ਭੇਜਿਆ ਜਾਂਦਾ ਸੀ ਪਰ ਹੁਣ ਇਹ 0 ਤੋਂ 6 ਸਾਲ ਦੇ ਬੱਚਿਆਂ ਦਾ ਹਰ ਪੱਖ ਤੋਂ ਸਮਾਜੀਕਰਨ ਕਰ ਰਹੀਆਂ ਹਨ । ਸੋਵੀਅਤ ਸਿੱਖਿਆ ਸ਼ਾਸ਼ਤਰੀ ਅਨਤੋਨ ਸੇਮੀਓਨੋ ਕਹਿੰਦੇ ਹਨ ‘ਵਿਅਕਤੀ ਜੋ ਕੁਝ ਹੋਵੇਗਾ ਉਹ ਪੰਜ ਸਾਲ ਦੀ ਉਮਰ ਤੱਕ ਬਣ ਜਾਂਦਾ ਹੈ।’
ਪਿਛਲੇ ਸਮਿਆਂ ਵਿੱਚ ਛੇ ਸਾਲ ਤੋਂ ਪਹਿਲਾਂ ਉਹਨਾਂ ਦਾ ਸਮਾਜੀ ਕਰਨ ਘਰ ਪਰਿਵਾਰ ਵਿੱਚ ਹੀ ਹੁੰਦਾ ਸੀ, ਜੋ ਕਿ ਬਹੁਪੱਖੀ ਨਹੀਂ ਹੁੰਦਾ ਸੀ। ਬਹੁਤੀ ਜਗ੍ਹਾ ਸਹੂਲਤਾਂ , ਅਨਪੜ੍ਹਤਾ ਅਤੇ ਪੈਸੇ ਨਾ ਹੋਣ ਕਰਕੇ ਉਹ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਸਨ। 1964-1966 ਵਿੱਚ ਕੋਠਾਰੀ ਕਮਿਸ਼ਨ ਅਤੇ 1986 ਵਿੱਚ ਸਿੱਖਿਆ ਨੀਤੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਹੁਣ ਵੀ ਭਾਰਤ ਸਰਕਾਰ ਨੇ ਨਵੀਂ ਨੀਤੀ ਦਾ ਆਗਾਜ਼ ਕੀਤਾ ਹੈ। ਸਿੱਖਿਆ ਤੋਂ ਬਿਨਾ ਆਦਮੀ ਸਮਾਜਿਕ ਪ੍ਰਾਣੀ ਨਹੀਂ ਬਲਕਿ ਪੁਰਾਤਨ ਆਦਿ ਮਾਨਸ ਵਰਗਾ ਹੀ ਲੱਗਦਾ ਹੈ। ਇਸ ਸਥਿਤੀ ਵਿੱਚ ਜੀਉਣ ਦਾ ਕੋਈ ਫਾਇਦਾ ਨਹੀਂ ਹੈ।
ਸਿਹਤ ਅਨਮੋਲ ਖਜ਼ਾਨਾ ਹੈ ਇਸ ਲਈ ਇਸਦਾ ਗਿਆਨ ਵੀ ਸਿੱਖਿਆ ਤੋਂ ਹੀ ਮਿਲਦਾ ਹੈ। ‘ਇਲਾਜ ਨਾਲੋਂ ਪਰਹੇਜ਼ ਚੰਗਾ’ ਸ਼ਬਦ ਵੀ ਸਿੱਖਿਆ ਅਤੇ ਸਮਾਜੀਕਰਨ ਦਾ ਹਿੱਸਾ ਹਨ। ਸਿਹਤ ਤੋਂ ਬਿਨਾ ਅਤੇ ਕੁਪੋਸ਼ਣ ਨਾਲ ਸਮਾਜ ਵਿੱਚ ਮੁਰਦਾ ਸ਼ਾਂਤੀ ਨਾਲ ਜੀਉਣਾ ਪੈਂਦਾ ਹੈ। ਸ਼ਰੀਰਕ ਅਤੇ ਮਾਨਸਿਕ ਪੱਖੋਂ ਨਿਰੋਗ ਹੋਣ ਹੀ ਅਸਲੀ ਸਿਹਤ ਹੈ। ਇਸ ਲਈ ਸਮਾਜ ਦੀ ਬੁਨਿਆਦ ਲਈ ਸਿਹਤ ਅਤੇ ਸਿੱਖਿਆ ਜ਼ਰੂਰੀ ਹੈ। 1948 ਵਿੱਚ ਸੰਸਾਰ ਸਿਹਤ ਸੰਸਥਾ ਨੇ ਸਿਹਤ ਦੀ ਪਰੀਭਾਸ਼ਾ ਇਉਂ ਦਿੱਤੀ ‘ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਪੂਰੀ ਸਿਹਤ ਮਨੁੱਖ ਦੀ ਅਮੁੱਲ ਸੰਪਤੀ ਹੈ।’
ਜੀਵਨ ਅਮੁੱਲ ਹੈ ਇਸ ਲਈ ਸਮਾਜ ਵਿੱਚ ਸਿਹਤ ਅਤੇ ਸਿੱਖਿਆ ਦਾ ਸੁਮੇਲ ਵਜੋਂ ਕੰਮ ਕਰਨਾ ਜ਼ਰੂਰੀ ਹੈ ਜੋ ਕਿ ਹੈ ਵੀ। ਚੰਗੀ ਸਿਹਤ ਬਾਰੇ ਸਾਡੀ ਮਹਾਨ ਗੁਰਬਾਣੀ ਹੁਕਮ ਕਰਦੀ ਹੈ ‘ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨਿ ਮਹਿ ਚਲਹੁ ਵਿਕਾਰ’ ਗੁਰਬਾਣੀ ਵਿੱਚ ਵੱਖ-ਵੱਖ ਪੱਖਾਂ ਦੀਆਂ ਉੱਤਮ ਉਧਾਰਨਾਂ ਹਨ। ਸਾਡਾ ਕਲਿਆਣਕਾਰੀ ਢਾਂਚਾ ਸਿਹਤ ਸਿੱਖਿਆ ਅਤੇ ਅਦਰਸ਼ ਸਮਾਜ ਦੀ ਗਵਾਹੀ ਭਰਦਾ ਹੈ। ਇਸ ਲਈ ਪਰਖ ਪੜਚੋਲ ਕਰਕੇ ਇਸ ਸਿੱਟੇ ਤੇ ਪੁੱਜਿਆ ਜਾਂਦਾ ਹੈ ਕਿ ਸਮਾਜ ਵਿੱਚ ਜੀਉਣ ਲਈ ਸਿਹਤ ਅਤੇ ਸਿੱਖਿਆ ਜ਼ਰੂਰੀ ਹੈ। ਆਓ ਸਿਹਤ ਸੰਭਾਲ ਅਤੇ ਸਿੱਖਿਆ ਗ੍ਰਹਿਣ ਕਰੀਏ ਤਾਂ ਜੋ ਆਦਰਸ਼ ਸਮਾਜ, ਪੰਜਾਬ ਅਤੇ ਦੇਸ਼ ਬੁਲੰਦੀਆਂ ਛੂੰਹਣ ਵੱਲ ਜਾ ਕੇ ਬਹੁਪੱਖੀ ਖੁਸ਼ਹਾਲੀ ਆਵੇ।

Comment here