ਸਿਆਸਤਵਿਸ਼ੇਸ਼ ਲੇਖ

ਸਮਾਜ ਘਾੜੇ ਹੁੰਦੇ ਨੇ ਅਧਿਆਪਕ

ਅਧਿਆਪਕ ਦਿਵਸ ਮੌਕੇ ਵਿਸ਼ੇਸ਼

ਸ਼੍ਰੀ ਬੰਡਾਰੂ ਦੱਤਾਤ੍ਰੇਅ (ਮਾਣਯੋਗ ਰਾਜਪਾਲ ਹਰਿਆਣਾ)

ਜਿਵੇਂ ਕਿ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਏ. ਪੀ. ਜੇ. ਅਬਦੁੱਲ ਕਲਾਮ ਨੇ ਕਿਹਾ ਸੀ ਕਿ ‘‘ਅਧਿਆਪਕ ਇਕ ਬਹੁਤ ਹੀ ਮਹਾਨ ਪੇਸ਼ਾ ਹੈ ਜੋ ਇਕ ਵਿਅਕਤੀ ਦੇ ਚਰਿੱਤਰ, ਸਮਰੱਥਾ ਅਤੇ ਭਵਿੱਖ ਨੂੰ ਆਕਾਰ ਦਿੰਦਾ ਹੈ।’’ ਉਨ੍ਹਾਂ ਦੇ ਇਸੇ ਵਰਨਣ ਨੂੰ ਧਿਆਨ ’ਚ ਰੱਖ ਕੇ ਅਧਿਆਪਕ ਨੂੰ ਫਰਜ਼, ਲਗਨ ਨਾਲ ਦੇਸ਼ ਅਤੇ ਸਮਾਜ ਦੇ ਨਵੇਂ ਨਿਰਮਾਣ ’ਚ ਆਪਣਾ ਯੋਗਦਾਨ ਦੇਣਾ ਹੋਵੇਗਾ। ਅੱਜ ਅਸੀਂ ਪ੍ਰਸਿੱਧ ਸਿਆਸੀ ਆਗੂ, ਵਿਦਵਾਨ ਅਤੇ ਇਕ ਆਦਰਸ਼ ਅਧਿਆਪਕ ਦੇਸ਼ ਦੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਾਂਧਜਲੀ ਦੇ ਰਹੇ ਹਾਂ। ਉਨ੍ਹਾਂ ਨੇ ਸਾਡੇ ਸਮਾਜ ਨੂੰ ਸਮਾਵੇਸ਼ੀ ਬਣਾਉਣ ਲਈ ਸਿੱਖਿਆ ਅਤੇ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਦੀ ਪਰਿਕਲਪਨਾ ਕੀਤੀ ਸੀ।

ਅਧਿਆਪਕ ਦੇਸ਼ ਦੇ ਭਵਿੱਖ ਦੇ ਨਿਰਮਾਤਾ

ਅਧਿਆਪਕ ਦਾ ਦੇਸ਼ ਦੇ ਨਿਰਮਾਣ ’ਚ ਵਿਸ਼ੇਸ਼ ਸਥਾਨ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਉਹ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹਨ। ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹਨ ਜੋ ਰਾਸ਼ਟਰ ਦੇ ਭਵਿੱਖ ਦੇ ਹੋਣਹਾਰ ਬੱਚਿਆਂ ਨੂੰ ਤਰਾਸ਼ਣ ਦਾ ਕੰਮ ਕਰਦੇ ਹਨ। ਅਧਿਆਪਕ ਆਪਣਾ ਗਿਆਨ ਚੁਫੇਰੇ ਫੈਲਾਉਂਦਾ ਹੈ। ਇਕ ਅਧਿਆਪਕ ਹੀ ਸਫਲ ਰਾਸ਼ਟਰ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਅਧਿਆਪਕਾਂ ਦਾ ਯੋਗਦਾਨ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ’ਚ ਲਗਾਤਾਰ ਚੱਲਦਾ ਰਹਿੰਦਾ ਹੈ। ਆਦਰਸ਼ ਅਧਿਆਪਕ ਮਾਰਗਦਰਸ਼ਕ ਦੇ ਨਾਲ-ਨਾਲ ਉਹ ਪਵਿੱਤਰ ਆਤਮਾ ਹਨ ਜੋ ਨੌਜਵਾਨ ਪੀੜ੍ਹੀ ਦੇ ਸੁਨਹਿਰੀ ਵਿਕਾਸ ਲਈ ਸਮਰਪਣ ਦੇ ਨਾਲ ਕੰਮ ਕਰਦੇ ਹਨ। ਇਹ ਅਧਿਆਪਕ ਹੀ ਹਨ ਜੋ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ’ਚ ਕਲਪਨਾਸ਼ੀਲ ਬਣਾਉਣ ਲਈ ਉਤਸ਼ਾਹਿਤ ਕਰਦੇ ਹਨ।

ਬੱਚਿਆਂ ਨੂੰ ਵਿਚਾਰਸ਼ੀਲ ਅਤੇ ਕਲਪਨਾਸ਼ੀਲ ਬਣਾਉਂਦੇ ਹਨ ਅਧਿਆਪਕ
ਅਧਿਆਪਕ ਹੋਣ ਦਾ ਭਾਵ ਸਿਰਫ਼ ਜਮਾਤ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਬੱਚਿਆਂ ਨੂੰ ਵਿਚਾਰਸ਼ੀਲ ਅਤੇ ਕਲਪਨਾਸ਼ੀਲ ਬਣਾਉਣਾ ਹੈ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਜੂਝਣ ਲਈ ਤਿਆਰ ਕਰਨਾ ਹੈ। ਅਧਿਆਪਕ ਹਮੇਸ਼ਾ ਗਿਆਨ ਗੰਗਾ ਨੂੰ ਚਲਾਉਂਦਾ ਰਹਿੰਦਾ ਹੈ। ਅਧਿਆਪਕ ’ਚ ਵਿਦਿਆਰਥੀਆਂ ’ਚ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਦਾ ਢੁੱਕਵਾਂ ਲਚਕੀਲਾਪਨ ਵੀ ਹੋਣਾ ਚਾਹੀਦਾ ਹੈ। ਪੜ੍ਹਾਈ ਦਾ ਅਰਥ ਸਿਰਫ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨਾ ਹੀ ਨਹੀਂ, ਉਨ੍ਹਾਂ ਦੇ ਦਿਲਾਂ ’ਤੇ ਹਾਂਪੱਖੀ ਅਸਰ ਛੱਡਣਾ ਵੀ ਹੈ, ਜਿਸ ਨੂੰ ਸਿਰਫ਼ ਅਧਿਆਪਕ ਹੀ ਯਕੀਨੀ ਬਣਾ ਸਕਦੇ ਹਨ। ਸਾਡੇ ਬੱਚੇ ਸਾਡੇ ਕੋਲ ਮਹੱਤਵਪੂਰਨ ਕੀਮਤੀ ਜਾਇਦਾਦ ਹਨ। ਇਸ ਜਾਇਦਾਦ ਨੂੰ ਨਵੇਂ ਖੰਭ ਦੇਣ ’ਚ ਸਮਾਜ ਅਤੇ ਸਰਕਾਰ ਦੇ ਇਲਾਵਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ।

ਕੋਰੋਨਾ ਨੇ ਆਨਲਾਈਨ ਸਿੱਖਿਆ ਦੇ ਮਹੱਤਵ ਦਾ ਅਹਿਸਾਸ ਕਰਵਾਇਆ 
ਅੱਜ ਅਸੀਂ ਸੰਚਾਰ ਦੇ ਨਵੇਂ ਯੁੱਗ ’ਚ ਜੀ ਰਹੇ ਹਾਂ। ਕੋਵਿਡ-19 ਮਹਾਮਾਰੀ ਨੇ ਸਾਨੂੰ ਆਨਲਾਈਨ ਸਿੱਖਿਆ ਦੇ ਮਹੱਤਵ ਦਾ ਅਹਿਸਾਸ ਕਰਵਾਇਆ ਹੈ। ਅਧਿਆਪਕਾਂ ਨੂੰ ਆਰਟੀਫੀਸ਼ੀਅਲੀ ਇੰਟੈਲੀਜੈਂਸ (ਏ. ਆਈ.), ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.), ਬਲਾਕ-ਚੇਨ ਤਕਨਾਲੋਜੀ, ਡਿਜੀਟਲ ਕਲਾਸਰੂਮ ਵਰਗੇ ਨਵੇਂ ਯੰਤਰਾਂ ਅਤੇ ਤਕਨੀਕ ਦੀਆਂ ਬਾਰੀਕੀਆਂ ਦੀ ਵਰਤੋਂ ਨੂੰ ਸਿੱਖ ਕੇ ਵਿਦਿਆਰਥੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਕੰਪਿਊਟਰ ਕ੍ਰਾਂਤੀ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਵਿਦਿਆਰਥੀਆਂ ਨਾਲ ਜੁੜਨਾ ਹੋਵੇਗਾ। ‘ਅਧਿਆਪਕਾਂ ਨੂੰ ਇਕ ਡਿਜੀਟਲ ਗਿਆਨ ਬੈਂਕ’ ਬਣਾ ਕੇ ਨੌਜਵਾਨਾਂ ਨੂੰ ਸਿੱਖਿਆ ਜਗਤ ’ਚ ਹੋ ਰਹੀਆਂ ਤਬਦੀਲੀਆਂ ਦੇ ਰੂ-ਬ-ਰੂ ਕਰਵਾਉਣਾ ਹੋਵੇਗਾ। ਅਧਿਆਪਕਾਂ ਨੂੰ ਵਿਦਿਆਰਥੀਆਂ ਦਾ ਬੌਧਿਕ ਪੱਧਰ ਵਧਾਉਣ ਦੇ ਨਾਲ-ਨਾਲ ਮਨੋਬਲ ਵਧਾਉਣ ਦੇ ਟਿਪਸ ਵੀ ਦੇਣੇ ਹੋਣਗੇ ਤਾਂ ਕਿ ਉਹ ਆਮ ਜ਼ਿੰਦਗੀ ’ਚ ਹੋਣ ਵਾਲੀਆਂ ਸਮੱਸਿਆਵਾਂ ਦਾ ਆਸਾਨੀ ਨਾਲ ਹੱਲ ਲੱਭ ਸਕਣ। ਇਹ ਤਦ ਹੀ ਸੰਭਵ ਹੋਵੇਗਾ ਜਦ ਸਾਡੇ ਅਧਿਆਪਕ ਉਸੇ ਦੇ ਅਨੁਸਾਰ ਖੁਦ ਨੂੰ ਤਿਆਰ ਕਰਨਗੇ। ਅੱਜ ਦੇ ਸੰਦਰਭ ਨੂੰ ਦੇਖਦੇ ਹੋਏ ਸਿੱਖਿਆ ’ਚ ਵਿਚਾਰ-ਚਰਚਾ, ਵਾਦ-ਵਿਵਾਦ ਅਤੇ ਪ੍ਰਯੋਗ ਤੇ ਤਕਨਾਲੋਜੀ ਹੀ ਸਾਡੀ ਵਿੱਦਿਅਕ ਸ਼ੈਲੀ ਦੇ ਮਹੱਤਵਪੂਰਨ ਅੰਗ ਹੋਣੇ ਚਾਹੀਦੇ ਹਨ। ਤਦ ਹੀ ਅਸੀਂ ਵਿਚਾਰਸ਼ੀਲ ਨੇਤਾ ਤੇ ਨਵਪ੍ਰਵਰਤਕ ਪੈਦਾ ਕਰ ਸਕਾਂਗੇ।

ਦੇਸ਼ ਭਰ ’ਚ ਸਾਡੇ ਸਭ ਤੋਂ ਵੱਧ ਉੱਚੇ ਸਿੱਖਿਆ ਸੰਸਥਾਨ ਸਥਾਪਿਤ 
ਮੈਡੀਕਲ ਵਿਗਿਆਨ, ਤਕਨਾਲੋਜੀ, ਪ੍ਰਬੰਧਨ, ਮਨੁੱਖੀ ਅਤੇ ਸਮਾਜਿਕ ਵਿਗਿਆਨ ਤੋਂ, ਅਸੀਂ ਸਿੱਖਿਆ ਦੇ ਲਗਭਗ ਹਰ ਖੇਤਰ ’ਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਅੱਜ ਸਾਡੇ ਕੋਲ ਆਈ. ਆਈ. ਟੀ., ਆਈ. ਆਈ. ਐੱਮ., ਕੇਂਦਰੀ ਅਤੇ ਸੂਬਾ ਯੂਨੀਵਰਸਿਟੀਆਂ ਦੇ ਨਾਲ-ਨਾਲ ਵਿਸ਼ਵ ਪੱਧਰੀ ਵਿੱਦਿਅਕ ਸੰਸਥਾਨ ਹਨ। ਦੇਸ਼ ਭਰ ’ਚ ਸਾਡੇ ਇੱਥੇ ਸਭ ਤੋਂ ਵੱਧ ਉੱਚੇ ਸਿੱਖਿਆ ਸੰਸਥਾਨ ਸਥਾਪਿਤ ਹਨ। ਉੱਚ ਸਿੱਖਿਆ ਰਿਪੋਰਟ 2019-20 ਅਨੁਸਾਰ ਉੱਚ ਸਿੱਖਿਆ ’ਚ ਕੁਲ ਨਾਮਜ਼ਦਗੀਆਂ 2018-19 ਦੀ ਤੁਲਨਾ ’ਚ 2019-20 ’ਚ 3.85 ਕਰੋੜ ਹਨ, ਜਿਸ ’ਚ 11.36 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ। ਸਕੂਲੀ ਸਿੱਖਿਆ ’ਚ ਸਾਡਾ ਲਚਕੀਲਾਪਨ ਵੀ ਕਈ ਗੁਣਾ ਵੱਧ ਗਿਆ ਹੈ। ਸਿੱਖਿਆ ਬੇਰੋਜ਼ਗਾਰੀ, ਗਰੀਬੀ, ਨਾਬਰਾਬਰੀ ਅਤੇ ਇੱਥੋਂ ਤੱਕ ਕਿ ਵਿਤਕਰੇ ਸਮੇਤ ਕਈ ਚੁਣੌਤੀਆਂ ਦਾ ਇਕੋ-ਇਕ ਹੱਲ ਹੈ। ਇਸ ਲਈ ਸਮਾਜ ਦੇ ਕਮਜ਼ੋਰ ਵਰਗਾਂ ਭਾਵ ਓ. ਬੀ. ਸੀ., ਐੱਸ. ਸੀ., ਐੱਸ. ਟੀ., ਘੱਟ ਗਿਣਤੀਆਂ ਅਤੇ ਹੋਰ ਗਰੀਬਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਵਾਧੂ ਧਿਆਨ ਦੇਣ ਦੀ ਲੋੜ ਹੈ। ਸਮਾਜ ਦੇ ਵਾਂਝੇ ਵਰਗਾਂ ਦੇ ਵੱਡੀ ਗਿਣਤੀ ’ਚ ਬੱਚੇ ਸਕੂਲ ਛੱਡ ਦਿੰਦੇ ਹਨ। ਸਾਨੂੰ ਉਨ੍ਹਾਂ ਨੂੰ ਰੈਗੂਲਰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਡਰਾਪਆਊਟ ਨੂੰ ਵੀ ਰੋਕਣਾ ਹੋਵੇਗਾ।

ਅਧਿਆਪਕ ਇਸ ਮਹਾਨ ਕਾਇਆਪਲਟ ਦੇ ਵਾਹਕ ਹੋਣਗੇ
ਬਰਾਬਰੀ, ਨਿਆਂ, ਭਾਈਚਾਰਾ ਅਤੇ ਆਜ਼ਾਦੀ ਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਨਵੇਂ ਭਾਰਤ ਦੀ ਉਸਾਰੀ ਲਈ ਰਾਸ਼ਟਰੀ ਸਿੱਖਿਆ ਨੀਤੀ-2020 ਸਭ ਤੋਂ ਮਹੱਤਵਪੂਰਨ ਸਾਧਨ ਹੈ ਜੋ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਸਾਡੇ ਅਧਿਆਪਕ ਇਸ ਮਹਾਨ ਕਾਇਆਪਲਟ ਦੇ ਵਾਹਕ ਹੋਣਗੇ। ਸਾਨੂੰ ਸਿੱਖਿਆ ’ਚ ਰੋਬੋਟਿਕ ਨਹੀਂ ਸਗੋਂ ਨੌਜਵਾਨਾਂ ਨੂੰ ਸਰਗਰਮ ਬਹੁ-ਪ੍ਰਤਿਭਾਸ਼ਾਲੀ ਹੁਨਰ ਨਾਲ ਲੈਸ ਕਰਨਾ ਹੈ ਤਾਂ ਕਿ ਉਹ ਉੱਤਮਤਾ ਹਾਸਲ ਕਰ ਕੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਸਕਣ ਅਤੇ ਰਾਸ਼ਟਰ ਅਤੇ ਸਮਾਜ ਦੇ ਨਿਰਮਾਣ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਣ। ਅਸੀਂ ਖੁਸ਼ਕਿਸਮਤ ਹਾਂ ਕਿ ਦੇਸ਼ ਦੀ ਨਵੀਂ ਸਿੱਖਿਆ ਨੀਤੀ ਇੰਨੀ ਅਸਲੀਅਤ ਨਾਲ ਭਰਪੂਰ ਹੈ ਜੋ ਮੌਜੂਦਾ ਵਿਸ਼ਵ ਵਿਵਸਥਾ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਹੈ।

ਚੰਗੇ ਅਧਿਆਪਕ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਪੜ੍ਹਾਉਂਦੇ ਹਨ 
ਅਧਿਆਪਕ ਨੂੰ ਬੱਚਿਆਂ ਦੀ ਦੇਖਭਾਲ ਲਈ ਇਕ ਮਾਂ ਵਾਂਗ ਕੰਮ ਕਰਨ ਦੀ ਲੋੜ ਹੈ। ਇਕ ਆਮ ਅਧਿਆਪਕ ਸਿਰਫ਼ ਵਿਆਖਿਆ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ। ਚੰਗੇ ਅਧਿਆਪਕ ਵਿਸਥਾਰ ਨਾਲ ਪੜ੍ਹਾਉਂਦੇ ਹਨ ਜਦਕਿ ਉੱਤਮ ਅਧਿਆਪਕ ਵਿਦਿਆਰਥੀਆਂ ਨੂੰ ਪ੍ਰਭਾਵੀ ਢੰਗ ਨਾਲ ਸਿਖਾਉਣ ਦਾ ਕੰਮ ਕਰਦੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਇਕ ਉਚਿਤ ਸੰਚਾਰ ਹੀ ਸਭ ਤੋਂ ਉਪਰ ਹੈ। ਅਧਿਆਪਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਿਰਫ ਗ੍ਰੇਡ ਅਤੇ ਅੰਕ ਮਾਇਨੇ ਨਹੀਂ ਰੱਖਦੇ। ਸਿੱਖਿਆ ’ਚ ਨੈਤਿਕ ਕਦਰਾਂ-ਕੀਮਤਾਂ, ਚਰਿੱਤਰ, ਨਿਰਮਤਾ ਅਤੇ ਦ੍ਰਿੜ੍ਹਤਾ ਸਮਾਨ ਰੂਪ ਨਾਲ ਮਹੱਤਵਪੂਰਨ ਹੈ। ਅਧਿਆਪਨ ਇਕ ਮਹਾਨ ਪੇਸ਼ਾ ਹੈ। ਸਾਬਕਾ ਰਾਸ਼ਟਰਪਤੀ ਅਤੇ ਭਾਰਤ ਰਤਨ ਡਾ. ਏ. ਪੀ. ਜੇ. ਅਬਦੁੱਲ ਕਲਾਮ ਨੇ ਰਾਸ਼ਟਰਪਤੀ ਅਹੁਦੇ ਦੇ ਬਾਅਦ ਵੀ ਅਧਿਆਪਨ ਜਾਰੀ ਰੱਖਿਆ। ਸਿੱਖਿਆ ਕੋਈ ਨੌਕਰੀ ਨਹੀਂ ਸਗੋਂ ਅਜਿਹਾ ਧਰਮ ਹੈ ਜਿਸ ਨਾਲ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਸਾਡੇ ਅਧਿਆਪਕ ਇਸ ਮਹਾਨ ਧਰਮ ਦੇ ਪਰਿਵਰਤਕ ਹਨ। ਮੈਨੂੰ ਯਕੀਨ ਹੈ ਕਿ ਅਧਿਆਪਕ ਦੇ ਤਿਆਗ, ਤਪੱਸਿਆ ਅਤੇ ਬਲੀਦਾਨ ਦੇ ਨਾਲ-ਨਾਲ ਸਰਕਾਰਾਂ ਦਾ ਸਮਰਥਨ ਦੇਸ਼ ਨੂੰ ਇਕ ਨਵੇਂ ਯੁੱਗ ’ਚ ਲੈ ਜਾਵੇਗਾ। ਇਕ ਨਵਾਂ ਭਾਰਤ ਜੋ ਸਮਾਵੇਸ਼ੀ ਹੋਵੇਗਾ ਜਿੱਥੇ ਕੋਈ ਵੀ ਵਾਂਝਿਆਂ ਅਤੇ ਪੱਛੜਾ ਨਹੀਂ ਹੋਵੇਗਾ। ਭਾਰਤ ਨੂੰ ਫਿਰ ਤੋਂ ਵਿਸ਼ਵਗੁਰੂ ਦਾ ਦਰਜਾ ਹਾਸਲ ਹੋਵੇਗਾ।

Comment here