ਸਾਹਿਤਕ ਸੱਥ

 ਸਮਝੌਤਾ

ਪਿੰਡ ਚ ਚੋਣਾਂ ਆ ਗਈਆਂ।ਸਰਪੈਂਚੀ ਲਈ ਪਿੰਡ ਦੇ ਦੋ ਚੌਧਰੀ ਆਤਾ ਸਿਹੁੰ ਤੇ ਮਾਘਾ ਸਿਹੁੰ ਮੈਦਾਨ ਚ ਨਿੱਤਰੇ।ਦੋਵੇਂ ਚੰਗੇ ਸਰਦੇ-ਪੁੱਜਦੇ ਘਰਾਂ ਦੇ ਮਾਲਕ ਸਨ।ਦੋਹਾਂ ਦਾ ਪਿੰਡ ਚ ਪਹਿਲਾਂ ਹੀ ਚੰਗਾ ਰੋਹਬ ਦਾਅਬ ਸੀ। ਫੱਤਾ,ਤੇਲੂ,ਬਿਸ਼ਨਾ,ਫੀਲਾ,ਮੱਘਰ ਸਿਹੁੰ ਇਕ ਧੜੇ ਨਾਲ ਅਤੇ ਰਾਹੂ,ਮੇਲੂ,ਹੁਕਮਾ,ਚੰਨਣ ਦੂਜੇ ਧੜੇ ਨਾਲ ਹੋ ਤੁਰੇ।ਪੰਦਰਾਂ ਵੀਹ ਦਿਨ ਪਿੰਡ ਚ ਗਹਿਮਾ-ਗਹਿਮੀ ਰਹੀ।ਕਦੇ ਇਕ ਪਾਰਟੀ ਵਾਲੇ ਅਤੇ ਕਦੇ ਦੂਜੀ ਪਾਰਟੀ ਵਾਲੇ ਵੋਟਾਂ ਲਈ ਘਰੋ-ਘਰੀ ਕਹਿਣ ਤੁਰੇ ਫਿਰਦੇ। ਲੋਕਾਂ ਨੂੰ ਨਵੇਂ-ਨਵੇਂ ਲਾਲਚ ਦੇਕੇ ਵੋਟਾਂ ਪੱਕੀਆਂ ਕਰਦੇ ਰਹੇ।ਚੋਣਾਂ ਦੇ ਇਨਾਂ ਦਿਨਾਂ ਚ ਸ਼ਰਾਬਾਂ ਉੱਡ ਰਹੀਆਂ ਸਨ।ਜਿਨਾਂ ਕਦੇ ਵਰ੍ਹੇ ਛਿਮਾਹੀ ਹੀ ਸੁਆਦ ਚੱਖਿਆ ਸੀ,ਉਹਨੂੰ ਵੀ ਰੋਜ਼ ਅਧੀਆ ਪਊਆ ਥਿਆ ਜਾਂਦਾ ਤੇ ਮੁਫ਼ਤ ਦੀ ਤਾਂ ਕਾਜ਼ੀ ਨੇ ਵੀ ਨਹੀਂ ਸੀ ਛੱਡੀ,ਆਖ ਉਹ ਸੁਆਦ ਲੈ ਪੀ ਜਾਂਦਾ।ਇਨ੍ਹਾਂ ਦਿਨਾਂ ‘ਚ ਪਿੰਡ ਦੀਆਂ ਡੇੜ੍ਹੀਆਂ,ਚੋਕਾਂ,ਬੋਹੜਾਂ,ਪਿਪਲਾਂ ਥੱਲੇ ਲੋਕਾਂ ਦਾ ਚੰਗਾ ਝੁਰਮੁਟ ਬੱਝ ਜਾਂਦਾ। ਨਿੱਤ ਨਵੀਆਂ ਅਫਵਾਹਾਂ ਇਕ-ਦੂਜੇ ਵਿਰੁੱਧ ਫੈਲਦੀਆਂ ਰਹਿੰਦੀਆਂ।ਇਕ ਦੂਜੇ ਧੜੇ ਵਿਰੁਧ ਨਿੱਤ ਨਵੇਂ ਦੂਸ਼ਨ ਸੁਨਣ ਨੂੰ ਮਿਲਦੇ।ਘੁੱਗ ਵਸਦਾ ਚੁੱਪਚਾਪ ਪਿੰਡ, ਦੋ ਹਿੱਸਿਆਂ ਚ ਵੰਡਿਆਂ ਗਿਆ।ਕੋਈ ਚੌਧਰੀ ਆਤਾ ਸਿਹੁੰ ਦੀਆਂ ਸ਼ਿਫਤਾਂ ਕਰਦਾ ਤੇ ਦੂਜਾ ਮਾਘਾ ਸਿਹੁੰ ਚੌਧਰੀ ਦੇ ਸੋਹਲੇ ਗਾਉਂਦਾ।ਇਕ-ਦੂਜੇ ਧੜੇ ਦੇ ਲੋਕ,ਇਕ ਦੂਜੇ ਵੱਲ ਕਹਿਰ ਭਰੀਆਂ ਨਜ਼ਰਾਂ ਨਾਲ ਵੇਖਦੇਪਿਛਲੀਆਂ ਦੁਸ਼ਮਣੀਆਂ,ਲੜਾਈਆਂ ਤੇ ਖੈਹਾਂ ਦੀ ਯਾਦ ਚੋਣਾਂ ਨੇ ਮੁੜ ਤਾਜ਼ੀ ਕਰ ਦਿੱਤੀ। ਰਤਾ ਭਰ ਗੱਲ ਕਿਸੇ ਨੂੰ ਦੂਜੇ ਧੜੇ ਦੀ ਪਤਾ ਲਗਦੀ ਉਹ ਝੱਟ ਦੇਣੀ ਆਪਣੀ ਵਫਾਦਾਰੀ ਦਿਖਾੳਣ ਲਈ ਆਪਣੇ ਚੌਧਰੀ ਨੂੰ ਜਾ ਦਸਦੇ। ਦੋਹਾਂ ਚੌਧਰੀਆਂ ਦੀ ਚੌਧਰ ਦੀ ਭੁੱਖ ਨੇ ਲੋਕਾਂ ਦੇ ਮਨਾਂ ਚ ਇਕ-ਦੂਜੇ ਪ੍ਰਤੀ ਨਫ਼ਰਤ ਦੀ ਅੱਗ ਭਰ ਦਿੱਤੀ।ਮਸਾਂ-ਮਸਾਂ ਕਰਕੇ ਚੋਣਾਂ ਦਾ ਦਿਨ ਆਇਆ। ਚੋਣਾਂ ਵਾਲੇ ਦਿਨ ਤੋਂ ਪਹਿਲੀ ਰਾਤੇ ਅੰਦਰ ਖਾਤੇ ਦੋਹਾਂ ਚੌਧਰੀਆਂ ਦਾ ਆਪਸ ਚ ਕੋਈ ਸਮਝੌਤਾ ਹੋ ਗਿਆ। ਲੋਕਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਦੋਹਾਂ ਗਰੁਪਾਂ ਨੇ ਜਾਨ ਦੀ ਬਾਜ਼ੀ ਲਾ ਕੇ ਚੋਣਾਂ ਲੜੀਆਂ। ਪਿੰਡ ਦੇ ਬੁੱਢੇ,ਠੇਰੇ,ਬੀਮਾਰ,ਫੱਟੜ ਤੱਕ ਦੀ ਵੋਟ ਵੀ ਭੁਗਤਾ ਦਿੱਤੀ ਗਈੇ। ਨਤੀਜਾ ਨਿਕਲਿਆ ਆਤਾ ਸਿਹੁੰ ਦੀ ਪਾਰਟੀ ਦੇ ਜ਼ਿਆਦਾ ਪੰਚ ਚੁਣੇ ਗਏ ਸਨ। ਉਨ੍ਹਾਂ ਆਤਾ ਸਿਹੁੰ ਨੂੰ ਸਰਪੰਚ ਚੁਣ ਲਿਆ। ਉਹਦੇ ਧੜੇ ਦੇ ਲੋਕਾਂ ਉਸ ਰਾਤ ਬੱਕਰੇ ਬੁਲਾਏ,ਸ਼ਰਾਬਾਂ ਪੀਤੀਆਂ ਤੇ ਹੁੱਲੜ ਮਚਾਇਆ। ਮਾਘਾ ਸਿਹੁੰ ਦੇ ਬੰਦੇ ਅਣਖ ਚ ਆ ਗਏ।ਦੋਹਾਂ ਧੜਿਆਂ ਦੀ ਬੱਝਵੀਂ ਲੜਾਈ ਹੋਈਟਕੂਏ, ਬਰਛੇ ਚਲੇ। ਚੰਗੀ ਵੱਢ ਟੁੱਕ ਹੋਈ। ਲੜਨ ਵਾਲਿਆਂ ‘ਚ ਨਾ ਚੌਧਰੀ ਆਤਾ ਸਿਹੁੰ ਸੀਨਾ ਮਾਘਾ ਸਿਹੁੰ ਅਤੇ ਨਾ ਹੀ ਉਹਨਾਂ ਦਾ ਟੱਬਰ-ਟੀਹਰ। ਉਹ ਦੋਵੇਂ ਚੌਧਰੀ ਆਤਾ ਸਿਹੁੰ ਦੀ ਹਵੇਲੀ ਬੈਠੇ ਪੀ ਰਹੇ ਸਨ। ਦੋਹਾਂ ਧੜਿਆਂ ਦੇ ਲੋਕਾਂ ਨੇ ਉਮਰ ਭਰ ਦੇ ਵੈਰ ਸਹੇੜ ਲਏ ਸਨ। ਗਰੀਬ ਲੋਕਾਂ ਦਾ ਪਿੰਡ ਚ ਜੀਊਣਾ ਦੁਭਰ ਹੋ ਗਿਆ ਸੀ।ਉਨਾਂ ਨੂੰ ਬੋਲ-ਕਬੋਲ ਬੋਲੇ ਜਾਂਦੇ ਉਹ ਚੁੱਪ-ਚਾਪ ਆਪਣੀਆਂ ਘੜੀਆਂ ਲੰਘਾਈ ਜਾਂਦੇ। ਇਕ ਦਿਨ ਤੁਰੇ ਜਾਂਦੇ ਬਖਸ਼ਾ ਸਿਹੁ ਨੇ ਸੀਬੂ ਨੂੰ ਬੋਲੀ ਮਾਰੀਇਹਨੇ ਸਾਨੂੰ ਨੀ ਪਾਈ ਵੋਟ,ਇਹਨੇ ਦੂਜੇ ਧੜੇ ਨੂੰ ਪਾਈ ਆਸਾਰੀ ਉਮਰ ਘਾਹ ਪੱਠਾ ਸਾਡੇ ਖੇਤਾਂ ਚੋਂ ਖੋਤਦਾ ਰਿਹਾ ਆ। ਤੇ ਜਦੋਂ ਸੀਬੂ ਨੇ ਅਗਿਓਂ ਕੁਝ ਬੋਲਣਾ ਚਾਹਿਆ ਤਾਂ ਓਹਦੇ ਕੜਕਵੇਂ ਬੋਲ ਕੋਈ ਨੀ ਪੁੱਤ ਬਣਾਊਂ ਬੰਦਾਂ ਤੈਨੂੰ ਕਿਸੇ ਵੇਲੇਨਿਕਲੀ ਹੁਣ ਸਾਡੇ ਖੇਤਾਂ ਵੱਲ ਨੂੰ ਜੰਗਲ ਪਾਣੀ ਵੀ। ਹੱਡ ਸੇਕੂੰ ਤੇਰੇ ਚੰਗੀ ਤਰ੍ਹਾਂ। ਇਹ ਬੋਲ ਉਹਦੇ ਕੰਨਾਂ ਚ ਕਈ ਦਿਨ ਗੂੰਜਦੇ ਰਹੇ। ਉਹ ਬੇਬਸੀ ਕਾਰਨ ਕੁਝ ਵੀ ਨਹੀਂ ਸੀ ਬੋਲ ਸਕਿਆ ।ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੇੜੀ ਚੋਂ ਡੱਬੂ ਕੁੱਤੇ ਦੇ ਭੋਕਣ ਦੀ ਆਵਾਜ਼ ਸੁਣ ਕੇ ਪਲਾਂ ਚ ਹੀ ਕਾਲੂ,ਰੰਮੀ ਅਤੇ ਡੱਬੂ ਤੇ ਹੋਰ ਕੁਤੀੜ ਹੱਡਾ-ਰੇੜੀ ਚ ਇਕੱਠੀ ਹੋ ਗਈ ਅਤੇ ਫਿਰ ਘੂੰ-ਘੂੰਬਊਂ ਬਊਂ ਕਰਦਿਆਂ ਮਾਸ ਚੁੰਡਣ ਲਈ ਚਾਰ ਕੁੱਤੇ ਇੱਕ ਪਾਸੇ ਹੋ ਲੜਨ ਲੱਗ ਪਏ।ਇੰਜ ਲੱਗਦਾ ਸੀ ਉਹ ਇਕ-ਦੂਜੇ ਨੂੰ ਮਾਰ ਸੁੱਟਣਗੇ। ਅਚਾਨਕ ਉਨਾਂ ਦੀ ਨਜ਼ਰ ਹੱਡਾ ਰੇੜੀ ਚ ਆਏ ਨਵੇਂ ਸ਼ਿਕਾਰ ਤੇ ਪਈਜਿਨਾਂ ਨੂੰ ਗਿਰਝਾਂ ਚੂੰਡ ਰਹੀਆਂ ਸਨ। ਉਨਾਂ ਇਕ ਦੂਜੇ ਵੱਲ ਵੇਖਿਆ। ਫਿਰ ਅੱਖੋ- ਅੱਖੀਂ ਜਿਵੇਂ ਕੋਈ ਸਮਝੌਤਾ ਕਰ ਲਿਆ ਹੋਵੇਉਹ ਗਿਰਝਾਂ ਨੂੰ ਦੂਰ ਭਜਾ ਸ਼ਿਕਾਰ ਤੇ ਟੁੱਟ ਪਏ।ਉਹ ਪੂਰਾ ਰੱਜ ਕਰਕੇ ਵਾਪਿਸ ਪਿੰਡ ਪਰਤ ਆਏ। ਉਨਾਂ ਨੂੰ ਹੁਣ ਆਪਸ ਚ ਕੋਈ ਗਿਲਾ ਸ਼ਿਕਵਾ ਨਹੀ ਸੀ।ਸੀਬੂ ਜਿਹੜਾ ਇਹ ਸਭ ਕੁੱਝ ਵੇਖ ਰਿਹਾ ਸੀ ਦੇ ਮਨ ਚ ਬਖਸ਼ਾ ਸਿਹੁੰ ਦੇ ਬੋਲ ਤੇ ਪਿਛਲੇ ਦਿਨੀਂ ਆਪਣੇ ਪਿੰਡ ਚ ਵਾਪਰੀਆਂ ਘਟਨਾਵਾਂ ਚੱਕਰ ਕੱਟ ਗਈਆਂ ਉਸ ਸੋਚਿਆ ਇਕ ਦੂਜੇ ਨੂੰ ਜਾਨੋਂ ਮਾਰਨ ਵਾਲੇ ਕੁੱਤੇ ਆਪਸ ਚ ਮਾਲ ਦੀ ਬੋਟੀ ਤੇ ਸਮਝੌਤਾ ਕਰੀ ਬੈਠੇ ਸਨ ਅਤੇ ਪਿੰਡ ਦੇ ਦੋਵੇਂ ਚੌਧਰੀ ਵੀ। ਪਰ ਲੋਕ ਕਦੋਂ ਮਿਲ ਬੈਠਣਗੇ ਦਾ ਉਸ ਦੀ ਸੋਚ ਕੋਈ ਉੱਤਰ ਨਹੀਂ ਸੀ ਦੇ ਸਕੀ

-ਗੁਰਮੀਤ ਪਲਾਹੀ

Comment here