ਸਿਆਸਤਖਬਰਾਂਦੁਨੀਆ

ਸਫਲ ਰਿਹਾ ਨਰੇਂਦਰ ਮੋਦੀ ਦਾ ਅਮਰੀਕਾ ਦੌਰਾ

ਵਾਪਸ ਪਰਤੇ ਤੋਂ ਹੋਇਆ ਸ਼ਾਨਦਾਰ ਸਵਾਗਤ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦਿਨਾਂ ਅਮਰੀਕਾ ਦੌਰੇ ਤੋਂ ਭਾਰਤ ਪਰਤ ਆਏ ਹਨ। ਭਾਜਪਾ ਪਾਰਟੀ ਦੇ  ਰਾਸ਼ਟਰੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਨਾਲ ਪਾਰਟੀ ਜਨਰਲ ਸਕੱਤਰ ਅਰੁਣ ਸਿੰਘ ਅਤੇ ਤੁਰਣ ਚੁੱਘ, ਸਾਬਕਾ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਪਾਰਟੀ ਦੇ ਸੀਨੀਅਰ ਅਹੁਦਾ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪਾਲਮ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਨਰਿੰਦਰ ਮੋਦੀ ਦੇ ਸਵਾਗਤ ਲਈ ਜੁੱਟੇ। ਉਨ੍ਹਾਂ ਦਾ ਢੋਲ ਨਾਲ ਸਵਾਗਤ ਕੀਤਾ ਗਿਆ।
ਨੱਢਾ ਨੇ ਇਸ ਮੌਕੇ ’ਤੇ ਆਯੋਜਿਤ ਸਵਾਗਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਪਣੀ ਅਮਰੀਕੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੀ ਦੁਨੀਆ ’ਚ ਭਾਰਤ ਦਾ ਡੰਕਾ ਵਜਾਇਆ ਅਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਨੂੰ ਇਕ ਨਵੀਂ ਨਜ਼ਰ ਨਾਲ ਵੇਖ ਰਹੀ ਹੈ। ਮੋਦੀ ਦੀ ਅਗਵਾਈ ਵਿਚ ਭਾਰਤ ਬਦਲ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਜਿਸ ਬੇਬਾਕੀ ਨਾਲ ਗੱਲ ਹੋਈ ਹੈ, ਉਹ ਵੀ ਭਾਰਤ ਦੀ ਵੱਖਰੀ ਤਸਵੀਰ ਪੇਸ਼ ਕਰਦੀ ਹੈ।
ਦੱਸ ਦੇਈਏ ਕਿ ਅਮਰੀਕੀ ਯਾਤਰਾ ਦੌਰਾਨ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕੀਤੀ ਗਈ। ਜਿਨ੍ਹਾਂ ਨਾਲ ਉਨ੍ਹਾਂ ਨੇ ਦੋ-ਪੱਖੀ ਬੈਠਕ ਕੀਤੀ। 20 ਜਨਵਰੀ ਨੂੰ ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਮਗਰੋਂ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਬੈਠਕ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਅਮਰੀਕੀ ਕੰਪਨੀਆਂ ਦੇ ਸੀ. ਈ. ਓ. ਨਾਲ ਵੀ ਦੋ-ਪੱਖੀ ਬੈਠਕਾਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਕੋਵਿਡ-19 ਮਹਾਮਾਰੀ ਤੋਂ ਬਾਅਦ ਪਹਿਲੇ ਵਿਅਕਤੀਗਤ ਰੂਪ ਨਾਲ ਕਵਾਡ ਸ਼ਿਖਰ ਸੰਮੇਲਨ ਦੇ ਮੌਕੇ ਮੁਲਾਕਾਤ ਕੀਤੀ। ਆਪਣੀ ਅਮਰੀਕੀ ਯਾਤਰਾ ਦੌਰਾਨ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਵੀ ਸੰਬੋਧਿਤ ਕੀਤਾ।

ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ ‘ਅੱਤਵਾਦੀਆਂ ਦਾ ਟਿਕਾਣਾ’

ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੋ-ਪੱਖੀ ਬੈਠਕ ਦੌਰਾਨ ਅੱਤਵਾਦ ਦੇ ਸੰਦਰਭ ਵਿਚ ਪਾਕਿਸਤਾਨ ਦੀ ਭੂਮਿਕਾ ਦਾ ‘ਖ਼ੁਦ’ ਜ਼ਿਕਰ ਕਰਦੇ ਹੋਏ ਕਿਹਾ ਕਿ ਉਥੇ ਅੱਤਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਸਲਾਮਾਬਾਦ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾ ਸਕਣ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੋਦੀ ਅਤੇ ਹੈਰਿਸ ਵਿਚਾਲੇ ਵੀਰਵਾਰ ਨੂੰ ਹੋਈ ਪਹਿਲੀ ਵਿਅਕਤੀਗਤ ਬੈਠਕ ਦੇ ਬਾਅਦ ਮੀਡੀਆ ਨੂੰ ਕਿਹਾ, ‘ਗੱਲਬਾਤ ਦੌਰਾਨ ਜਦੋਂ ਅੱਤਵਾਦ ਦਾ ਮੁੱਦਾ ਆਇਆ ਤਾਂ ਉਪ ਰਾਸ਼ਟਰਪਤੀ ਹੈਰਿਸ ਨੇ ‘ਖ਼ੁਦ’ ਇਸ ਸਬੰਧ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਥੇ ਕਈ ਅੱਤਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾਉਣ।’ ਉਨ੍ਹਾਂ ਕਿਹਾ, ‘ਉਨ੍ਹਾਂ ਨੇ ਸਰਹੱਦ ਪਾਰ ਅੱਤਵਾਦ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਬ੍ਰੀਫਿੰਗ ਅਤੇ ਇਸ ਤੱਥ ’ਤੇ ਸਹਿਮਤੀ ਜਤਾਈ ਕਿ ਭਾਰਤ ਕਈ ਦਹਾਕਿਆਂ ਤੋਂ ਸਰਹੱਦ ਪਾਰ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਕਿਹਾ ਕਿ ਅਜਿਹੇ ਅੱਤਵਾਦੀ ਸਮੂਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਸਮਰਥਨ ’ਤੇ ਲਗਾਮ ਲਗਾਉਣ ਅਤੇ ਇਨ੍ਹਾਂ ’ਤੇ ਬਾਰੀਕੀ ਨਾਲ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ।’ ਹੈਰਿਸ ਨਾਲ ਮੋਦੀ ਦੀ ਮੁਲਾਕਾਤ ਕਰੀਬ 1 ਘੰਟੇ ਤੱਕ ਚੱਲੀ ਅਤੇ ਇਸ ਦੌਰਾਨ ਸੰਖੇਪ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਕੋਵਿਡ-19, ਅੱਤਵਾਦ, ਤਕਨੀਕੀ ਖੇਤਰ ਵਿਚ ਸਹਿਯੋਗ, ਸਾਈਬਰ ਸੁਰੱਖਿਆ ਆਦਿ ਖੇਤਰਾਂ ’ਤੇ ਚਰਚਾ ਹੋਈ। ਲੋਕਤੰਤਰ ਦੇ ਮੁੱਦੇ ’ਤੇ ਹੈਰਿਸ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਲੋਕਤੰਤਰ ਦੀ ਰੱਖਿਆ ਕਰਨਾ ਦੋਵਾਂ ਦੇਸ਼ਾਂ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਕਿਹਾ, ‘ਕਿਉਂਕਿ ਦੁਨੀਆ ਭਰ ਦੇ ਲੋਕਤੰਤਰ ਖ਼ਤਰੇ ਵਿਚ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪਣੇ ਦੇਸ਼ਾਂ ਅਤੇ ਦੁਨੀਆ ਭਰ ਵਿਚ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ ਦੀ ਰੱਖਿਆ ਕਰੀਏ। ਪਹਿਲਾਂ ਸਾਨੂੰ ਆਪਣੇ ਘਰ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।’ ਇਕ ਸਵਾਲ ਦੇ ਜਵਾਬ ਵਿਚ ਸ਼੍ਰਿੰਗਲਾ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਭਾਰਤ ਅਤੇ ਅਮਰੀਕਾ ਵੱਡੇ ਅਤੇ ਸਫ਼ਲ ਲੋਕਤੰਤਰਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਨੂੰ ਨਾ ਸਿਰਫ਼ ਆਪਣੇ ਦੇਸ਼ਾਂ ਦੇ ਅੰਦਰ ਸਗੋਂ ਹੋਰ ਦੇਸ਼ਾਂ ਨਾਲ ਲੋਕਤੰਤਰ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਹੈ।

ਅਮਰੀਕਾ ਯਾਤਰਾ ਦੌਰਾਨ ਮੋਦੀ ਨੇ 65 ਘੰਟਿਆਂ ’ਚ ਕੀਤੀਆਂ 20 ਬੈਠਕਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਦਿਨੀਂ ਅਮਰੀਕਾ ਦੀ ਯਾਤਰਾ ਵਿਚ ਲਗਾਤਾਰ ਕਈ ਬੈਠਕਾਂ ਕੀਤੀਆਂ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੋਦੀ ਕਰੀਬ 65 ਘੰਟੇ ਅਮਰੀਕਾ ਵਿਚ ਰਹੇ ਅਤੇ ਇਸ ਦੌਰਾਨ ਉਹ 20 ਬੈਠਕਾਂ ਵਿਚ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਅਮਰੀਕਾ ਜਾਂਦੇ ਸਮੇਂ ਅਤੇ ਉਥੋਂ ਪਰਤਦੇ ਸਮੇਂ ਵੀ ਪ੍ਰਧਾਨ ਮੰਤਰੀ ਨੇ ਜਹਾਜ਼ ਵਿਚ ਅਧਿਕਾਰੀਆਂ ਨਾਲ 4 ਲੰਬੀਆਂ ਬੈਠਕਾਂ ਕੀਤੀਆਂ। ਅਮਰੀਕਾ ਜਾਂਦੇ ਸਮੇਂ ਮੋਦੀ ਨੇ ਜਹਾਜ਼ ਵਿਚ 2 ਬੈਠਕਾਂ ਕੀਤੀਆਂ ਅਤੇ ਉਥੇ ਪਹੁੰਚਣ ਦੇ ਬਾਅਦ ਹੋਟਲ ਵਿਚ 3 ਬੈਠਕਾਂ ਕੀਤੀਆਂ। ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਵੱਖ-ਵੱਖ ਸੀ.ਈ.ਓ. ਨਾਲ ਬੈਠਕਾਂ ਕੀਤੀਆਂ ਅਤੇ ਫਿਰ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਜਾਪਾਨੀ ਹਮਰੁਤਬਾ ਯੋਸ਼ੀਹਿਦੇ ਸੁਗਾ ਅਤੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਦੋ-ਪੱਖ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ 3 ਅੰਦਰੂਨੀ ਬੈਠਕਾਂ ਦੀ ਵੀ ਪ੍ਰਧਾਨਗੀ ਕੀਤੀ।

ਮੋਦੀ ਨੇ ਕ੍ਰਿਸਟੀਆਨੋ ਆਰ ਅਮੋਨ ਨੂੰ 5 ਜੀ ਤਹਿਤ ਨਿਵੇਸ਼ ਦਾ ਦਿੱਤਾ ਸੱਦਾ

ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਉਹ ਕਈ ਕੰਪਨੀਆਂ ਦੇ ਸੀ.ਈ.ਓਜ਼. ਨੂੰ ਮਿਲੇ ਹਨ। ਉਨ੍ਹਾਂ ਦੀ ਕੋਸ਼ਿਸ਼ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਹੈ ਅਤੇ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਲਿਆਉਣ ਦੀ ਕੋਸ਼ਿਸ਼ ਵੀ ਹੈ। ਇਸ ਦੌਰੇ ਦੀ ਮਿਆਦ 23 ਸਤੰਬਰ ਤੋਂ 25 ਸਤੰਬਰ ਤੱਕ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਕੰਪਨੀਆਂ ਦੇ ਸੀ.ਈ.ਓ. ਪੀਐਮ ਮੋਦੀ ਨੂੰ ਮਿਲੇ ਅਤੇ ਉਨ੍ਹਾਂ ਨੇ ਕਿਸ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੁਆਲਕਾਮ ਦੇ ਸੀ.ਈ.ਓ. ਕ੍ਰਿਸਟੀਆਨੋ ਆਰ ਅਮੋਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਅਤੇ ਮੋਨ ਨੇ ਭਾਰਤ ਵਿੱਚ ਇਲੈਕਟ੍ਰੌਨਿਕਸ, ਦੂਰਸੰਚਾਰ ਨਿਰਮਾਣ ਅਤੇ ਨਵੀਨਤਾਕਾਰੀ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਦੇ ਕਈ ਉਪਾਵਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ 5 ਜੀ ਅਤੇ ਹੋਰ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇ 5 ਜੀ ਮਾਪਦੰਡ ਤਿਆਰ ਕੀਤੇ ਹਨ ਅਤੇ ਕੁਆਲਕਾਮ ਨੂੰ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਕਿਹਾ ਹੈ। ਉਸਨੇ ਇਹ ਵੀ ਕਿਹਾ ਕਿ ਕਿਉਂਕਿ ਕੁਆਲਕਾਮ ਨੇ ਭਾਰਤੀ ਪ੍ਰਤਿਭਾ ‘ਤੇ ਭਰੋਸਾ ਕੀਤਾ ਹੈ, ਇਸ ਲਈ ਇਹ ਪੀ.ਐਲ.ਆਈ. ਸਕੀਮ ਦੇ ਅਧੀਨ ਨਿਰਮਾਣ ਸ਼ੁਰੂ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਡਰੋਨ ਨੀਤੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਕੁਆਲਕਾਮ ਭਾਰਤ ਵਿੱਚ ਨਵੇਂ ਮੌਕਿਆਂ ਵਿੱਚ ਹਿੱਸਾ ਲੈ ਸਕਦਾ ਹੈ। ਕੁਆਲਕਾਮ ਦੇ ਸੀ.ਈ.ਓ. ਨੇ ਇਹ ਵੀ ਕਿਹਾ ਕਿ ਉਹ ਭਾਰਤ ਦੇ ਨਾਲ ਕੰਮ ਕਰਕੇ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਨੂੰ ਨਿਵੇਸ਼ ਲਈ ਮੰਜ਼ਿਲ ਬਣਾਉਣ ਦੀ ਦਿਸ਼ਾ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਦੀ ਪਹੁੰਚ ਸਫਲ ਸਾਬਤ ਹੋਈ ਹੈ।

Comment here