ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਸਫਲ ਗ੍ਰਹਿਸਥ ਜੀਵਨ ਦਾ ਰਾਜ਼

ਸਿੱਖ ਧਰਮ ਵਿਚ ਹਰ ਕੰਮ ਕਰਨ ਤੋਂ ਪਹਿਲਾਂ ਹੁਕਮਨਾਮਾ ਲਿਆ ਜਾਂਦਾ ਹੈ। ਮੇਰੇ ਵਿਆਹ ਤੇ ਜੋ ਹੁਕਮਨਾਮਾ ਸੀ ਮੈਨੂੰ ਅੱਜ ਵੀ ਯਾਦ ਹੈ।
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ
ਲਿਖਣ ਵਿੱਚ ਕੋਈ ਊਣਤਾਈ ਹੋਵੇ ਤਾ ਖਿਮਾ ਮੰਗਦੀ ਹਾਂ। ਬਸ ਮੈਂ ਇਸ ਹੁਕਮਨਾਮੇ ਨੂੰ ਸੁਣਿਆ ਤੇ ਮਨ ਵਿੱਚ ਧਾਰ ਲਿਆ। ਵਿਆਹੁਤਾ ਜੀਵਨ ਚੰਗਾ ਹੋਵੇ ਜਾਂ ਬੁਰਾ ਪਰਮਾਤਮਾ ਦਾ ਭਾਣਾ ਹੈ ਇਸ ਸੋਚ ਨਾਲ ਮੈਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਜਦੋਂ ਸੋਚ ਵਿੱਚ ਸਕਾਰਾਤਮਕਤਾ ਸੀ ਤਾਂ ਪ੍ਰਭਾਵ ਵੀ ਸਕਾਰਾਤਮਕ ਨਿਕਲੇ। ਮੁਸ਼ਕਿਲਾਂ ਵੀ ਆਈਆਂ, ਵਿਚਾਰ ਵੀ ਵੱਖਰੇ ਸਨ ਇਸ ਸਭ ਦੇ ਬਾਵਜੂਦ ਮਨ ਵਿੱਚ ਕਿਤੇ ਇੱਕ ਗੱਲ ਸੀ ਪਰਮਾਤਮਾ ਤਾਂ ਇਹੀ ਚਾਹੁੰਦਾ ਹੈ। ਮੇਰੇ ਜੀਵਨ ਸਾਥੀ ਹੈ ਅਤੇ ਮੈਂ ਇਸੇ ਨਾਲ ਨਿਭਾਉਣਾ ਹੈ। ਬਸ ਜਿਸ ਤਰ੍ਹਾਂ ਦੀ ਸੋਚ ਸੀ ਉਸੇ ਤਰ੍ਹਾਂ ਦਾ ਮਾਹੌਲ ਬਣਦਾ ਗਿਆ। ਕੋਈ ਵੀ ਦੋ ਲੋਕ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਉਹਨਾਂ ਦੇ ਘਰ ਵਖਰੇ ਹੁੰਦੇ ਹਨ, ਮਾਹੌਲ ਵੱਖਰੇ ਤੇ ਪਰਵ੍ਰਿਸ਼ ਵੀ ਵੱਖਰੀ। ਜਦੋਂ ਮਨ ਵਿੱਚ ਧਾਰ ਲਈ ਜਾਵੇ ਕਿ ਅਸੀਂ ਇਕੱਠੇ ਰਹਿਣਾ ਹੈ ਤਾਂ ਮਨੁੱਖ ਕੁਝ ਸਮਝੌਤੇ ਵੀ ਕਰ ਲੈਂਦਾ ਹੈ। ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਲਈ ਸਾਨੂੰ ਸਮਝੌਤੇ ਕਰਨੇ ਵੀ ਚਾਹੀਦੇ ਹਨ। ਤੋੜ ਵਿਛੋੜਾ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ। ਅੱਜ ਦੀ ਨੌਜਵਾਨ ਪੀੜ੍ਹੀ ਨਿੱਕੀ ਜਿਹੀ ਗੱਲ ਤੇ ਛੱਡ ਛਡਾ ਤੱਕ ਪਹੁੰਚ ਜਾਂਦੀ ਹੈ। ਜ਼ਿੰਦਗੀ ਵਿਚ ਸਾਨੂੰ ਕਦੀ ਦੂਜੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਹੈ ਤੇ ਕਦੀ ਦੂਜੇ ਸਾਡੇ ਹਿਸਾਬ ਨਾਲ ਬਦਲ ਜਾਂਦਾ ਹੈ। ਜਦੋਂ ਜ਼ਿੰਦਗੀ ਦਾ ਧੁਰਾ ਪਿਆਰ ਹੋਵੇ ਤਾਂ ਬਦਲਣਾ ਵੀ ਮੁਸ਼ਕਿਲ ਨਹੀਂ ਲੱਗਦਾ। ਪਿਆਰ ਤੁਹਾਨੂੰ ਬਦਲਣ ਦੀ ਤਾਕਤ ਰੱਖਦਾ ਹੈ। ਜਦੋਂ ਅਸੀਂ ਆਪਣੇ ਜੀਵਨ ਸਾਥੀ ਨੂੰ ਅਪਨਾਉਂਦੇ ਹਾਂ ਤਾਂ ਉਸ ਨੂੰ ਟੁਕੜਿਆਂ ਵਿੱਚ ਨਹੀਂ ਅਪਣਾਇਆ ਜਾਂਦਾ। ਉਸ ਨੂੰ ਗੁਣ ਅਤੇ ਦੋਸ਼ ਦੋਹਾਂ ਦੇ ਨਾਲ ਹੀ ਅਪਣਾਇਆ ਜਾਂਦਾ ਹੈ। ਅਸੀਂ ਇੱਕ ਦੂਜੇ ਨੂੰ ਬਦਲਣ ਵਿਚ ਮਦਦ ਕਰ ਸਕਦੇ ਹਾਂ। ਪਰ ਇਹ ਬਦਲਾਵ ਜ਼ੋਰ ਜ਼ਬਰਦਸਤੀ ਨਾਲ ਨਹੀਂ ਆਉਂਦਾ। ਸਿੱਖ ਅਸੀਂ ਹਰ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰੀਏ ਤਾਂ ਹੱਲ ਲੱਭ ਪੈਂਦਾ ਹੈ। ਕਾਹਲੀ ਵਿੱਚ ਕੋਈ ਵੀ ਫੈਸਲਾ ਲੈਣਾ ਠੀਕ ਨਹੀਂ। ਤੱਤ ਭੜੱਤੇ ਫ਼ੈਸਲੇ ਅਕਸਰ ਗਲਤ ਹੁੰਦੇ ਹਨ। ਭਾਵਨਾਵਾਂ ਵਿਚ ਵਹਿ ਕੇ ਅਸੀਂ ਅਕਸਰ ਉਹ ਫੈਸਲੇ ਲੈਂਦੇ ਹਨ ਜਿਨ੍ਹਾਂ ਤੇ ਅਸੀਂ ਬਾਅਦ ਵਿੱਚ ਪਛਤਾਉਂਦੇ ਹਾਂ। ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਈਆਂ ਲਾਵਾਂ ਕਿਸੇ ਕਾਗਜ਼ ਦੇ ਟੁਕੜੇ ਨਾਲ ਖਤਮ ਨਹੀਂ ਹੁੰਦੀਆਂ। ਭਾਰਤੀ ਸਮਾਜ ਬਹੁਤ ਵੱਖਰੀ ਕਿਸਮ ਦਾ ਹੈ। ਇਹ ਸਾਡੀ ਰੂਹ ਤਕ ਵੱਸ ਚੁਕਿਆ ਹੈ। ਜ਼ਿਕਰ ਘਰੇਲੂ ਹਾਲਾਤ ਬਹੁਤ ਖ਼ਰਾਬ ਹੋ ਜਾਣ, ਇਕ ਦੂਜੇ ਤੇ ਜੁਲਮ ਕੀਤਾ ਜਾਵੇ ਤਾਂ ਵੱਖ ਹੋ ਜਾਣਾ ਉਚਿਤ ਹੈ ਪਰ ਇਥੇ ਨਿੱਕੀਆਂ ਗੱਲਾਂ ਤੇ ਗੁੱਸਾ ਕਰ ਕੇ ਘਰ ਤੋੜ ਲੈਣਾ ਸਹੀ ਨਹੀਂ। ਨਵੀਂ ਪੀੜ੍ਹੀ ਵਿੱਚ ਸਬਰ ਨਹੀਂ ਹੈ ਨਾ ਹੀ ਸਹਿਣਸ਼ੀਲਤਾ ਹੈ। ਸਬਰ ਅਤੇ ਸਹਨਸ਼ੀਲਤਾ ਇਕ ਮਜ਼ਬੂਤ ਰਿਸ਼ਤੇ ਦਾ ਆਧਾਰ ਬਣਦੇ ਹਨ। ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਹੋ ਸਕੇ ਰਿਸ਼ਤੇ ਨੂੰ ਨਿਭਾਇਆ ਜਾਵੇ। ਗਲਤੀ ਆਪਣੀ ਹੈ ਤਾਂ ਆਪਣੇ ਆਪ ਨੂੰ ਬਦਲਨਾ ਚਾਹੀਦਾ ਹੈ। ਆਪਣੀ ਗਲਤੀ ਮੰਨ ਲੈਣ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ। ਸਮਝੌਤਾ ਤਾਂ ਜਿੰਦਗੀ ਦਾ ਨਿਯਮ ਹੈ। ਅੱਜ ਸਾਡੇ ਤੇ ਨਿੱਜਵਾਦ ਭਾਰੂ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਰਿਸ਼ਤੇ ਤਿੜਕ ਰਹੇ ਹਨ ਤੇ ਘਰ ਬਿਖਰ ਰਹੇ ਹਨ। ਮਾਂ ਬਾਪ ਨੂੰ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਸਬਰ-ਸੰਤੋਖ ਤੇ ਸਹਿਣਸ਼ੀਲਤਾ ਨਾਲ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰਨ। ਘਰਾਂ ਦੀ ਮਜ਼ਬੂਤੀ ਨਾ ਹੋਣ ਕਰਕੇ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ। ਟੁਟਦੇ ਹੋਏ ਰਿਸ਼ਤੇ ਉਸ ਨੂੰ ਹੋਰ ਤੋੜ ਰਹੇ ਹਨ। ਇਸ ਤਰ੍ਹਾਂ ਮਨੁੱਖ ਅੰਦਰੋਂ ਅੰਦਰ ਖੋਖਲਾ ਹੁੰਦਾ ਜਾ ਰਿਹਾ ਹੈ। ਖੁਸ਼ ਰਹਿਣਾ ਅਤੇ ਇੱਕ-ਦੂਜੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਪਿਆਰ ਦਾ ਅਰਥ ਦੂਸਰੇ ਦੀ ਸਮੱਸਿਆ ਨੂੰ ਸਮਝਣ ਤੇ ਹੱਲ ਕਰਨਾ ਹੈ। ਪਿਆਰ ਦੇ ਦਿਖਾਵੇ ਚੋਂ ਨਿਕਲ ਕੇ ਦਿਲੋਂ ਪਿਆਰ ਕਰਨ ਦੀ ਜ਼ਰੂਰਤ ਹੈ। ਅੱਜ ਸਾਡੇ ਸਮਾਜ ਨੂੰ ਖੋਰਾ ਲਾ ਰਹੀ ਆਧੁਨਿਕਤਾ ਸਾਨੂੰ ਇਕੱਲਤਾ ਵੱਲ ਲਿਜਾ ਰਹੀ ਹੈ। ਮਾਨਸਿਕ ਬਿਮਾਰੀਆਂ ਵਧ ਰਹੀਆਂ ਹਨ। ਇੱਕ ਗੱਲ ਹੋਰ ਯਾਦ ਰੱਖਣ ਯੋਗ ਹੈ ਕਿ ਪਰਫ਼ੈਕਟ ਕੁਝ ਨਹੀਂ ਹੁੰਦਾ। ਜ਼ਿੰਦਗੀ ਵਿੱਚ ਘੱਟ ਵੱਧ ਤਾਂ ਚੱਲਦੀ ਹੀ ਰਹਿੰਦੀ ਹੈ। ਆਪਣੀ ਖੁਸ਼ੀਆਂ ਨੂੰ ਅਜਾਈਂ ਨਾ ਗੁਆਓ। ਹਊਮੈ ਵਿੱਚ ਆ ਕੇ ਰਿਸ਼ਤਿਆਂ ਦੀ ਬਲੀ ਨਾ ਦਿਓ। ਖੁਸ਼ ਰਹੋ ਤੇ ਆਪਣਿਆਂ ਨੂੰ ਖੁਸ਼ ਰੱਖੋ।

-ਹਰਪ੍ਰੀਤ ਕੌਰ ਸੰਧੂ

Comment here