ਵਾਸ਼ਿੰਗਟਨ-ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਨੈਨਸੀ ਪੇਲੋਸੀ ਦੇ ਸੈਨ ਫਰਾਂਸਿਸਕੋ ਸਥਿਤ ਘਰ ਵਿੱਚ ਇੱਕ ਹਮਲਾਵਰ ਨੇ ਸ਼ੁੱਕਰਵਾਰ ਤੜਕੇ ਉਨ੍ਹਾਂ ਦੇ ਪਤੀ ਦੀ ਕੁੱਟਮਾਰ ਕੀਤੀ। ਹਮਲਾਵਰ ਨੈਨਸੀ ਦੀ ਭਾਲ ’ਚ ਉਨ੍ਹਾਂ ਦੇ ਘਰ ’ਚ ਦਾਖਲ ਹੋਇਆ ਸੀ ਅਤੇ ਉਹ ‘ਨੈਨਸੀ ਕਿੱਥੇ ਹੈ, ਨੈਨਸੀ ਕਿੱਥੇ ਹੈ?’ ਬੋਲ ਰਿਹਾ ਸੀ। ਇਸ ਦੌਰਾਨ ਉਸਨੇ 82 ਸਾਲਾ ਪਾਲ ਪੇਲੋਸੀ ’ਤੇ ਹਥੋੜੇ ਨਾਲ ਹਮਲਾ ਕਰ ਦਿੱਤਾ।
ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਸਿਰਫ 11 ਦਿਨ ਪਹਿਲਾਂ ਹੋਏ ਇਸ ਹਮਲੇ ਨੇ ਪਹਿਲਾਂ ਤੋਂ ਹੀ ਤਣਾਅਪੂਰਨ ਦੇਸ਼ ਦੇ ਸਿਆਸੀ ਮਾਹੌਲ ’ਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਨਾਲ 6 ਜਨਵਰੀ 2021 ਨੂੰ ਅਮਰੀਕੀ ਕੈਪਿਟਲ (ਸੰਸਦ ਕੰਪਲੈਕਸ) ’ਚ ਹੋਏ ਦੰਗਿਆਂ ਦੀ ਯਾਦ ਤਾਜ਼ਾ ਹੋ ਗਈ, ਜਦੋਂ ਰਾਸ਼ਟਰਪਤੀ ਚੋਣਾਂ ’ਚ ਜੋ ਬਾਈਡੇਨ ਦੀ ਜਿੱਤ ਦੇ ਨਤੀਜਿਆਂ ਨੂੰ ਰੋਕਣ ਲਈ ਸੰਸਦ ਕੰਪਲੈਕਸ ’ਤੇ ਧਾਵਾ ਬੋਲਣ ਵਾਲੇ (ਡੋਨਾਲਡ) ਟਰੰਪ ਸਮਰਥਕਾਂ ਨੇ ਪ੍ਰਤੀਨਿਧੀ ਸਭਾ ਦੀ ਪ੍ਰਧਾਨ iਖ਼ਲਾਫ਼ ਨਾਅਰੇਬਾਜ਼ੀ ਕੀਤੀ ਸੀ।
ਹਮਲੇ ਦੇ ਸਮੇਂ ਨੈਨਸੀ ਪੇਲੋਸੀ ਵਾਸ਼ਿੰਗਟਨ ਡੀਸੀ ’ਚ ਸੀ। ਸ਼ੁੱਕਰਵਾਰ ਦੇਰ ਰਾਤ ਸੈਨ ਫਰਾਂਸਿਸਕੋ ਪਹੁੰਚਣ ਤੋਂ ਬਾਅਦ ਉਹ ਸਿੱਧਾ ਹਸਪਤਾਲ ਗਈ, ਜਿੱਥੇ ਉਨ੍ਹਾਂ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ। ਸੈਨ ਫਰਾਂਸਿਸਕੋ ਦੇ ਪੁਲਸ ਮੁਖੀ ਵਿਲੀਅਮ ਸਕਾਟ ਨੇ ਕਿਹਾ ਕਿ ਇਹ ਅਣਜਾਣੇ ’ਚ ਹੋਈ ਵਾਰਦਾਤ ਨਹੀਂ ਹੈ।
Comment here