ਸਿਆਸਤਖਬਰਾਂਮਨੋਰੰਜਨ

ਸਨੀ ਦਿਓਲ ਨੂੰ ਬਾਅਦ ‘ਚ ਪਤਾ ਲੱਗਾ ਕਿ ਉਹ ਰਾਜਨੀਤੀ ਦੇ ਕਾਬਲ ਨਹੀਂ!

ਹੈਦਰਾਬਾਦ-ਗੁਰਦਾਸਪੁਰ ਤੋਂ ਸਾਂਸਦ ਐਕਟਰ ਸਨੀ ਦਿਓਲ ਨੇ ਇਕ ਨਿੱਜੀ ਨਿਊਜ਼ ਚੈਨਲ ਤੇ ਗੱਲ ਕਰਦੇ ਹੋਏ ਰਾਜਨੀਤੀ ਵਿੱਚ ਨਾ ਰਹਿਣ ਦੀ ਗੱਲ ਕਬੂਲੀ ਹੈ। ਉਨ੍ਹਾ ਕਿਹਾ ਹੈ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਉਹ ਨਹੀਂ ਲੜਣਗੇ। ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਐਕਟਰ ਨੇ ਤੇ ਉਹ ਬਤੌਰ ਐਕਟਰ ਵੀ ਦੇਸ਼ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਏਥੋੱ ਤੱਕ ਕਿਹਾ ਕਿ ਉਨ੍ਹਾਂ ਦੀ ਫੈਮਿਲੀ ਨੂੰ ਰਾਜਨੀਤੀ ਸੂਟ ਨਹੀਂ ਕਰਦੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਰਾਜਨੀਤੀ ਵਿੱਚ ਕੁਝ ਹੋਰ ਸੋਚ ਕੇ ਗਏ ਸਨ। ਪਰ ਓਥੇ ਉਨ੍ਹਾਂ ਨੂੰ ਮਨ ਮਾਫਿਕ ਮਾਹੌਲ ਨਹੀਂ ਮਿਲਿਆ।
ਸਨੀ ਦਿਓਲ ਪਿਛਲੇ ਚਾਰ ਸਾਲ ਤੋਂ ਗੁਰਦਾਸਪੁਰ ਤੋਂ ਸਾਂਸਦ ਹਨ, ਪਰ ਆਪਣੇ ਲੋਕ ਸਭਾ ਹਲਕੇ ਵਿੱਚ ਕਦੇ ਨਹੀਂ ਵੇਖੇ ਗਏ। ਇਸ ਗੱਲੋਂ ਖੇਤਰ ਦੇ ਲੋਕ ਵੀ ਨਰਾਜ਼ ਹਨ। ਨਾਰਾਜ਼ਗੀ ਏਥੋਂ ਤੱਕ ਕਿ ਲੋਕਾਂ ਨੇ ਕਈ ਵਾਰ ਸਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਵੀ ਇਲਾਕੇ ਵਿੱਚ ਲਗਾਏ। ਫੇਰ ਵੀ ਸਨੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਓਦੂੰ ਬਾਅਦ ਕੁਝ ਲੋਕਾਂ ਨੇ ਮਿਲ ਕੇ ਲੋਕ ਸਭਾ ਸਪੀਕਰ ਓਮ ਬਿਡਲਾ ਨੂੰ ਚਿੱਠੀ ਤੱਕ ਵੀ ਲਿਖ ਦਿੱਤੀ। ਜਿਸ ਵਿੱਚ ਸਨੀ ਦਿਓਲ ਦੀ ਲੋਕਸਭਾ ਮੈਂਬਰੀ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ। ਲੋਕਾ ਦਾ ਕਹਿਣਾ ਸੀ ਕਿ ਜਿਹੜਾ ਸਾਂਸਦ ਆਪਣੇ ਹਲਕੇ ਵਿੱਚ ਕਦੇ ਆਇਆ ਹੀ ਨਹੀਂ, ਉਹਨੂੰ ਸਾਂਸਦ ਰਹਿਣ ਦਾ ਵੀ ਕੋਈ ਹੱਕ ਨਹੀਂ।
ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਚਾਰ ਸਾਲਾਂ ਬਾਅਦ ਸਨੀ ਦਿਓਲ ਨੂੰ ਇਹ ਪਤਾ ਲੱਗਾ ਕਿ ਰਾਜਨੀਤੀ ਉਹਦੇ ਵੱਸ ਦੀ ਗੱਲ ਨਹੀਂ। ਇਨ੍ਹਾਂ ਚਾਰ ਸਾਲਾਂ ਵਿੱਚ ਉਨ੍ਹਾਂ ’ਤੇ ਬਤੌਰ ਸਾਂਸਦ ਜੋ ਖ਼ਰਚ ਹੋਇਆ, ਹਲਕੇ ਦੇ ਲੋਕਾਂ ਨੇ ਜੋ ਕੁਝ ਭੁਗਤਿਆ, ਉਸਦਾ ਹਿਸਾਬ ਕੌਣ ਕਰੇਗਾ? ਇਹ ਇਕ ਵੱਡਾ ਸਵਾਲ ਹੈ। ਜੇਕਰ ਉਨ੍ਹਾਂ ਦੀ ਰਾਜਨੀਤੀ ਵਿੱਚ ਵਰਚੁਅਲ ਗਤੀਵਿਧੀ ਦੀ ਗੱਲ ਕੀਤੀ ਜਾਵੇ ਤਾਂ, ਉਨ੍ਹਾਂ ਦੇ ਐਕਸ ਹੈਂਡਲ (ਓਦੋਂ ਟਵੀਟਰ) ’ਤੇ 31 ਮਾਰਚ, 2022 ਨੂੰ ਇਕ ਟਵੀਟ ਹੈ ਜਿਸ ਵਿੱਚ ਉਨ੍ਹਾਂ ਨੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਦੀ ਗੱਲ ਕੀਤੀ ਹੈ। ਇਹ ਉਨ੍ਹਾਂ ਦਾ ਰਾਜਨੀਤੀਕ ਗਤੀਵਿਧੀ ਨਾਲ ਸੰਬੰਧਤ ਆਖਰੀ ਟਵੀਟ ਕਿਹਾ ਜਾ ਸਕਦਾ ਹੈ। ਬਾਕੀ ਸਾਰੇ ਟਵੀਟ ਮਨੋਰੰਜਨ ਜਗਤ ਨਾਲ ਸੰਬੰਧਤ ਹਨ।
ਸਨੀ ਦਿਓਲ ਨੇ 2019 ਨੂੰ ਰਾਜਨੀਤਿਕ ਸਫਰ ਦੀ ਸ਼ੁਰੂਆਤ ਕੀਤੀ ਸੀ। ਉਹ ਗੁਰਦਾਸਪੁਰ ਸੀਟ ਤੋਂ ਬੀਜੇਪੀ ਵੱਲੋਂ ਚੋਣ ਲੜੇ ਸਨ। ਚੋਣਾਂ ਦੌਰਾਨ ਉਨ੍ਹਾਂ ਦੇ ਖਿਲਾਫ਼ ਓਸ ਸਮੇਂ ਕਾਂਗਰਸ ਨੇਤਾ ਸੁਨੀਲ ਜਾਖੜ ਚੋਣ ਲੜੇ ਸਨ। ਸਨੀ ਦਿਓਲ, ਸੁਨੀਲ ਜਾਖੜ ਨੂੰ 84 ਹਜ਼ਾਰ ਵੋਟਾਂ ਦੇ ਮਾਰਜਨ ਨਾਲ ਹਰਾ ਕੇ ਸਾਂਸਦ ਬਣੇ ਸਨ। ਲੋਕਾਂ ਨੇ ਇਸ ਉਮੀਦ ਨਾਲ ਸਨੀ ਨੂੰ ਜਿਤਾਇਆ ਸੀ ਕਿ ਉਹ ਉਨ੍ਹਾਂ ਦੇ ਹਲਕੇ ਦੀਆਂ ਸਮੱਸਿਆਵਾਂ ਸੰਸਦ ਵਿੱਚ ਚੁੱਕਣਗੇ ਤੇ ਇਲਾਕੇ ਦਾ ਵਿਕਾਸ ਕਰਨਗੇ। ਇਸ ਪਿੱਛੇ ਧਾਰਣਾ ਇਹ ਹੋਵੇਗੀ ਕਿ ਸ਼ਾਇਦ ਸਨੀ ਦਿਓਲ ਵੀ ਇਸਤੋਂ ਪਹਿਲਾਂ ਗੁਰਦਾਸਪੁਰ ਤੋਂ ਹੀ ਸਾਂਸਦ ਰਹੇ ਫਿਲਮ ਐਕਟਰ ਵਿਨੋਦ ਖੰਨਾ ਦੀ ਤਰ੍ਹਾਂ ਇਲਾਕੇ ਦੀਆਂ ਸਮੱਸਿਆਵਾਂ ਹੱਲ ਕਰਨਗੇ। ਪਰ ਅਜਿਹਾ ਨਹੀਂ ਹੋ ਸਕਿਆ।
ਸਾਂਸਦ ਸਨੀ ਦਿਓਲ ਦੀ ਸੰਸਦ ‘ਚ ਹਾਜ਼ਰੀ ਦਾ ਜ਼ਿਕਰ ਕਰਨਾ ਵੀ ਇੱਥੇ ਲਾਜ਼ਮੀ ਹੈ ਕਿਉਂਕਿ ਗੁਰਦਾਸਪੁਰੀਆਂ ਨੇ ਵੱਡੇ ਫ਼ਤਵੇ ਨਾਲ ਸੰਨੀ ਦਿਓਲ ਦੇ ਹੱਥ ਆਪਣੇ ਹਲਕੇ ਦੀ ਡੋਰ ਦਿੱਤੀ ਸੀ। ਪਰ ਸੰਸਦ ਵਿੱਚ ਸਨੀ ਦਾ ਰਿਪੋਰਟ ਕਾਰਡ ਵੇਖ ਕੇ ਹੋਰ ਵੀ ਹੈਰਾਨੀ ਹੁੰਦੀ ਹੈ। ਕਾਬਲੇਜ਼ਿਕਰ ਹੈ ਕਿ ਬਜਟ ਸੈਸ਼ਨ ਦੌਰਾਨ ਲੋਕ ਸਭਾ ਮੈਂਬਰਾਂ ਵਿੱਚੋਂ ਸਭ ਤੋਂ ਘੱਟ ਹਾਜ਼ਰੀ ਗੁਰਦਾਸਪੁਰ ਦੇ ਸਾਂਸਦ ਸਨੀ ਦਿਓਲ ਦੀ ਹੈ। ਪਾਰਲੀਮੈਂਟ ਦਾ ਇਹ ਸੈਸ਼ਨ 31 ਜਨਵਰੀ ਤੋਂ 6 ਅਪ੍ਰੈਲ ਤੱਕ ਚੱਲਿਆ ਸੀ। ਇਸ ਸੈਸ਼ਨ ਦੌਰਾਨ 23 ਬੈਠਕਾਂ ਹੋਈਆਂ, ਜਿੰਨ੍ਹਾਂ ਵਿੱਚ ’ਫਿਲਮਾਂ ‘ਚ ਗਦਰ ਮਚਾਉਣ ਵਾਲਾ ਤਾਰਾ ਸਿੰਘ’ ਟੁੱਟੇ ਹੋਏ ਤਾਰੇ ਵਾਂਗ ਸਿਰਫ਼ 2 ਦਿਨ ਹੀ ਚਮਕਿਆ। ਮਤਲਬ ਸਨੀ ਦਿਓਲ ਆਪਣੇ ਹਲਕੇ ਤੋਂ ਹੀ ਨਹੀਂ ਬਲਕਿ ਸੰਸਦ ਤੋਂ ਵੀ ਦੂਰ ਰਹੇ ਅਤੇ ਉਨ੍ਹਾਂ ਦੀ ਸੰਸਦ ‘ਚ ਓਵਰਆਲ ਹਾਜ਼ਰੀ ਮਹਿਜ਼ 20ਫੀਸਦੀ ਹੀ ਰਹੀ।
ਭਾਵੇਂ ਕਿ ਸਨੀ ਦਿਓਲ ਵੱਲੋਂ 2024 ਦੀਆਂ ਲੋਕਸਭਾ ਚੋਣਾਂ ਲੜਨ ਤੋਂ ਤੌਬਾ ਕਰ ਲਈ ਗਈ ਹੈ, ਪਰ ਇਸ ਸਭ ਵਿਚਕਾਰ ਜੇਕਰ ਕੋਈ ਪਿਸਿਆ ਹੈ ਤਾਂ ਉਹ ਗੁਰਦਾਸਪੁਰ ਦੇ ਲੋਕ ਹਨ, ਜਿੰਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਇਆ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਸ ਸਭ ਦੀ ਭਰਪਾਈ ਹੁਣ ਕੌਣ ਕਰੇਗਾ? ਦੂਜਾ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਲੋਕ ਹੁਣ ਕਿਸੇ ਅਦਾਕਾਰ ‘ਤੇ ਯਕੀਨ ਕਰ ਪਾਉਣਗੇ। ਤੀਜਾ ਤੇ ਅਹਿਮ ਸਵਾਲ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਤੋਂ ਕਿਸ ‘ਤੇ ਦਾਅ ਖੇਡੇਗੀ?

Comment here