ਖਬਰਾਂ

ਸਧਾਰਨ ਪਰਿਵਾਰ ਦਾ ਮੁੰਡਾ ਜਾਏਗਾ ਇਸਰੋ

ਪਟਿਆਲਾ – ਜਿੱਥੇ ਚਾਹ ਓਥੇ ਰਾਹ..  ਇਨਸਾਨ ਆਪਣੀ ਸਖ਼ਤ ਮਿਹਨਤ, ਲਗਨ ਤੇ ਦ੍ਰਿਡ਼੍ਹ ਸੰਕਲਪ ਨਾਲ ਆਪਣੇ ਸੋਚੇ ਹੋਏ ਸੁਪਨਿਆਂ ਦੇ ਮੁਕਾਮ ਨੂੰ ਹਾਸਲ ਸਕਦਾ ਹੈ, ਅਜਿਹਾ ਹੀ ਪਟਿਆਲਾ ਦੇ ਹਲਕਾ ਸਨੌਰ ਦੇ ਨਿੱਕੇ ਜਿਹੇ ਪਿੰਡ ਮਗਰ ਸਾਹਿਬ ਦੇ ਨੌਜਵਾਨ ਕਮਲਦੀਪ ਸ਼ਰਮਾ ਨੇ ਕਰ ਵਿਖਾਇਆ ਹੈ ਜਿਸ ਦੇ ਮਨ ਵਿਚ ਵਿਗਿਆਨੀ ਬਣਨ ਦੀ ਜਾਗੀ ਤਾਂਘ ਨੇ ਦੇਸ਼ ਭਰ ਦੀ ਸਭ ਤੋਂ ਵੱਡੀ ਵਿਗਿਆਨਕ ਸੰਸਥਾ ਇਸਰੋ (ਆਲ ਇੰਡੀਆ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ) ਦੀ ਪ੍ਰੀਖਿਆ ’ਚ ਤੀਸਰਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਸੂਬੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਕਮਲਦੀਪ ਸ਼ਰਮਾ ਨੇ ਦੱਸਿਆ ਕਿ ਉਹ ਸਾਂਝੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕੋਲ ਸਿਰਫ਼ ਦੋ ਏਕਡ਼ ਹੀ ਜ਼ਮੀਨ ਹੈ। ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਉਸ ਦੇ ਪਿਤਾ ਖੇਤੀ ਦੇ ਨਾਲ ਟੈਂਪੂ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਇਥੇ ਤਕ ਪਹੁੰਚਣ ਲਈ ਉਸ ਦੇ ਪਿਤਾ ਦਾ ਅਹਿਮ ਯੋਗਦਾਨ ਰਿਹਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਤੇ ਸਹਿਯੋਗ ਸਦਕਾ ਉਸ ਨੇ ਬੀਟੈੱਕ ਦੀ ਪਡ਼੍ਹਾਈ 2017 ਵਿਚ ਪੂਰੀ ਕਰ ਲਈ ਸੀ। ਬੀਟੈੱਕ ਦੀ ਪਡ਼੍ਹਾਈ ਪੂਰੀ ਹੋਣ ਤੋਂ ਬਾਅਦ ਉਹ ਨੌਕਰੀ ਲਈ ਦਿੱਲੀ ਚਲਾ ਗਿਆ ਸੀ। ਬੀਟੈੱਕ ਹੋਣ ਦੇ ਬਾਵਜੂਦ ਉਸ ਨੂੰ ਬਡ਼ੇ ਧੱਕੇ ਖਾਣ ਤੋਂ ਬਾਅਦ ਨਿੱਜੀ ਕੰਪਨੀ ਵਿਚ ਨੌਕਰੀ ਮਿਲ ਗਈ ਜਿਥੇ ਉਸ ਦੀ ਤਨਖਾਹ ਵੀ 8 ਤੋਂ 10 ਹਜ਼ਾਰ ਦੇ ਵਿਚਕਾਰ ਹੀ ਸੀ। ਇੰਨੀ ਤਨਖ਼ਾਹ ਨਾਲ ਉਹ ਦਿੱਲੀ ’ਚ ਉਸ ਨੂੰ ਰਹਿਣ ਤੇ ਖਾਣ-ਪੀਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਸ ਨੇ ਫੇਰ ਦਿੱਕਤਾਂ ਦੇ ਚਲਦਿਆਂ ਨੌਕਰੀ ਛੱਡ ਦਿੱਤੀ ਸੀ।

Comment here