ਨਵੀਂ ਦਿੱਲੀ-ਦਿੱਲੀ ਦੀ ਤਿਹਾੜ ਜੇਲ੍ਹ ਤੋਂ ਕੈਬਨਿਟ ਮੰਤਰੀ ਸਤੇਂਦਰ ਜੈਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਥਿਤ ਤੌਰ ’ਤੇ ਮਾਲਿਸ਼ ਕਰਾਉਂਦੇ ਨਜ਼ਰ ਆ ਰਹੇ ਹਨ ਜੈਨ ਜੋ ਕਿ ਹਵਾਲਾ ਰਾਸ਼ੀ ਦੇ ਦੋਸ਼ਾਂ ਵਿਚ ਨਿਆਇਕ ਹਿਰਾਸਤ ਵਿਚ ਹੈ, ਨੂੰ ਵੀਡੀਓ ਵਿਚ ਕੁਝ ਦਸਤਾਵੇਜ਼ ਪੜ੍ਹਦੇ ਅਤੇ ਇਕ ਵਿਅਕਤੀ ਵਲੋਂ ਉਸ ਦੀਆਂ ਲੱਤਾਂ ਦੀ ਮਾਲਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਭਾਜਪਾ ਦੇੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਤੇਂਦਰ ਜੈਨ ਦਾ ਵੀਡੀਓ ਮੀਡੀਆ ਨੂੰ ਵਿਖਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਆਪਣੇ ਮੰਤਰੀਆਂ ਨੂੰ ਜੇਲ੍ਹ ਅੰਦਰ ਮਾਲਿਸ਼ ਤੇ ਹੋਰ ਸਹੂਲਤਾਂ ਦੇ ਨਾਲ ਹੀ ਕਥਿਤ ਤੌਰ ’ਤੇ ਵਸੂਲੀ ਵੀ ਕਰਵਾ ਰਹੇ ਹਨ, ਉਸ ਤੋਂ ਸਾਬਤ ਹੋ ਗਿਆ ਹੈ ਕਿ ਸੰਵਿਧਾਨ ਦੀ ਰੱਖਿਆ ਕਰਨ ਦੀ ਸਹੁੰ ਚੁੱਕਣ ਵਾਲੇ ਕੇਜਰੀਵਾਲ ਅੱਜ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ’ਮਸਾਜ ਪਾਰਟੀ’ ਬਣ ਗਈ ਹੈ। ਜੇਲ੍ਹ ਵਿਚ ਇਹ ਵੀ.ਵੀ.ਆਈ.ਪੀ. ਸੱਭਿਆਚਾਰ ਲੋਕਤੰਤਰ ਲਈ ਖਤਰਨਾਕ ਹੈ। ਉਧਰ ਸਤੇਂਦਰ ਜੈਨ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਤਿਹਾੜ ਜੇਲ੍ਹ ਦੀ ਸੀ.ਸੀ.ਟੀ.ਵੀ. ਫੁਟੇਜ਼ ਮੀਡੀਆ ਸਾਹਮਣੇ ਲੀਕ ਕਰਨ ਲਈ ਈ.ਡੀ. ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਭਾਜਪਾ ਦੇ ਦੋਸ਼ਾਂ ਦੇ ਜਵਾਬ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ’ਤੇ ਹੇਠਲੀ ਪੱਧਰ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਨ, ਇਸ ਦੌਰਾਨ ਉਹ ਜੇਲ੍ਹ ਵਿਚ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਦੇ ਸਪਾਈਨ ਵਿਚ ਸੱਟ ਵੱਜੀ ਸੀ ਅਤੇ ਉਨ੍ਹਾਂ ਦਾ ਆਪਰੇਸ਼ਨ ਵੀ ਹੋਇਆ। ਸਿਸੋਦੀਆ ਨੇ ਕਿਹਾ ਕਿ ਭਾਜਪਾ ਇਕ ਬਿਮਾਰ ਵਿਅਕਤੀ ਦਾ ਮਜ਼ਾਕ ਉਡਾ ਰਹੀ ਹੈ।
Comment here