ਸਿਆਸਤਖਬਰਾਂਚਲੰਤ ਮਾਮਲੇ

ਸਕੂਲ, ਕਾਲਜ ਖੁਲਵਾਉਣ ਲਈ 7 ਨੂੰ ਫੂਕੇ ਜਾਣਗੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ

ਜਲੰਧਰ-ਕੋਰੋਨਾ ਬਹਾਨੇ ਪਿਛਲੇ ਸਮੇਂ ਤੋਂ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਬੰਦ ਹਨ ਅਤੇ ਇਹਨਾਂ ਪਾਬੰਦੀਆਂ ਨੂੰ ਅਗਲੀ 8 ਫਰਵਰੀ ਤੱਕ ਵਧਾਏ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸਦੇ ਮੱਦੇਨਜ਼ਰ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮਾਨਵਜੋਤ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਜਥੇਬੰਦਕ ਸਕੱਤਰ ਗੁਰਪ੍ਰੀਤ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਕੋਰੋਨਾ ਪਾਬੰਦੀਆਂ ਦੀ ਵਜਾਹ ਨਾਲ਼ ਵਿਦਿਅਕ ਸੰਸਥਾਵਾਂ ਬੰਦ ਰਹਿਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਲਾਈਆਂ ਜਾ ਰਹੇ ਪਾਬੰਦੀਆਂ ਦੇ ਡਰਾਮੇ ਨੂੰ ਹੁਣ ਲੋਕੀਂ ਸਮਝ ਚੁੱਕੇ ਹਨ ਅਤੇ ਉਹ ਕਿਸੇ ਵੀ ਤਰਾਂ ਹੋਰ ਬੰਦਸ਼ਾਂ ਨਹੀਂ ਝੱਲਣਗੇ। ਆਗੂਆਂ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਜਥੇਬੰਦੀਆਂ ਵੱਲੋਂ ਬਿਲਕੁਲ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਕੋਰੋਨਾ ਕੋਈ ਮਹਾਂਮਾਰੀ ਨਹੀਂ, ਸਗੋਂ ਇੱਕ ਆਮ ਫਲੂ ਹੀ ਹੈ। ਭਾਰਤ ਦੇ ਹਾਕਮਾਂ ਨੇ ਕੋਰੋਨਾ ਨੂੰ ਸਿਆਸੀ ਹੱਥਾ ਬਣਾ ਕੇ ਪਿਛਲੇ ਦੋ ਸਾਲਾਂ ਤੋਂ ਲੋਕਾਈ ਉੱਤੇ ਆਰਥਕ ਹੱਲਾ ਹੀ ਤੇਜ ਕੀਤਾ ਹੈ। ਜਿਕਰਯੋਗ ਹੈ ਕਿ ਅੱਜ ਜਦੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਨੌਕਰਸ਼ਾਹੀ ਫ਼ਰਮਾਨ ਜਾਰੀ ਕੀਤੇ ਹੋਏ ਹਨ, ਉਸ ਵੇਲ਼ੇ ਭਾਰਤ ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣ ਸਰਗਰਮੀਆਂ ਜੋਰਾਂ ਸ਼ੋਰਾਂ ਨਾਲ਼ ਚੱਲ ਰਹੀਆਂ ਹਨ। ਸਵਾਲ ਉੱਠਦਾ ਹੈ ਕਿ ਭਲਾਂ ਕੋਰੋਨਾ ਸਿਰਫ ਵਿਦਿਅਕ ਸੰਸਥਾਵਾਂ ਵਿੱਚ ਹੀ ਆਉਂਦਾ ਹੈ, ਜਦੋਂਕਿ ਬਾਕੀ ਸਾਰੇ ਅਦਾਰੇ ਖੁੱਲੇ ਹਨ। ਵੋਟ ਪਾਰਟੀਆਂ ਦੇ ਉਮੀਦਵਾਰ ਪਿੰਡਾਂ-ਸ਼ਹਿਰਾਂ ਵਿੱਚ ਵੋਟਾਂ ਮੰਗਦੇ ਹੇੜਾਂ ਬਣਾਈ ਫਿਰਦੇ ਹਨ, ਪਰ ਉਹਨਾਂ ਉੱਤੇ ਕੋਈ ਪਾਬੰਦੀ ਨਹੀਂ ਹੈ। ਜਿਸਤੋਂ ਕੋਰੋਨਾ ਬਹਾਨੇ ਵਿਦਿਆਰਥੀਆਂ ਦੇ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੁੰਦਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਪਖੰਡ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਅਤੇ ਪੀਐਸਯੂ(ਲਲਕਾਰ) ਵੱਲੋਂ ਸਾਂਝੇ ਤੌਰ ’ਤੇ ਵਿਦਿਆਰਥੀ ਤਬਕੇ ਅਤੇ ਹੋਰਾਂ ਹਿੱਸਿਆਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਆਉਣ ਵਾਲ਼ੀ 7 ਫਰਵਰੀ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਕੇ, ਵਿਦਿਅਕ ਸੰਸਥਾਵਾਂ ਨੂੰ ਪੂਰੀ ਤਰਾਂ ਖੋਲ੍ਹਣ ਦੀ ਮੰਗ ਬੁਲੰਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਇਸ ਮੰਗ ਨੂੰ ਲੈ ਕੇ ਕੀਤੇ ਜਾਣ ਵਾਲੇ ਰੋਸ ਮੁਜਾਹਰਿਆਂ ਅਤੇ ਧਰਨਿਆਂ ਦੀ ਹਮਾਇਤ ਕਰਦਿਆਂ ਅੱਢ-ਅੱਢ ਥਾਈਂ ਇਹਨਾਂ ਵਿੱਚ ਸ਼ਾਮਲ ਹੋਇਆ ਜਾਵੇਗਾ।

Comment here