ਸਿਆਸਤਖਬਰਾਂਚਲੰਤ ਮਾਮਲੇ

ਸਕੂਲ ਆਫ ਐਮੀਨੈਂਸ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਸਵਾਲ

ਚੰਡੀਗੜ੍ਹ-ਮਾਨ ਸਰਕਾਰ ਦਾ ਪਹਿਲਾ ਸਕੂਲ ਆਫ ਐਮੀਨੈਂਸ ਲਗਾਤਾਰ ਵਿਵਾਦਾਂ ਵਿੱਚ ਘਿਰ ਰਿਹਾ ਹੈ। ਸਰਕਾਰ ਦੇ ਆਪਣੇ ਵਿਧਾਇਕ ਹੀ ਸਰਕਾਰ ਦੇ ਇਸ ਅਵੱਲੇ ਸਕੂਲ ਉੱਤੇ ਸਵਾਲ ਚੁੱਕਦੇ ਨਜਰ ਆ ਰਹੇ ਹਨ। ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਕਾਇਦਾ ਇਸ ਨੂੰ ਲੈ ਕੇ ਟਵੀਟ ਕੀਤਾ ਅਤੇ ਸਰਕਾਰ ਤੋਂ ਪੁੱਛਿਆ ਕਿ ਮੈਨੂੰ ਵੀ ਜਰੂਰ ਦਿਖਾਓ ਕਿ ਇਹ ਸਕੂਲ ਆਫ ਐਮੀਨੈਂਸ ਕਿੱਧਰ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਉਚੇਚਾ ਜ਼ਿਕਰ ਕਰਕੇ ਸਰਕਾਰ ਨੂੰ ਸਕੂਲ ਆਫ ਐਮੀਨੈਂਸ ਦੇ ਮੁੱਦੇ ਉੱਤੇ ਘੇਰਿਆ ਹੈ।
ਦਰਅਸਲ ਡਾ. ਇੰਦਰਬੀਰ ਸਿੰਘ ਨਿੱਜਰ ਨੇ ਟਵੀਟ ਕਰਕੇ ਸਰਕਾਰ ਨੂੰ ਸਕੂਲ ਆਫ ਐਮੀਨੈਂਸ ਉੱਤੇ ਵਧਾਈ ਦਿੱਤੀ ਸੀ। ਇਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਿੱਜਰ ਦੀ ਪੋਸਟ ਹੇਠਾਂ ਕਮੈਂਟ ਕੀਤਾ ਕਿ ਇਹ ਸਕੂਲ ਆਫ ਐਮੀਨੈਂਸ ਕਿੱਥੇ ਹੈ, ਉਸਨੂੰ ਵੀ ਜ਼ਰੂਰ ਦਿਖਾਇਆ ਜਾਵੇ। ਹਾਲਾਂਕਿ ਇਹ ਕਮੈਂਟ ਹੁਣ ਕਿੱਧਰੇ ਵੀ ਨਜ਼ਰ ਨਹੀਂ ਆ ਰਿਹਾ ਹੈ। ਪਰ ਇਸ ਕਮੈਂਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਕਮੈਂਟ ਵਾਇਰਲ ਹੋਇਆ ਤਾਂ ਸੁਖਪਾਲ ਖਹਿਰਾ ਨੇ ਵੀ ਸਮਾਂ ਨਹੀਂ ਗਵਾਇਆ ਅਤੇ ਇਸੇ ਨੂੰ ਅਧਾਰ ਬਣਾ ਕੇ ਸਰਕਾਰ ਨੂੰ ਸਵਾਲ ਕੀਤੇ ਹਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਇੰਦਰਬੀਰ ਸਿੰਘ ਨਿੱਜਰ ਦੀ ਪੋਸਟ ਹੇਠਾਂ ਕਮੈਂਟ ਕੀਤਾ ਸੀ ਉਸ ਮੁਤਾਬਿਕ ਉਨ੍ਹਾਂ ਲਿਖਿਆ ਸੀ ਕਿ ਡਾਕਟਰ ਸਾਹਬ, ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਜੀ, ਇਹ ਸਕੂਲ ਮੈਨੂੰ ਵੀ ਦਿਖਾਓ, ਜੇਕਰ ਇਹ ਨਵਾਂ ਬਣਿਆ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਇਹ ਪਹਿਲਾਂ ਹੀ ਇੱਕ ਸ਼ਾਨਦਾਰ ਸਕੂਲ ਹੈ ਤੇ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪਹਿਲਾਂ ਹੀ ਸਮਾਰਟ ਸਕੂਲ ਬਣਾ ਦਿੱਤਾ ਸੀ। ਮੈਨੂੰ ਵੀ ਕਈ ਵਾਰ ਇਸ ਸਕੂਲ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ਇਹ ਨਿਸ਼ਚਿਤ ਹੈ ਕਿ ਹੁਣ ਕੁਝ ਨਵੀਂ ਮੁਰੰਮਤ ਕੀਤੀ ਗਈ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ, ਸਤਪਾਲ ਡਾਂਗ ਨੇ ਇਸ ਸਕੂਲ ਦਾ ਚਿਹਰਾ ਹੀ ਬਦਲ ਦਿੱਤਾ ਸੀ। ਉਨ੍ਹਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਹੀ ਵਿੱਚ ਇੱਥੇ ਇੱਕ ਸਮਾਗਮ ਕਰਵਾਇਆ ਸੀ, ਜਿਸ ਵਿੱਚ ਮੈਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੀ। ਇਸ ਸਕੂਲ ਦਾ ਨਤੀਜਾ ਬਹੁਤ ਵਧੀਆ ਹੈ, ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ। ਅਸੀਂ ਨਵੇਂ ਬਿਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ। ਕਿਰਪਾ ਕਰਕੇ ਇਸ ਬਾਰੇ ਚਾਨਣਾ ਪਾਓ।
ਇਸ ਕਮੈਂਟ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਹੈ। ਖਹਿਰਾ ਨੇ ਟਵੀਟ ਕੀਤਾ ਕਿ ਸਕੂਲ ਆਫ਼ ਐਮੀਨੈਂਸ ਦਾ ਮੁੜ ਉਦਘਾਟਨ ਕਰਨ ਲਈ ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਹਨ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਬਕਾਇਦਾ ਨਾਂ ਲੈਂਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਆਪਣੀ ਫੇਸਬੁੱਕ ‘ਤੇ ਵਿਧਾਇਕ ਡਾ. ਨਿੱਝਰ ਨੂੰ ਜਵਾਬ ਦੇ ਕੇ ਉਨ੍ਹਾਂ ਦੇ ਦਾਅਵਿਆਂ ਨੂੰ ਝੁਠਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਪਹਿਲਾਂ ਹੀ ਠੀਕ-ਠਾਕ ਸੀ ਅਤੇ ਪਿਛਲੀ ਸਰਕਾਰ ਨੇ ਇਸਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਸੀ।
ਦਰਅਸਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਹੁਦਾ ਛੱਡ ਕੇ ਸਿਆਸਤ ਦਾ ਰਾਹ ਚੁਣਿਆ ਸੀ। ਆਮ ਆਦਮੀ ਪਾਰਟੀ ਨਾਲ ਜੁੜੇ ਤਾਂ ਇਸ ਤੋਂ ਪਹਿਲਾਂ ਉਹ ਲਗਾਤਾਰ ਪੰਜਾਬ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਆਪਣੀ ਵਕਾਲਤ ਕਰਦੇ ਰਹੇ ਹਨ। ਉਨ੍ਹਾਂ ਵਿਧਾਇਕੀ ਵੀ ਇਸੇ ਦਾਅਵੇ ਨਾਲ ਸ਼ੁਰੂ ਕੀਤੀ ਸੀ ਕਿ ਉਹ ਇਸ ਮਸਲੇ ਦਾ ਇਨਸਾਫ ਦਿਵਾਉਣਗੇ। ਲੋਕਾਂ ਤੋਂ ਇਸੇ ਵਾਅਦੇ ਉੱਤੇ ਵੋਟਾਂ ਵੀ ਲਈਆਂ ਗਈਆਂ ਪਰ ਇਹ ਵਾਅਦਾ ਹਾਲੇ ਅਧੂਰਾ ਹੈ।
ਦੂਜੇ ਪਾਸੇ ਸਰਕਾਰ ਵੱਲੋਂ ਵੀ ਕੋਈ ਵੱਡਾ ਕੈਬਨਿਟ ਰੈਂਕ ਦਾ ਅਹੁਦਾ ਨਾ ਮਿਲਣ ਕਾਰਨ ਉਹ ਸਰਕਾਰ ਤੋਂ ਇਕ ਪਾਸੇ ਹੋ ਕੇ ਚੱਲਦੇ ਹਨ। ਇਹੀ ਨਹੀਂ ਉਨ੍ਹਾਂ ਸਰਕਾਰ ਵਿੱਚ ਹੁੰਦਿਆਂ ਵੀ ਬੇਅਦਬੀਆਂ ਦੇ ਇਨਸਾਫ ਦੀ ਗੱਲ ਲਗਾਤਾਰ ਕੀਤੀ ਹੈ। ਉਹ ਸਰਕਾਰ ਦੇ ਕੰਮਾਂ ਉੱਤੇ ਵੀ ਨਿਰਪੱਖ ਹੋ ਕੇ ਸਵਾਲ ਚੁੱਕਦੇ ਰਹੇ ਹਨ। ਵਿਰੋਧੀ ਧਿਰਾਂ ਵੀ ਇਹ ਸਵਾਲ ਕਰਦੀਆਂ ਰਹੀਆਂ ਹਨ ਕਿ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਸੇ ਖਾਸ ਵਜ੍ਹਾ ਕਰਕੇ ਕੈਬਨਿਟ ਦਾ ਅਹੁਦਾ ਨਹੀਂ ਦੇ ਰਹੀ ਹੈ। ਹੁਣ ਫਿਰ ਸਕੂਲ ਆਫ ਐਮੀਨੈਂਸ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਰਕਾਰ ਦੇ ਖਿਲਾਫ ਟਿੱਪਣੀ ਆਉਣ ਵਾਲੇ ਦਿਨਾਂ ਵਿੱਚ ਵੱਡੀ ਬਹਿਸ ਦਾ ਵਿਸ਼ਾ ਬਣ ਸਕਦੀ ਹੈ।

Comment here