ਸਿਆਸਤਖਬਰਾਂ

ਸਕੂਲੀ ਬੱਚਿਆਂ ਜ਼ਰੀਏ ਕੈਪਟਨ ਸਰਕਾਰ ਆਪਣਾ ਸਿਆਸੀ ਪ੍ਰਚਾਰ ਕਰਨ ਲੱਗੀ!!

ਚੰਡੀਗੜ੍ਹ- ਕੈਪਟਨ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ, ਜੋ ਚੁੱਪ ਚੁਪੀਤੇ ਸਰਕਾਰੀ ਮਸ਼ੀਨਰੀ ਦੀ ਵਰਤੋੰ ਆਪਣੇ ਲਈ ਪ੍ਰਚਾਰ ਕਰਨ ਵਾਸਤੇ ਕਰ ਰਹੀ ਹੈ, ਇੱਥੋਂ ਤੱਕ ਕਿ ਸਕੂਲੀ ਬੱਚਿਆਂ ਜ਼ਰੀਏ ਵੀ ਆਪਣਾ ਪ੍ਰਚਾਰ ਕਰ ਰਹੀ ਹੈ। ਪੰਜਾਬ ਵਿਚ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰਾਂ ਜ਼ਰੀਏ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਦਾ ਮਾਮਲਾ ਆਉਣ ਤੇ ਸਿਆਸੀ ਖੇਮੇ ਚ ਭੂਚਾਲ ਆ ਗਿਆ ਹੈ। ਦਰਅਸਲ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਭੇਜੇ ਗਏ ਪ੍ਰਸ਼ਨ ਪੱਤਰ ਵਿਚ ਸਮਾਜਿਕ ਸੁਰੱਖਿਆ ਪੈਨਸ਼ਨ ਵਿਚ ਵਾਧੇ ਸਬੰਧੀ ਸੂਬਾ ਸਰਕਾਰ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਅਤੇ ਇਸ ਦੇ ਹੇਠਾਂ ਇਸ ਸਕੀਮ ਸਬੰਧੀ ਪ੍ਰਸ਼ਨ ਪੁੱਛੇ ਗਏ ਹਨ। ਖ਼ਬਰਾਂ ਮੁਤਾਬਕ ਜਦੋਂ ‘ਪੜ੍ਹੋ ਪੰਜਾਬ’ ਲੁਧਿਆਣਾ ਜ਼ਿਲੇ ਦੇ ਸਹਾਇਕ ਪ੍ਰਾਜੈਕਟ ਕੋਆਰਡੀਨੇਟਰ ਸਬੰਧਤ ਅਧਿਕਾਰੀ ਮਨਮੀਤ ਗਰੇਵਾਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਐਨਏਐਸ ਅਭਿਆਸ ਪੱਤਰ ਮੁਹਾਲੀ ਸਥਿਤ ਮੁੱਖ ਦਫਤਰ ਤੋਂ ਪ੍ਰਾਪਤ ਹੋਏ ਹਨ ਅਤੇ ਉਹੀ ਪ੍ਰਸ਼ਨ ਪੱਤਰ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਭੇਜੇ ਗਏ ਹਨ। ਉਹਨਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਜ਼ਿਲ੍ਹਾ ਪੱਧਰ ‘ਤੇ ਤਿਆਰ ਨਹੀਂ ਕੀਤੇ ਗਏ, ਇਹਨਾਂ ਨੂੰ ਮੁਹਾਲੀ ਦੇ ਮੁੱਖ ਦਫਤਰ ਵਿਖੇ ਤਿਆਰ ਕੀਤਾ ਗਿਆ ਹੈ। ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਨੰਬਰ 2 ਵਿਚ ਇਕ ਚਿੱਤਰ ਦੇ ਰੂਪ ਵਿਚ ਇਕ ਵਿਗਿਆਪਨ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਬੁਢਾਪਾ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, ਅਨਾਥ ਬੱਚਿਆਂ ਅਤੇ ਅਪਾਹਜਾਂ ਲਈ ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਕਰ ਦਿੱਤੀ ਹੈ। ਇਸ ਤੋਂ ਬਾਅਦ ਕਈ ਵਿਕਲਪਿਕ ਪ੍ਰਸ਼ਨ ਹਨ ਜਿਵੇਂ: “ਉਪਰੋਕਤ ਇਸ਼ਤਿਹਾਰ ਕਿਸ ਬਾਰੇ ਹੈ?” ਅਤੇ “ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਕਦੋਂ ਪੇਸ਼ ਕੀਤੀ ਗਈ?” ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਟਵੀਟ ਜ਼ਰੀਏ ਇਸ ’ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਅਪਣੀਆਂ ਸਮਾਜ ਭਲਾਈ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਬੇਤਾਬ ਪੰਜਾਬ ਸਰਕਾਰ ਨੇ ਇਕ ਨਵਾਂ ਤਰੀਕਾ ਲੱਭਿਆ ਹੈ।

Comment here