ਪਟਿਆਲਾ-ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੁਆਰਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਦਿਵਸ ਮੌਕੇ ਇਕ ਨਵੰਬਰ ਤੋਂ ਸਮਾਗਮਾਂ ਦਾ ਆਗਾਜ਼ ਕਰੇਗਾ, ਪਰ ਇਸ ਵਿਚ ਸ਼੍ਰੋਮਣੀ ਪੁਰਸਕਾਰ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਸਾਲ 2015 ਤੋਂ 2020 ਤਕ ਦੇ 108 ਪੁਰਸਕਾਰ ਪਿਛਲੇ ਸਾਲ ਵਿਭਾਗ ਨੇ ਐਲਾਨੇ ਸਨ, ਜੋ ਕਿ ਇਸ ਸਾਲ ਪੰਜਾਬੀ ਮਾਹ ਦੌਰਾਨ ਦਿੱਤੇ ਜਾਣੇ ਸਨ ਪਰ ਜੁਲਾਈ ਮਹੀਨੇ ਵਿਚ ਸ਼੍ਰੋਮਣੀ ਸਾਹਿਤਕਾਰਾਂ ਦੀ ਸੂਚੀ ’ਤੇ ਕਿੰਤੂ ਪ੍ਰੰਤੂ ਕਰਦਿਆਂ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ। ਜਿਸ ’ਤੇ ਅਦਾਲਤ ਨੇ ‘ਸਟੇਅ’ ਦੇ ਹੁਕਮ ਜਾਰੀ ਕਰ ਦਿੱਤੇ ਤੇ ਕੇਸ ਦੀ ਅਗਲੀ ਸੁਣਵਾਈ 11 ਨਵੰਬਰ ਨੂੰ ਹੋਣੀ ਤੈਅ ਕੀਤੀ ਗਈ ਹੈ। ਇਸ ਕਰ ਕੇ ਪੰਜਾਬੀ ਮਾਹ ਦੇ ਉਦਘਾਟਨੀ ਸਮਾਗਮ ਵਿਚ ਸਾਹਿਤਕਾਰਾਂ ਨੂੰ ਸ਼੍ਰੋਮਣੀ ਪੁਰਸਕਾਰ ਨਹੀਂ ਦਿੱਤੇ ਜਾ ਸਕਣਗੇ। ਭਾਸ਼ਾ ਵਿਭਾਗ ਡਾਇਰੈਕਟਰ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਉਦਘਾਟਨੀ ਸਮਾਗਮ ਵਿਚ ਸ਼੍ਰੋਮਣੀ ਪੁਰਸਕਾਰ ਨਹੀਂ ਦਿੱਤੇ ਜਾ ਸਕਦੇ ਪਰ 11 ਨਵੰਬਰ ਤੋਂ ਬਾਅਦ ਪੁਰਸਕਾਰ ਦੇਣ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬੀ ਮਾਹ ਦੌਰਾਨ ਸਾਹਿਤਕਾਰਾਂ ਨੂੰ ਸ਼੍ਰੋਮਣੀ ਪੁਰਸਕਾਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਗਮ ਵਿਚ ਸਰਬੋਤਮ ਸਾਹਿਤਕ ਪੁਸਤਕ ਪੁਰਸਕਾਰ ਦਿੱਤੇ ਜਾਣਗੇ।
ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਸਪਤਾਹ ਦੀ ਥਾਂ ਪੰਜਾਬੀ ਮਾਹ ਨੂੰ ਮਾਝਾ, ਮਾਲਵਾ, ਦੁਆਬਾ ਤੇ ਪੁਆਧ ਵਿਚ ਮਨਾ ਰਹੇ ਹਾਂ। ਇਸ ਸਮਾਗਮ ਵਿਚ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪਰਗਟ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਇਥੇ ਹੋਣਗੇ ਸਮਾਗਮ
ਉਦਘਾਟਨੀ ਸਮਾਗਮ ਪਹਿਲੀ ਨਵੰਬਰ ਨੂੰ ਭਾਸ਼ਾ ਭਵਨ, ਪਟਿਆਲਾ ਵਿਖੇ, 8 ਨਵੰਬਰ ਨੂੰ ਸੂਬਾ ਪੱਧਰੀ ਪੰਜਾਬੀ ਪ੍ਰਸ਼ਨਾਵਲੀ ਮੁਕਾਬਲਾ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ ਸਾਹਿਬ ਵਿਖੇ, 11 ਨਵੰਬਰ ਨੂੰ ਸੂਬਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ ਐਸਐਸਡੀ ਗਰਲਜ਼ ਕਾਲਜ ਬਠਿੰਡਾ ਵਿਖੇ, 15 ਨਵੰਬਰ ਨੂੰ ਕਵੀ ਦਰਬਾਰ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ 22 ਨਵੰਬਰ ਨੂੰ ਨਾਟਕ ਮੇਲਾ, ਓਪਨ ਏਅਰ ਥੀਏਟਰ, ਸਰਕਾਰੀ ਕਾਲਜ, ਰੂਪਨਗਰ ਵਿਖੇ, 26 ਨਵੰਬਰ ਨੂੰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਗੋਸ਼ਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਅਤੇ ਵਿਦਾਇਗੀ ਸਮਾਗਮ 30 ਨਵੰਬਰ ਦੌਰਾਨ ਭਾਸ਼ਾ ਭਵਨ ਪਟਿਆਲਾ ਵਿਖੇ ਹੋ ਰਿਹਾ ਹੈ। ਇਨ੍ਹਾਂ ਪ੍ਰਮੁੱਖ ਸਮਾਗਮਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ 23 ਸਮਾਗਮ ਸਮੁੱਚੇ ਪੰਜਾਬ ਵਿਚ ਵੱਖ ਥਾਵਾਂ ’ਤੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ 2 ਨਵੰਬਰ ਨੂੰ ਲੇਖਕ ਮਿਲਣੀ, ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋ ਰਹੀ ਹੈ।
ਯਤਨ ਸ਼ਾਘਾਯੋਗ ਪਰ ਨਵਿਆਂ ਨੂੰ ਵੀ ਮਿਲੇ ਮੌਕਾ : ਮੀਤ
ਨਾਵਲਕਾਰ ਮਿੱਤਰ ਸੈਨ ਮੀਤ ਦਾ ਕਹਿਣਾ ਹੈ ਕਿ ਪੰਜਾਬੀ ਮਾਹ ਮਨਾਉਣਾ ਵਿਭਾਗ ਦਾ ਸ਼ਲਾਘਯੋਗ ਯਤਨ ਹੈ ਪਰ ਸਮਾਗਮਾਂ ਦੌਰਾਨ ਪੁਰਾਣੇ ਚਿਹਰਿਆਂ ਦੀ ਬਜਾਏ ਨਵੇਂ ਚਿਹਰੇ ਵੀ ਸਾਹਮਣੇ ਲਿਆਉਣੇ ਚਾਹੀਦੇ ਹਨ। ਮੀਤ ਨੇ ਕਿਹਾ ਕਿ ਹਰ ਸਮਾਗਮ ਵਿਚ ਹਰ ਵਾਰ ਇੱਕੋ ਸ਼ਖ਼ਸੀਅਤ ਨੂੰ ਰੂ ਬ ਰੂ ਕਰਵਾਉਣਾ ਤੇ ਇੱਕੋ ਸ਼ਖ਼ਸੀਅਤ ਨੂੰ ਵਾਰ ਵਾਰ ਸਾਹਮਣੇ ਕਰਨਾ ਜਾਇਜ਼ ਨਹੀਂ ਕਿਉਂਕਿ ਲੋਕ ਪਹਿਲਾਂ ਹੀ ਉਨ੍ਹਾਂ ਬਾਰੇ ਜਾਣ ਚੁੱਕੇ ਹਨ।
Comment here