ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਸ਼੍ਰੋਮਣੀ ਅਕਾਲੀ ਦਲ ਦਾ ਪੁਨਰ-ਉਥਾਨ ਹੋਣਾ ਸਮੇਂ ਦੀ ਲਲਕਾਰ

ਬੀਰ ਦਵਿੰਦਰ ਸਿੰਘ
ਜਿਊਂਦੀਆਂ ਕੌਮਾਂ ਦੇ ਇਤਿਹਾਸ ਵਿਚ ਅਜਿਹੇ ਮਰਹਲੇ ਅਕਸਰ ਆਉਂਦੇ ਹਨ, ਜਦੋਂ ਕੌਮਾਂ ਸੁਚੇਤ ਹੋ ਕੇ, ਵਰਤਮਾਨ ਸਮੇਂ ਵਿਚ ਰਵਾਂ, ਰਾਜਨੀਤਕ ਬਿਰਤਾਂਤ ਦੀ ਸਮੀਖਿਆ ਕਰਦੀਆਂ ਹਨ ਅਤੇ ਕੌਮ ਨੂੰ ਦਰਪੇਸ਼ ਚੁਣੌਤੀਆਂ ਦੀ, ਗੁਣ ਅਤੇ ਦੋਸ਼ ਦੇ ਆਧਾਰ ‘ਤੇ ਪੁਨਰ ਪੜਚੋਲ ਕਰਨ ਉਪਰੰਤ, ਕੌਮੀ ਨਿਸ਼ਾਨੇ ਤੇ ਤਰਜੀਹਾਂ ਤੈਅ ਕਰਦੀਆਂ ਹਨ, ਫਿਰ ਉਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਪੈਂਡੇ, ਢੁਕਵੇਂ ਦਸਤੂਰ ਤੇ ਮਰਯਾਦਾ ਨਿਯਮਤ ਕਰਦੀਆਂ ਹਨ।
ਇੱਥੇ ਇਹ ਜ਼ਿਕਰ ਕਰਨਾ ਇਤਿਹਾਸਿਕ ਤੌਰ ‘ਤੇ ਉਚਿਤ ਹੋਵੇਗਾ ਕਿ ਜਦੋਂ ਸਾਰਾ ਹਿੰਦੁਸਤਾਨ ਈਸਟ ਇੰਡੀਆ ਕੰਪਨੀ ਦਾ ਗ਼ੁਲਾਮ ਹੋ ਚੁੱਕਿਆ ਸੀ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ, ਸਿੱਖ ਰਾਜ ਦੀ ਬਾਦਸ਼ਾਹਤ ਦਾ ਸਰਬ ਸੱਤਾਧਾਰੀ, ਸਿਰਮੌਰ ਸ਼ਹਿਨਸ਼ਾਹ ਸੀ ਅਤੇ ਸਿੱਖ ਰਾਜ ਦੀ ਇਹ ਬਾਦਸ਼ਾਹਤ, ਫਰਵਰੀ/ਮਾਰਚ 1846 ਵਿਚ ਹੋਈ, ਸਭਰਾਓਂ ਦੀ ਐਂਗਲੋ-ਸਿੱਖ ਜੰਗ ਤੱਕ ਸਲਾਮਤ ਰਹੀ। ਇਸ ਜੰਗ ਵਿਚ ਡੋਗਰਿਆਂ ਦੇ ਅੰਗਰੇਜ਼ ਨਾਲ ਮਿਲ ਜਾਣ ਕਾਰਨ ਸਿੱਖ ਫੌਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੰਗਰੇਜ਼ ਨੇ ਮਾਰਚ 1849 ਵਿਚ ਮਹਾਰਾਣੀ ਜਿੰਦਾਂ ਨੂੰ ਫਿਰੋਜ਼ਪੁਰ ਦੇ ਕਿਲ੍ਹੇ ਵਿਚ ਹੀ ਜਲਾਵਤਨ ਕਰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਕੰਵਰ ਦਲੀਪ ਸਿੰਘ ਨੂੰ ਕੇਵਲ ਗਿਆਰਾਂ ਸਾਲ ਦੀ ਉਮਰ ਵਿਚ ਮਹਾਰਾਣੀ ਜਿੰਦਾਂ ਨਾਲੋਂ ਜੁਦਾ ਕਰਕੇ, ਬੋਰਡਿੰਗ ਪੈਨਸ਼ਨ ਤੇ ਭੱਤੇ ਦੇ ਕੇ ਇੰਗਲੈਂਡ ਭੇਜ ਦਿੱਤਾ ਤੇ ਲਾਰਡ ਡਲਹੌਜ਼ੀ ਨੇ ਸਿੱਖ ਰਾਜ ਦੇ ਖ਼ਾਤਮੇ ਦਾ ਐਲਾਨ ਕਰਕੇ ਪੰਜਾਬ ਨੂੰ ਵੀ ਅੰਗਰੇਜ਼ਾਂ ਦੇ ਅਧਿਕਾਰ ਖੇਤਰ ਵਿਚ ਸ਼ਾਮਿਲ ਕਰ ਲਿਆ, ਇਸ ਨਮੋਸ਼ੀ ਨੇ ਸਿੱਖ ਕੌਮ ਦੇ ਜਜ਼ਬਿਆਂ ਤੇ ਉਨ੍ਹਾਂ ਦੇ ਕੌਮੀ ਸਵੈ-ਸਨਮਾਨ ਨੂੰ ਭਾਰੀ ਜ਼ਰਬ ਪਹੁੰਚਾਈ।
ਸਾਲ 1849 ਤੋਂ ਲੈ ਕੇ 1947 ਤੱਕ ਸਿੱਖ ਕੌਮ ਨੇ ਆਪਣੇ ਆਪ ਨੂੰ ਦੁਬਾਰਾ ਜਥੇਬੰਦ ਕਰਨ ਲਈ ਆਪਣੇ ਹੱਕਾਂ ਲਈ, ਅੰਗਰੇਜ਼ਾਂ ਵਿਰੁੱਧ ਮੁਸਲਸਲ ਜੱਦੋ-ਜਹਿਦ ਜਾਰੀ ਰੱਖੀ ਤੇ ਅਨੇਕਾਂ ਮੋਰਚੇ ਲਗਾਏ। ਸਿੱਖ ਗੁਰਦੁਆਰਾ ਸੁਧਾਰ ਲਹਿਰ ਵੀ ਇਸੇ ਕੜੀ ਦਾ ਇਕ ਮਹੱਤਵਪੂਰਨ ਅਧਿਆਏ ਹੈ। ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਸਿੱਖਾਂ ਵਲੋਂ ਪਾਏ ਗਏ ਯੋਗਦਾਨ ਅਤੇ ਕੁਰਬਾਨੀਆਂ ਤੋਂ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਫਾਂਸੀ ਦੇ ਰੱਸੇ ਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਗਵਾਹ ਹਨ ਕਿ ਭਾਰਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਿਚ ਸਿੱਖ ਕੌਮ ਦੀ ਇਕ ਕਾਬਿਲ-ਏ-ਫ਼ਖਰ ਭੂਮਿਕਾ ਰਹੀ ਹੈ ਪਰ ਇਨ੍ਹਾਂ ਸਾਰੀਆਂ ਕੁਰਬਾਨੀਆਂ ਦੇ ਇਵਜ਼ ਵਿਚ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਦੀ ਤਕਦੀਰ ਦੇ ਪੱਲੇ, ਕੇਵਲ ਵਿਸਾਹਘਾਤ ਤੇ ਨਿਰਾਸ਼ਾ ਹੀ ਪਈ ਹੈ। ਸਿੱਖਾਂ ਨਾਲ ਹੋਏ ਵਿਸ਼ਵਾਸਘਾਤ ਦੀ ਦਾਸਤਾਂ ਦਾ ਮੁੱਢ ਤਾਂ ਸਾਲ 1947 ਵਿਚ ਦੇਸ਼ ਦੇ ਬਟਵਾਰੇ ਨਾਲ ਹੀ ਸ਼ੁਰੂ ਹੋ ਗਿਆ ਸੀ ਤੇ ਸਾਲ 1964 ਤੀਕਰ ਹੋਏ ਇਨ੍ਹਾਂ ਵਿਸਾਹਘਾਤਾਂ ਦਾ ਦੋਸ਼ ਤਾਂ ਜਵਾਹਰ ਲਾਲ ਨਹਿਰੂ ਦੇ ਸਿਰ ਹੀ ਲਗਦਾ ਰਿਹਾ, ਜੋ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬੀ ਬੋਲੀ ਨੂੰ ਵੀ ‘ਸਿੱਖਾਂ ਦੀ ਬੋਲੀ’ ਮੰਨ ਕੇ ਇਸ ਦਾ ਬਣਦਾ ਹੱਕ ਦੇਣ ਤੋਂ ਮੁਨਕਰ ਹੋ ਗਿਆ ਸੀ। ਦੁੱਖ ਦੀ ਗੱਲ ਤਾਂ ਇਹ ਹੈ ਕਿ ਨਵੰਬਰ 1966 ਵਿਚ ਪੰਜਾਬ ਨੂੰ ਦੁਬਾਰਾ ਤਕਸੀਮ ਕਰਨ ਸਮੇਂ ਵੀ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਹੀ ਭਾਰੂ ਰਹੀ, ਇਸੇ ਵਜ੍ਹਾ ਕਾਰਨ ਹੀ ‘ਰਾਜਧਾਨੀ ਰਹਿਤ’ ਇਕ ਲੰਗੜਾ-ਲੂਲਾ ਪੰਜਾਬ, ‘ਦਿੱਲੀ’ ਨੇ ਆਪਣੀ ਮਨ-ਮਰਜ਼ੀ ਨਾਲ, ਤਕਸੀਮ-ਦਰ-ਤਕਸੀਮ ਕਰਕੇ, ਵਿਸ਼ਾਲ ਪੰਜਾਬ ਨੂੰ ਕੱਟ-ਵੱਢ ਕੇ ‘ਪੰਜਾਬੀ ਸੂਬੀ’ ਬਣਾ ਕੇ ਸਾਡੇ ਹਵਾਲੇ ਕੀਤਾ। ਇਸ ਬੇਈਮਾਨੀ ਵਿਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਵੱਡੀ ਭੂਮਿਕਾ ਰਹੀ, ਜਿਸ ਵਿਚ ਉਸ ਸਮੇਂ ਦਾ ਸਿੱਖ ਵਿਰੋਧੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਵੀ ਇਕ ਵੱਡਾ ਸੂਤਰਧਾਰ ਬਣਿਆ ਹੋਇਆ ਸੀ।
ਇਹ ਵਕਤ ਦੀ ਸਿਤਮ ਜ਼ਰੀਫ਼ੀ ਹੀ ਸੀ ਕਿ ਦੇਸ਼ ਦੀ ਆਜ਼ਾਦੀ ਸਮੇਂ ਅੰਗਰੇਜ਼ਾਂ ਨਾਲ ਮੁਸਲਮਾਨਾਂ ਵਲੋਂ ਗੱਲਬਾਤ ਕਰਨ ਲਈ ਤਾਂ ਮੁਹੰਮਦ ਅਲੀ ਜਿਨਾਹ ਇਕ ਪ੍ਰਮੁੱਖ ਵਿਚੋਲੀਏ ਵਜੋਂ ਵਿਚਰ ਰਹੇ ਸਨ, ਭਾਰਤ ਦੀ ਬਹੁਗਿਣਤੀ ਦੀ ਅਗਵਾਈ, ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਸਮੇਤ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਸੀ. ਰਾਜਗੁਪਾਲ ਅਚਾਰੀਆ ਆਦਿ ਕਰ ਰਹੇ ਸਨ, ਪਰ ਸਿੱਖਾਂ ਦੇ ਬਣਦੇ ਅਸਤਿਤਵ ਦਾ ਕੇਸ ਪੇਸ਼ ਕਰਨ ਵਾਲਾ ਕੋਈ ਨਹੀਂ ਸੀ। ਜਿਹੜੇ ਕੁਝ ਸਰਦਾਰ ਬਲਦੇਵ ਸਿੰਘ ਵਰਗੇ ਵਿਅਕਤੀ ਅੱਗੇ ਸਨ ਵੀ, ਉਨ੍ਹਾਂ ਨੂੰ ਸਿੱਖ ਕੌਮ ਦੇ ਸਰੋਕਾਰਾਂ ਤੋਂ ਕਿਤੇ ਵੱਧ ਆਪਣੇ ਕਾਰੋਬਾਰਾਂ ਅਤੇ ਵਪਾਰਾਂ ਦਾ ਫਿਕਰ ਸੀ, ਉਨ੍ਹਾਂ ਨੇ ਆਪਣੇ ਕਾਰੋਬਾਰ ਤਾਂ ਸੁਰੱਖਿਅਤ ਕਰ ਲਏ ਪਰ ਸਿੱਖ ਕੌਮ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਜਿੰਨੀ ਕੁ ਭੱਜ-ਨੱਠ ਤੇ ਚਾਰਾਜੋਈ ਕਰ ਸਕਦੇ ਸਨ, ਉਨ੍ਹਾਂ ਜ਼ਰੂਰ ਕੀਤੀ, ਪਰ ਕਤਲੋਗਾਰਤ ਦੇ ਮਾਹੌਲ ਵਿਚ, ਪਹਿਲਾਂ ਹੀ ਬਹੁਤ ਕੁਝ ਬਰਬਾਦ ਹੋ ਚੁੱਕਾ ਸੀ। ਚਾਰੇ ਪਾਸੇ ਖ਼ੂਨ ਦੀ ਹੋਲੀ ਤੇ ਚੀਖੋ-ਪੁਕਾਰ ਸੀ, ਅੱਧੀ ਤੋਂ ਵੱਧ ਕੌਮ ਰਿਫ਼ਿਊਜ਼ੀ ਹੋ ਚੁੱਕੀ ਸੀ, ਦੇਸ਼ ਦੇ ਬਟਵਾਰੇ ਦੇ ਨਾਲ-ਨਾਲ ਆਬਾਦੀ ਦਾ ਬਟਵਾਰਾ ਵੀ ਹੋ ਰਿਹਾ ਸੀ, ਸ਼ਰਨਾਰਥੀਆਂ ਦੇ ਕਾਫਲਿਆਂ ਦੀ ਵੱਢ-ਟੁੱਕ ਹੋ ਰਹੀ ਸੀ, ਔਰਤਾਂ ਦੀ ਆਬਰੂ ਤੇ ਅਸਮਤਾਂ ਨਾਲ ਖਿਲਵਾੜ ਹੋ ਰਿਹਾ ਸੀ, ਚਾਰੇ ਬੰਨੇ ਸ਼ੈਤਾਨੀਅਤ ਤੇ ਹੈਵਾਨੀਅਤ ਹੀ ਹੜਬੜਾ ਰਹੀ ਸੀ, ਇਨਸਾਨੀਅਤ ਬੇਵੱਸ ਤੇ ਖੌਫ਼ਜ਼ਦਾ ਸੀ, ਹਰ ਪਾਸੇ ਕੁਰਲਾਹਟ ਮੱਚੀ ਹੋਈ ਸੀ, ਹਰ ਇਕ ਨੂੰ ਆਪਣਾ-ਆਪਣਾ ਫ਼ਿਕਰ ਖਾ ਰਿਹਾ ਸੀ, ਕੁਰਲਾਉਂਦੇ ਕਾਫਲੇ ਮਹਿਫੂਜ਼ ਪਨਾਹਗਾਹਾਂ ਦੀ ਤਲਾਸ਼ ਵਿਚ ਭਟਕ ਰਹੇ ਸਨ ਤੇ ਨਾਮਾਲੂਮ ਟਿਕਾਣਿਆਂ ਵੱਲ ਬੇਮਕਸਦ ਤੁਰੇ ਜਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਉਡੀਕਣ ਵਾਲਾ ਕੋਈ ਨਹੀਂ ਸੀ।
ਅਜਿਹੇ ਆਲਮ ਵਿਚ, ਦੂਸਰੇ ਪਾਸੇ ਅੰਗਰੇਜ਼ ਵਲੋਂ ਮੁਕੱਰਰ, ਲਾਰਡ ਸਾਇਰਲ ਜੌਹਨ ਰੈਡਕਲਿਫ਼, ਮੁਲਕ ਦੀ ਤਕਸੀਮ ਦਾ ਨਕਸ਼ਾ ਵਾਹ ਰਿਹਾ ਸੀ, ਉਸ ਦੇ ਜ਼ਿੰਮੇ ਪੰਜਾਬ ਅਤੇ ਬੰਗਾਲ ਨੂੰ, ਦੋ ਬਰਾਬਰ ਹਿੱਸਿਆ ਵਿਚ ਤਕਸੀਮ ਕਰਕੇ ਸਰਹੱਦਾਂ ਦੀਆਂ ਲਕੀਰਾਂ ਤੇ ਟੁਕੜੇ-ਟੁਕੜੇ ਹੋਏ ਪੰਜਾਬ ਅਤੇ ਬੰਗਾਲ ਦੇ ਨਕਸ਼ਿਆਂ ਨੂੰ ਅੰਤਿਮ ਰੂਪ ਦੇਣ ਦਾ ਕੰਮ ਲੱਗਿਆ ਹੋਇਆ ਸੀ। ਅਫ਼ਸੋਸ ! ਕਿ ਲਾਰਡ ਰੈਡਕਲਿਫ਼ ਨੇ ਬਾਬੇ ਨਾਨਕ ਦੀ ਜਨਮ ਭੂਮੀ ਨਨਕਾਣਾ ਸਾਹਿਬ ਤੇ ‘ਸਿੱਖ ਰਾਜ’ ਦੀ ਰਾਜਧਾਨੀ ਲਾਹੌਰ ਨੂੰ ਸਿੱਖ ਕੌਮ ਨਾਲੋਂ ਜੁਦਾ ਕਰਨ ਵੇਲੇ ਭੋਰਾ ਵੀ ਚੀਸ ਨਹੀਂ ਵੱਟੀ, ਕਿਉਂਕਿ ਉਸ ਦੇ ਅਹਿਸਾਸ ਵਿਚ ‘ਨਨਕਾਣਾ ਸਾਹਿਬ’ ਦਾ ਤਸੱਵਰ ਹੀ ਨਹੀਂ ਸੀ ਤੇ ਨਾ ਹੀ ਸਿੱਖ ਕੌਮ ਦੀ ਰੂਹਾਨੀ ਵੇਦਨਾ ਉਸ ਦੇ ਸਰੋਕਾਰਾਂ ਵਿਚ ਸ਼ਾਮਿਲ ਸੀ। ਸਿੱਖ ਕੌਮ ਦੀ ਮਾਨਸਿਕਤਾ ‘ਤੇ ਆਏ ਇਨ੍ਹਾਂ ਸਦੀਵੀ ਜ਼ਖਮਾਂ ਦੀ ਪੀੜਾ ਤੇ ਹਉਕਿਆਂ ਦੀ ਕਿਸੇ ਨੇ ਵੀ ਥਾਹ ਨਾ ਪਾਈ, ਮਰਹੂਮ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀਆਂ ਇਹ ਸਤਰਾਂ ਉਸ ਦਰਦ ਦੀ ਤਰਜ਼ਮਾਨੀ ਕਰਦੀਆਂ ਹਨ :
ਅਸੀਂ ਮੰਗਤਿਆਂ ਵਾਂਗੂੰ ਰੁਲ ਗਏ, ਯਾਰੋ ਬੰਨ੍ਹ ਸ਼ਹੀਦੀ ਗਾਨੇ,
ਤੇ ਦਿੱਲੀ ਦਾ ਹਰ ਚੌਕ ਮੇਰੀ ਬਰਬਾਦ ਕਹਾਣੀ ਜਾਣੇ ।
ਉਪਰੋਕਤ ਦੀ ਦ੍ਰਿਸ਼ਟੀ ਵਿਚ ਮਜ਼ਮੂਨ ਦੇ ਵਿਸਤਾਰ ਨੂੰ ਸਮੇਟਦੇ ਹੋਏ, ਇਹ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਦੇਸ਼ ਦੀ ਇਕ ਮਹੱਤਵਪੂਰਨ ਘੱਟ ਗਿਣਤੀ ਵਜੋਂ ਸਿੱਖ ਕੌਮ ਦੀ ਸੂਰਤ-ਏ-ਹਾਲ ਅੱਜ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਇਹ ਇਕ ਕੌੜੀ ਸਚਾਈ ਹੈ ਕਿ ਅੱਜ ਸਿੱਖਾਂ ਦੀ ਖੇਰੂੰ-ਖੇਰੂੰ ਹੋਈ ਰਾਜਨੀਤਕ ਸ਼ਕਤੀ ਸਮੇਂ ਦੀਆਂ ਚੁਣੌਤੀਆਂ ਦੇ ਹਾਣ ਦੀ ਨਹੀਂ ਰਹੀ। ਸਿੱਖਾਂ ਦੀ ਰਾਜਨੀਤਕ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ, ਇਸ ਦੀ ਸਿਖਰਲੀ ਲੀਡਰਸ਼ਿਪ ਦੇ ਅਸਿੱਖ ਵਰਤਾਰਿਆਂ ਦਾ ਸਰਾਪ ਭੋਗਦਾ ਤੇ ਭਟਕਦਾ ਹੋਇਆ ਹਾਸ਼ੀਏ ਵਿਚ ਚਲਾ ਗਿਆ ਹੈ। ਦੇਸ਼ ਦੀਆਂ ਰਾਜਨੀਤਕ ਸਫ਼ਾਂ ਵਿਚ, ਸਿੱਖਾਂ ਦੀ ਪ੍ਰਤੀਨਿਧ ਜਮਾਤ ਦੀ ਅਣਹੋਂਦ ਤੇ ਸ਼੍ਰੋਮਣੀ ਅਕਾਲੀ ਦਲ ਦਾ ਪਤਨ , ਸਿੱਖ ਕੌਮ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਸਥਾਪਤ ਲੀਡਰਸ਼ਿਪ ਨੂੰ ਲਾਂਭੇ ਕੀਤੇ ਬਿਨਾਂ, ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਸੰਭਵ ਨਹੀਂ ਜਾਪਦੀ। ਪ੍ਰੰਤੂ ਸਿੱਖ ਕੌਮ ਦੇ ਵਡੇਰੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ-ਉਥਾਨ ਹੋਣਾ ਵੀ ਸਮੇਂ ਦੀ ਲਲਕਾਰ ਹੈ। ਇਸ ਲਈ ਸਾਰੀਆਂ ਪੰਥਕ ਧਿਰਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

Comment here