ਅਪਰਾਧਸਿਆਸਤਖਬਰਾਂਦੁਨੀਆ

ਸ਼੍ਰੀਲੰਕਾਈ ਨਾਗਰਿਕ ਦੇ ਕਤਲ ਮਾਮਲੇ ਚ ਪਾਕਿ ਮੰਤਰੀ ਦਾ ਫੂਹੜ ਬਿਆਨ

ਕਿਹਾ-ਮੁੰਡੇ ਖੁੰਡੇ ਜੋਸ਼ ਚ ਆ ਗਏ ਸੀ

ਇਸਲਾਮਾਬਾਦ-ਪਾਕਿਸਤਾਨ ਵਿੱਚ ਇੱਕ ਸ਼੍ਰੀਲੰਕਾਈ ਨਾਗਰਿਕ ਦਾ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ’ਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਨੇ ਸਿਆਲਕੋਟ ’ਚ ਈਸ਼ਨਿੰਦਾ ਦੇ ਨਾਂ ’ਤੇ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਨੂੰ ਜ਼ਿੰਦਾ ਮਾਰ ਦੇਣ ਦੀ ਘਟਨਾ ’ਤੇ ਜਿੱਥੇ ਸ਼ਰਮਨਾਕ ਬਿਆਨ ਦਿੱਤਾ ਹੈ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਸ ਵਿਅਕਤੀ ਨੂੰ ਬਹਾਦਰੀ ਮੈਡਲ ਦੇਣ ਦਾ ਐਲਾਨ ਕੀਤਾ, ਜਿਸ ਨੇ ਸਿਆਲਕੋਟ ਵਿੱਚ ਫੈਕਟਰੀ ਪ੍ਰਬੰਧਕ ਅਤੇ ਸ਼੍ਰੀਲੰਕਾਈ ਨਾਗਰਿਕ ਨੂੰ ਭੜਕੀ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਦੀ ਡਾਨ ਦੀ ਇੱਕ ਰਿਪੋਰਟ ਮੁਤਾਬਕ ਸਥਾਨਕ ਮੀਡੀਆ ਨੇ ਦੱਸਿਆ ਕਿ ਫਰਾਂਸ ਵਿਰੋਧੀ ਵਿਸ਼ਾਲ ਪ੍ਰਦਰਸ਼ਨ ’ਤੇ ਬੋਲਦੇ ਹੋਏ ਰੱਖਿਆ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ‘‘ਕਤਲ ਉਦੋਂ ਹੁੰਦੇ ਹਨ ਜਦੋਂ ਨੌਜਵਾਨ ਭਾਵਨਾਤਮਕ ਹੋ ਜਾਂਦੇ ਹਨ”। ਕਾਤਲਾਂ ਦਾ ਬਚਾਅ ਕਰਦੇ ਹੋਏ ਖੱਟਕ ਨੇ ਕਿਹਾ ਕਿ ਬੱਚੇ ਹਨ, ਵੱਡੇ ਹੁੰਦੇ ਹਨ, ਇਸਲਾਮ ਧਰਮ ਮੰਨਦੇ ਹਨ, ਜੋਸ਼ ਵਿਚ ਆ ਜਾਂਦੇ ਹਨ, ਭਾਵਨਾ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸਲਾਮ ਦਾ ਨਾਅਰਾ ਲੱਗਿਆ ਤਾਂ ਇਨ੍ਹਾਂ ਨੌਜਵਾਨਾਂ ਵਿਚ ਜੋਸ਼ ਆ ਗਿਆ। ਇਸ ਦਾ ਮਤਲਬ ਇਹ ਨਹੀਂ ਕਿ ਪਾਕਿਸਤਾਨ ਤਬਾਹੀ ਵੱਲ ਵਧ ਰਿਹਾ ਹੈ।
ਪਾਕਿਸਤਾਨ ਵਿੱਚ ਇੱਕ ਸ਼੍ਰੀਲੰਕਾਈ ਨਾਗਰਿਕ ਦਾ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ’ਤੇ ਗੁੱਸੇ ਦੇ ਵਿਚਕਾਰ ਰੱਖਿਆ ਮੰਤਰੀ ਪਰਵੇਜ਼ ਖੱਟਕ ਨੇ ਕਿਹਾ ਕਿ ਇਸ ਮਾਮਲੇ ਨੂੰ ਇੱਕ ਕੱਟੜਪੰਥੀ ਪਾਰਟੀ, ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ’ਤੇ ਪਾਬੰਦੀ ਹਟਾਉਣ ਦੇ ਸਰਕਾਰ ਦੇ ਫ਼ੈਸਲੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਖੱਟਕ ਨੇ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਹੋ ਗਿਆ। ਹਰ ਕਿਸੇ ਦੀ ਆਪਣੀ ਰਾਏ ਹੈ। ਨੌਜਵਾਨ ਜੋਸ਼ ਵਿਚ ਆ ਗਏ ਤਾਂ ਇਹ ਸਭ ਕੁਝ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟਕ ਨੇ ਕਿਹਾ ਕਿ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦੀ ਮੌਬ ਲੀਚਿੰਗ ਅਤੇ ਬੇਰਹਿਮੀ ਨਾਲ ਕਤਲ ਇੱਕ ਆਮ ਗੱਲ ਹੈ। ਉਹ ਵੀ ਉਦੋਂ ਜਦੋਂ ਉਹ ਨੌਜਵਾਨ, ਭਾਵੁਕ ਅਤੇ ਮੁਸਲਮਾਨ ਹਨ।
ਇਮਰਾਨ ਖਾਨ ਨੇ ਟਵੀਟ ਕੀਤਾ, ‘‘ਲੋਕਾਂ ਵੱਲੋਂ ਮੈਂ ਮਲਿਕ ਅਦਨਾਨ ਦੇ ਨੈਤਿਕ ਸਾਹਸ ਅਤੇ ਬਹਾਦਰੀ ਨੂੰ ਸਲਾਮ ਕਰਨਾ ਚਾਹਾਂਗਾ, ਜਿਸ ਨੇ ਸਿਆਲਕੋਟ ’ਚ ਭੜਕੀ ਭੀੜ ਤੋਂ ਆਪਣੀ ਜਾਨ ਖਤਰੇ ’ਚ ਪਾ ਕੇ ਪ੍ਰਿਯੰਕਾ ਦਿਆਵਦਾਨਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਸ ਨੂੰ ਤਮਗਾ-ਏ-ਸ਼ੁਜਾਤ ਨਾਲ ਸਨਮਾਨਿਤ ਕਰਾਂਗੇ।’’
ਪੋਸਟਮਾਰਟਮ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦਿਆਵਦਾਨਾ ਦੇ ਸਰੀਰ ਦੀਆਂ ਲਗਭਗ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ ਅਤੇ ਸਰੀਰ 99 ਫੀਸਦੀ ਸੜ ਚੁੱਕਾ ਸੀ। ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਇਕ ਕੱਪੜਾ ਫੈਕਟਰੀ ’ਤੇ ਹਮਲਾ ਕੀਤਾ ਅਤੇ ਉਸ ਦੇ ਜਨਰਲ ਮੈਨੇਜਰ ਦੀਆਵਦਨਾ (40) ਨੂੰ ਈਸ਼ਨਿੰਦਾ ਦੇ ਦੋਸ਼ ’ਚ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਰ ਭੀੜ ਨੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ।

Comment here