ਭਾਰਤ ਦੀ ਇਕ ਸਾਈਕਲ ਚਾਲਕ ਖਿਡਰਣ ਵਲੋਂ ਆਪਣੇ ਕੋਚ ‘ਤੇ ਲਗਾਏ ਗਏ ਕਮਰਾ ਸ਼ੇਅਰ ਕਰਨ, ਬਦਸਲੂਕੀ ਅਤੇ ਜ਼ਬਰਦਸਤੀ ਕਰਨ ਦੇ ਦੋਸ਼ਾਂ ਨੇ ਇਕ ਵਾਰ ਫਿਰ ਅਨੇਕਾਂ ਖਿਡਾਰਨਾਂ ਦੇ ਹੋ ਰਹੇ ਸ਼ੋਸ਼ਣ ਜਾਂ ਯੋਨ ਸ਼ੋਸ਼ਣ ਦਾ ਮਾਮਲਾ ਉਭਾਰ ਦਿੱਤਾ ਹੈ। ਖਿਡਾਰਨਾਂ ਨਾਲ ਇਸ ਤਰ੍ਹਾਂ ਦੇ ਸ਼ੋਸ਼ਣ ਜਾਂ ਯੋਨ ਸ਼ੋਸ਼ਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਖਿਡਾਰਨਾਂ ਨਾਲ ਕੋਚਾਂ ਜਾਂ ਮਰਦ ਖਿਡਾਰੀਆਂ ਜਾਂ ਦਰਸ਼ਕਾਂ ਵਲੋਂ ਜਾਂ ਕਿਸੇ ਹੋਰ ਵਲੋਂ ਬਦਸਲੂਕੀ ਅਤੇ ਬਦਕਲਾਮੀ ਕਰਨ ਦੇ ਮਾਮਲੇ ਵਾਪਰ ਚੁੱਕੇ ਹਨ।
ਵੱਡੀ ਗਿਣਤੀ ਖਿਡਾਰਨਾਂ ਅਜਿਹੀਆਂ ਵੀ ਹਨ, ਜੋ ਕਿ ਆਪਣੇ ਨਾਲ ਹੁੰਦੇ ਸ਼ੋਸ਼ਣ ਬਾਰੇ ਕਿਸੇ ਨੂੰ ਕੁਝ ਨਹੀਂ ਦਸਦੀਆਂ, ਕਿਉਂਕਿ ਉਨ੍ਹਾਂ ਨਾਲ ਸ਼ੋਸ਼ਣ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੁੰਦੀ ਹੈ ਕਿ ਜੇ ਉਨ੍ਹਾਂ ਨੇ ਇਸ ਸੰਬੰਧੀ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦਾ ਖੇਡ ਕੈਰੀਅਰ ਬਰਬਾਦ ਕਰ ਦੇਣਗੇ। ਇਸ ਤਰ੍ਹਾਂ ਆਪਣੇ ਕੈਰੀਅਰ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਵੱਡੀ ਗਿਣਤੀ ਖਿਡਾਰਨਾਂ ਆਪਣੇ ਨਾਲ ਹੁੰਦੇ ਸ਼ੋਸ਼ਣ ਸੰਬੰਧੀ ਚੁੱਪ ਰਹਿੰਦੀਆਂ ਹਨ ਅਤੇ ਇਹ ਮਾਮਲੇ ਸਾਹਮਣੇ ਨਹੀਂ ਆਉਂਦੇ।
ਵੱਡੀ ਗਿਣਤੀ ਖਿਡਾਰਨਾਂ ਬਾਲ ਉਮਰੇ ਖੇਡਾਂ ਦੀ ਸਿਖਲਾਈ ਦੌਰਾਨ ਹੀ ਅਕਸਰ ਕਿਸੇ ਨਾ ਕਿਸੇ ਤਰ੍ਹਾਂ ਸ਼ੋਸ਼ਣ ਜਾਂ ਯੌਨ ਸ਼ੋਸ਼ਣ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਇਸੇ ਕਾਰਨ ਵੱਡੀ ਗਿਣਤੀ ਬਾਲ ਖਿਡਾਰਨਾਂ ਖੇਡਾਂ ਵਿਚ ਕੋਈ ਤਗਮਾ ਜਿੱਤਣ ਦੀ ਥਾਂ ਖੇਡਾਂ ਤੋਂ ਕਿਸੇ ਨਾ ਕਿਸੇ ਬਹਾਨੇ ਦੂਰ ਹੋ ਜਾਂਦੀਆਂ ਹਨ। ਖਿਡਾਰਨਾਂ ਨਾਲ ਅਜਿਹੇ ਮਾਮਲਿਆਂ ਦੀ ਵਧ ਰਹੀ ਗਿਣਤੀ ਕਾਰਨ ਅਕਸਰ ਮਾਪੇ ਵੀ ਆਪਣੀਆਂ ਧੀਆਂ ਨੂੰ ਖੇਡਾਂ ਤੋਂ ਦੂਰ ਰੱਖਣ ਵਿਚ ਭਲਾਈ ਸਮਝਦੇ ਹਨ ਅਤੇ ਸੋਚਦੇ ਹਨ ਕਿ ਬਚਾਓ ਵਿਚ ਹੀ ਬਚਾਓ ਹੈ। ਗੋਲਡਨ ਪੰਚ ਮਾਰਨ ਵਾਲੀ ਭਾਰਤੀ ਮੁੱਕੇਬਾਜ਼ ਜਰੀਨ, ਟੈਨਿਸ ਸਨਸਨੀ ਸਾਨੀਆ ਮਿਰਜ਼ਾ ਨੂੰ ਵਿਸ਼ਵ ਜੇਤੂ ਹੋਣ ਦੇ ਬਾਵਜੂਦ ਆਪਣੇ ਖੇਡ ਕੈਰੀਅਰ ਦੌਰਾਨ ਛੋਟੇ ਕੱਪੜੇ ਪਾਉਣ ਕਰਕੇ ਅਨੇਕਾਂ ਲੋਕਾਂ ਵਲੋਂ ਮਾਰੇ ਗਏ ਤਾਅਨੇ-ਮਿਹਣੇ ਸੁਣਨੇ ਪਏ। ਅਜਿਹੇ ਲੋਕਾਂ ਨੇ ਉਨ੍ਹਾਂ ਦੀ ਖੇਡ ਕਲਾ ਵੱਲ ਅਤੇ ਉਨ੍ਹਾਂ ਵਲੋਂ ਅੰਤਰਰਾਸ਼ਟਰੀ ਪੱਧਰ ‘ਤੇ ਸੋਨ ਤਗਮੇ ਜਿੱਤਣ ਵੱਲ ਕੋਈ ਧਿਆਨ ਨਹੀਂ ਦਿੱਤਾ, ਸਿਰਫ਼ ਉਨ੍ਹਾਂ ਦੇ ਖੇਡਣ ਦੌਰਾਨ ਪਾਏ ਹੋਏ ਕੱਪੜਿਆਂ ਉਪਰ ਕਿੰਤੂ-ਪ੍ਰੰਤੂ ਕਰਕੇ ਉਨ੍ਹਾਂ ਦਾ ਹੌਸਲਾ ਘਟਾਉਣ ਦਾ ਯਤਨ ਕੀਤਾ ਗਿਆ ਪਰ ਇਨ੍ਹਾਂ ਖਿਡਾਰਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਜਿਨ੍ਹਾਂ ਨੇ ਅਜਿਹੇ ਲੋਕਾਂ ਦੀ ਪ੍ਹ੍ਰਵਾਹ ਨਾ ਕਰਦਿਆਂ ਦੇਸ਼ ਲਈ ਸੋਨ ਤਗਮੇ ਜਿੱਤ ਕੇ ਦੇਸ਼ ਦਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਮੁੱਕੇਬਾਜ਼ ਜ਼ਰੀਨ ਅਤੇ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਤੋਂ ਦੇਸ਼ ਦੀਆਂ ਹੋਰਨਾਂ ਖਿਡਾਰਨਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਲੋਕਾਂ ਵਲੋਂ ਮਾਰੇ ਜਾਂਦੇ ਤਾਅਨੇ ਮਿਹਣਿਆਂ ਵੱਲ ਕੋਈ ਧਿਆਨ ਨਾ ਦੇ ਕੇ ਆਪਣੀ ਖੇਡ ਕਲਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਕ ਪਾਸੇ ਭਾਰਤ ਦੀ ਕੇਂਦਰ ਸਰਕਾਰ ਅਤੇ ਵੱਖ ਵੱਖ ਸੂਬਿਆਂ ਦੀ ਸਰਕਾਰਾਂ ਖੇਡਾਂ ਵਿਚ ਖਿਡਾਰਨਾਂ ਨੂੰ ਅਨੇਕਾਂ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਜਦੋਂਕਿ ਅਸਲੀਅਤ ਇਹ ਹੈ ਕਿ ਅੱਜ ਵੀ ਭਾਰਤ ਵਿਚ ਵੱਖ ਵੱਖ ਖਿਡਾਰਨਾਂ ਵੱਖ ਵੱਖ ਥਾਵਾਂ ‘ਤੇ ਸ਼ੋਸ਼ਣ ਜਾਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਕਿ ਬਹੁਤ ਗੰਭੀਰ ਮਸਲਾ ਹੈ।
ਖਿਡਾਰਨਾਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਕੇਂਦਰ ਸਰਕਾਰ ਸਮੇਤ ਹਰ ਜ਼ਿੰਮੇਵਾਰ ਅਥਾਰਿਟੀ ਅਤੇ ਭਾਰਤੀ ਖੇਡਾਂ ਦੇ ਕਰਤਿਆਂ ਧਰਤਿਆਂ ਨੂੰ ਜ਼ਰੂਰੀ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ ਤਾਂ ਕਿ ਭਾਰਤੀ ਖਿਡਾਰਨਾਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਨਾ ਹੋ ਸਕਣ ਅਤੇ ਉਹ ਆਪਣੀ ਸੁਰੱਖਿਆ ਪ੍ਰਤੀ ਪੂਰੀ ਤਰਾਂ ਨਿਸ਼ਚਿੰਤ ਹੋ ਕੇ ਦੇਸ਼ ਲਈ ਤਗਮੇ ਜਿੱਤ ਸਕਣ।
-ਜਗਮੋਹਨ ਸਿੰਘ ਲਕੀ
Comment here