ਸ੍ਰੀਨਗਰ – ਕੜਾਕੇ ਦੀ ਠੰਢ ਤੇ ਬਾਰਿਸ਼-ਬਰਫ਼ਬਾਰੀ ਦੌਰਾਨ ਸ਼ੋਪੀਆਂ ਵਿੱਚ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਦੋਵੇਂ ਅੱਤਵਾਦੀ ਦ ਰਜਿਸਟੈਂਸ ਫਰੰਟ (ਟੀਆਰਐੱਫ) ਨਾਲ ਜੁੜੇ ਹੋਏ ਸਨ। ਮੌਜੂਦਾ ਸਾਲ ’ਚ ਹੁਣ ਤਕ ਸੁਰੱਖਿਆ ਬਲ ਵੱਖ-ਵੱਖ ਮੁਕਾਬਲਿਆਂ ’ਚ 17 ਅੱਤਵਾਦੀਆਂ ਨੂੰ ਢੇਰ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ, ਖ਼ਰਾਬ ਮੌਸਮ ਦਾ ਲਾਭ ਉਠਾ ਕੇ ਬਾਰਿਸ਼-ਬਰਫ਼ਬਾਰੀ ਦਰਮਿਆਨ ਆਟੋਮੈਟਿਕ ਹਥਿਆਰਾਂ ਨਾਲ ਲੈਸ ਦੋ ਅੱਤਵਾਦੀ ਆਪਣੇ ਇਕ ਸੰਪਰਕ ਸੂਤਰ ਨੂੰ ਮਿਲਣ ਜੇਨਪੋਰਾ ਕੋਲ ਕੀਬਲ ਪਿੰਡ ’ਚ ਆਏ ਸਨ। ਇਸ ਦਾ ਪਤਾ ਲਗਦੇ ਹੀ ਪੁਲਿਸ ਨੇ ਫ਼ੌਜ ਦੀ 44 ਆਰਆਰ ਤੇ ਸੀਆਰਪੀਐੱਫ ਨਾਲ ਮਿਲ ਕੇ ਭਿਆਨਕ ਠੰਢ ਦਰਮਿਆਨ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਕਰ ਕੇ ਭੱਜਣ ਦਾ ਯਤਨ ਕੀਤਾ। ਜਵਾਨਾਂ ਨੇ ਜਵਾਬੀ ਫਾਇਰ ਕੀਤਾ ਤੇ ਮੁਕਾਬਲਾ ਸ਼ੁਰੂ ਹੋ ਗਿਆ। ਜਵਾਨਾਂ ਨੇ ਅੱਤਵਾਦੀਆਂ ਦੀਆਂ ਗੋਲੀਆਂ ਦੀ ਵਾਛੜ ਦਰਮਿਆਨ ਹੀ ਉਥੇ ਸਥਿਤ ਆਸਪਾਸ ਦੇ ਮਕਾਨਾਂ ’ਚੋਂ ਕਈ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਇਆ। ਇਸ ਦਰਮਿਆਨ, ਦੋਵਾਂ ਅੱਤਵਾਦੀਆਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ ਤੇ ਉਨ੍ਹਾਂ ਰਾਹੀਂ ਉਨ੍ਹਾਂ ਨੂੰ ਸਰੰਡਰ ਕਰਨ ਲਈ ਮਨਾਉਣ ਦਾ ਯਤਨ ਕੀਤਾ ਗਿਆ। ਪਰ ਅੱਤਵਾਦੀਆਂ ਨੇ ਫਾਇਰਿੰਗ ਜਾਰੀ ਰੱਖੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਉਨ੍ਹਾਂ ਨੂੰ ਮਾਰਨ ਲਈ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਦੁਪਹਿਰ 12 ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ਾਮ ਸਵਾ ਪੰਜ ਵਜੇ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਖ਼ਤਮ ਹੋ ਗਿਆ। ਹਾਲਾਂਕਿ ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਨੇ ਦੱਸਿਆ ਕਿ ਇਕ ਅੱਤਵਾਦੀ ਸ਼ੋਪੀਆਂ ਦਾ ਰਹਿਣ ਵਾਲਾ ਸਮੀਰ ਸ਼ਾਹ ਤੇ ਦੂਜਾ ਪੁਲਵਾਮਾ ਦਾ ਰਈਸ ਅਹਿਮ ਮੀਰ ਹੈ। ਇਹ ਦੋਵੇਂ ਟੀਆਰਐੱਫ ਨਾਲ ਸਬੰਧਤ ਸਨ। ਮਾਰੇ ਗਏ ਦੋਵੇਂ ਅੱਤਵਾਦੀਆਂ ਕੋਲੋਂ ਹਥਿਆਰਾਂ ਦਾ ਇਕ ਵੱਡਾ ਜ਼ਖ਼ੀਰਾ ਵੀ ਮਿਲਿਆ ਹੈ।
ਅੱਤਵਾਦੀਆਂ ਲਈ ਪੈਸਿਆਂ ਦਾ ਪ੍ਰਬੰਧ ਕਰਨ ਵਾਲਾ ਕਾਬੂ
ਸੁਰੱਖਿਆ ਬਲਾਂ ਨੇ ਅਵੰਤੀਪੋਰਾ ’ਚ ਸਰਗਰਮ ਜੈਸ਼ ਦੇ ਇਕ ਓਵਰਗਰਾਊਂਡ ਵਰਕਰ ਨੂੰ ਉਸ ਦੇ ਟਿਕਾਣੇ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਉਮਰ ਫਾਰੂਕ ਬਟ ਦੇ ਰੂਪ ’ਚ ਹੋਈ ਹੈ। ਉਹ ਅਵੰਤੀਪੋਰਾ, ਤ੍ਰਾਲ, ਪਾਂਪੋਰ ਤੇ ਪੁਲਵਾਮਾ ’ਚ ਸਰਗਰਮ ਜੈਸ਼ ਦੇ ਅੱਤਵਾਦੀਆਂ ਲਈ ਸੁਰੱਖਿਆ ਟਿਕਾਣਿਆਂ, ਪੈਸੇ ਤੈ ਹਥਿਆਰਾਂ ਦਾ ਬੰਦੋਬਸਤ ਕਰਨ ਤੋਂ ਇਲਾਵਾ ਉਨ੍ਹਾਂ ਤਕ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦੀਆਂ ਸੂਚਨਾਵਾਂ ਵੀ ਪਹੁੰਚਾਉਂਦਾ ਸੀ।
ਪਿਸਤੌਲ ਤੇ ਹੋਰ ਸਾਮਾਨ ਨਾਲ ਓਵਰਗਰਾਊਂਡ ਵਰਕਰ ਕਾਬੂ
ਉੱਤਰੀ ਕਸ਼ਮੀਰ ਦੇ ਕੁਪਵਾੜਾ ਦੇ ਜੁਰਹਾਮਾ ’ਚ ਪੁਲਿਸ ਤੇ ਫ਼ੌਜ ਦੇ ਸਾਂਝੇ ਕਾਰਜ ਦਲ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਓਵਰਗਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਫਰੀਦ ਅਹਿਮਦ ਚੌਹਾਨ ਦੇ ਰੂਪ ’ਚ ਹੋਈ ਹੈ। ਉਹ ਲਸ਼ਕਰ ਲਈ ਬਤੌਰ ਓਵਰਗਰਾਊਂਡ ਵਰਕਰ ਕੰਮ ਕਰਦਾ ਹੈ। ਉਸ ਕੋਲੋਂ ਇਕ ਪਿਸਤੌਲ ਤੇ ਹੋਰ ਸਾਜ਼ੋ ਸਾਮਾਨ ਵੀ ਮਿਲਿਆ ਹੈ।
Comment here