ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ਼ੀ ਜਿਨਪਿੰਗ ਨੂੰ ਛੱਡਣਾ ਪੈ ਸਕਦਾ ਹੈ ਰਾਸ਼ਟਰਪਤੀ ਅਹੁਦਾ!!

ਬੀਜਿੰਗ-ਸੋਸ਼ਲ ਮੀਡੀਆ ’ਤੇ ਛਾਈ ਇੱਕ ਖਬਰ ਨੇ ਦੁਨੀਆ ਭਰ ’ਚ ਸਨਸਨੀ ਮਚਾ ਦਿੱਤੀ ਹੈ ਕਿ ਸ਼ੀ ਜਿਨਪਿੰਗ ਜਲਦੀ ਹੀ ਰਾਸ਼ਟਰਪਤੀ ਅਹੁਦੇ ਨੂੰ ਛੱਡ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ  ਆਰਥਿਕ ਮੰਦੀ ਨਾਲ ਜੂਝ ਰਹੇ ਕੋਵਿਡ ਮਹਾਮਾਰੀ ਦੇ ਦੌਰਾਨ ਹਾਲਾਤ ਨੂੰ ਸਹੀ ਢੰਗ ਨਾਲ ਸੰਭਾਲਣ ’ਚ ਅਸਫਲ ਰਹਿਣ ਕਰਕੇ ਉਹਨਾਂ ਦਾ ਅਹੁਦਾ ਜਾ ਸਕਦਾ ਹੈ। ਨਾਲ ਹੀ ਸ਼ੀ ਜਿਨਪਿੰਗ ਦੀ ਸਿਹਤ ਵੀ ਖਰਾਬ ਹੈ। ਜਾਣਕਾਰਾਂ ਅਨੁਸਾਰ ਉਨ੍ਹਾਂ ਨੂੰ ਸੇਰੇਬ੍ਰਲ, ਨਿਊਮਰਿਜ਼ਮ ਹੈ ਜੋ ਦਿਮਾਗ ਨਾਲ ਜੁੜੀ ਇਕ ਖਤਰਨਾਕ ਬੀਮਾਰੀ ਹੈ, ਜਿਸ ਨੂੰ ਦਵਾਈ ਨਾਲ ਠੀਕ ਕਰਨਾ ਸੰਭਵ ਨਹੀਂ ਅਤੇ ਇਸ ਦੇ ਲਈ ਦਿਮਾਗ ਦੀ ਸਰਜਰੀ ਕਿਰਿਆ ਹੀ ਇਕੋ ਇਕ ਰਸਤਾ ਦੱਸਿਆ ਜਾ ਰਿਹਾ ਹੈ ਪਰ ਜਿਨਪਿੰਗ ਰਿਵਾਜੀ ਚੀਨੀ ਦਵਾਈਆਂ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਦਾ ਪੋਲਿਟ ਬਿਊਰੋ ’ਚ ਵਿਰੋਧੀ ਧੜਾ ਲਾਭ ਉਠਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਬੀਮਾਰੀ ਕਾਰਨ ਸ਼ੀ ਜਿਨਪਿੰਗ ਨੂੰ ਸਾਲ 2021 ਦੇ ਅਖੀਰ ’ਚ ਹਸਪਤਾਲ ’ਚ ਦਾਖਲ ਵੀ ਹੋਣਾ ਪਿਆ ਸੀ। ਇਸ ਤੋਂ ਪਹਿਲਾਂ ਵੀ ਮਾਰਚ 2019 ’ਚ ਇਟਲੀ ਦੇ ਇਕ ਦੌਰੇ ’ਤੇ ਸ਼ੀ ਜਿਨਪਿੰਗ ਨੂੰ ਚਲਣ ’ਚ ਕੁਝ ਤਕਲੀਫ ਦੇਖੀ ਗਈ ਸੀ। ਉਸੇ ਦੌਰੇ ’ਤੇ ਜਦੋਂ ਸ਼ੀ ਜਿਨਪਿੰਗ ਫਰਾਂਸ ਪਹੁੰਚੇ ਤਾਂ ਉਨ੍ਹਾਂ ਨੂੰ ਉਠਣ-ਬੈਠਣ ਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਕੁਰਸੀ ’ਤੇ ਬੈਠਣ ਲਈ ਉਹ ਆਪਣੇ ਸਹਾਇਕਾਂ ਦਾ ਸਹਾਰਾ ਲੈਂਦੇ ਹੋਏ ਦੇਖੇ ਗਏ। ਇਸ ਦੇ ਨਾਲ ਹੀ ਅਕਤੂਬਰ 2020 ’ਚ ਸ਼ਨਸ਼ਨ ’ਚ ਸ਼ੀ ਜਿਨਪਿੰਗ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਨਾ ਸੀ ਜਿਸ ’ਚ ਉਹ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੇ ਸਨ, ਨਾਲ ਹੀ ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਵੀ ਮੱਠਾ ਸੀ। ਬੋਲਣ ਦੇ ਦੌਰਾਨ ਉਹ ਵਿਚਾਲੇ-ਵਿਚਾਲੇ ਖੰਗਦੇ ਜਾ ਰਹੇ ਸਨ ਜੋ ਇਸ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਜਿਨਪਿੰਗ ਦੀ ਸਿਹਤ ਠੀਕ ਨਹੀਂ ਹੈ। ਹਾਲ ਹੀ ’ਚ ਚੀਨੀ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਦੀ ਬੈਠਕ ਦੇ ਬਾਅਦ ਇਸ ਅਫਵਾਹ ਨੇ ਜ਼ੋਰ ਫੜਣਾ ਸ਼ੁਰੂ ਕੀਤਾ। ਇਸ ਅਫਵਾਹ ਨੂੰ ਕੈਨੇਡਾ ਦੇ ਇਕ ਬਲਾਗਰ ਨੇ ਹਵਾ ਦਿੱਤੀ, ਜਦੋਂ ਉਸ ਨੇ ਇਸ ਵਿਸ਼ੇ ’ਤੇ ਇਕ ਵੀਡੀਓ ਬਣਾਈ, ਜੋ ਜਿਵੇਂ ਹੀ ਚੀਨ ਪਹੁੰਚਿਆ, ਉਸ ’ਤੇ ਪਾਬੰਦੀ ਲਾ ਦਿੱਤੀ ਗਈ। ਇਸ ਦੇ ਬਾਅਦ ਉਸ ਵੀਡੀਓ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੀਡੀਆ ਵਿਭਾਗ ਨੇ ਸੋਸ਼ਲ ਮੀਡੀਆ ਤੋਂ ਤੁਰੰਤ ਹਟਾ ਦਿੱਤਾ ਭਾਵ ਉਸ ਵੀਡੀਓ ਨੂੰ ਚੀਨ ’ਚ ਕੋਈ ਨਹੀਂ ਦੇਖ ਸਕਦਾ। ਇਸ ਕੈਨੇਡਾਈ ਬਲਾਗਰ ਨੇ ਦਾਅਵਾ ਕੀਤਾ ਹੈ ਕਿ ਸਾਲ 2022 ਦੇ ਅਖੀਰ ’ਚ ਕਮਿਊਨਿਸਟ ਪਾਰਟੀ ਦੀ ਇਕ ਵੱਡੀ ਬੈਠਕ ’ਚ ਸ਼ੀ ਜਿਨਪਿੰਗ ਨੂੰ ਕਮਿਊਨਿਸਟ ਪਾਰਟੀ ਤੋਂ ਵੱਖ ਹੋਣ ਲਈ ਮਜਬੂਰ ਕੀਤਾ ਜਾਵੇਗਾ। ਉਸ ਸਮੇਂ ਤੱਕ ਚੀਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸੰਭਾਲਣ ਵਾਲੇ ਲੀ ਖਸ਼ਵਾਂਗ ਸ਼ੀ ਜਿਨਪਿੰਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ ਅਤੇ ਪਾਰਟੀ ਦੀ ਰੋਜ਼ਾਨਾ ਕਾਰਵਾਈ ਦੀ ਕਮਾਨ ਆਪਣੇ ਹੱਥਾਂ ’ਚ ਲੈ ਸਕਦੇ ਹਨ। ਓਧਰ ਇਸ ਸਿਆਸੀ ਸੰਕਟ ਦੌਰਾਨ ਚੀਨ ’ਚ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਚੀਨੀ ਰਾਸ਼ਟਰ ਮੁਖੀ ਸ਼ੀ ਜਿਨਪਿੰਗ ਨੇ ਮਹਾਮਾਰੀ ਨਾਲ ਸਖਤੀ ਨਾਲ ਨਜਿੱਠਣ ਨੂੰ ਕਿਹਾ ਹੈ। ਇਸ ਕਾਰਨ ਚੀਨ ਦੀਆਂ ਆਰਥਿਕ ਅਤੇ ਸਿਆਸੀ ਰਾਜਧਾਨੀਆਂ ਸ਼ਿੰਘਾਈ ਅਤੇ ਪੇਈਚਿੰਗ ਦੋਵਾਂ ’ਚ ਸਖਤ ਲਾਕਡਾਊਨ ਲਾਇਆ ਗਿਆ ਹੈ। ਚੀਨ ਸਰਕਾਰ ਵੱਲੋਂ ਕੀਤੀ ਗਈ ਇਸ ਸਖਤੀ ਦੇ ਕਾਰਨ ਲੋਕਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਚੀਨ ਦੀ ਅਰਥਵਿਵਥਤਾ ਨੂੰ ਇਸ ਸਖਤੀ ਨਾਲ ਬੜਾ ਨੁਕਸਾਨ ਹੋਇਆ ਹੈ। ਇਕ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਇਕ ਮਹੀਨੇ ਤੱਕ ਜਾਰੀ ਰਹਿੰਦਾ ਹੈ ਤਾਂ ਚੀਨ ਦੀ ਅਰਥਵਿਵਸਥਾ ਮੰਦੀ ’ਚ ਚਲੀ ਜਾਵੇਗੀ। ਆਰਥਿਕ ਮਾਮਲੇ ਦੇ ਜਾਣਕਾਰਾਂ ਨੇ ਇਸ ਸਮੇਂ ਚੀਨ ਨੂੰ ਜ਼ੀਰੋ ਜੀ.ਡੀ.ਪੀ. ਤੇ ਜ਼ੀਰੋ ਸਰਗਰਮੀ ਵਾਲੀ ਅਰਥਵਿਵਸਥਾ ਦਾ ਨਾਂ ਦਿੱਤਾ ਹੈ। ਜਿੱਥੇ ਇਕ ਪਾਸੇ ਵਿਦੇਸ਼ੀ ਕੰਪਨੀਆਂ ਚੀਨ ਤੋਂ ਬਾਹਰ ਜਾ ਰਹੀਆਂ ਹਨ ਅਤੇ ਵੀਅਤਨਾਮ, ਇੰਡੋਨੇਸ਼ੀਆ, ਫਿਲੀਪੀਂਜ਼ ਸਮੇਤ ਭਾਰਤ ਦਾ ਰੁਖ ਕਰ ਰਹੀਆਂ ਹਨ ਤਾਂ ਓਧਰ ਜੋ ਵੱਡੀਆਂ ਕੰਪਨੀਆਂ ਅਜੇ ਵੀ ਚੀਨ ’ਚ ਬਣੀਆਂ ਹੋਈਆਂ ਹਨ ਉਹ ਕੋਈ ਨਵਾਂ ਨਿਵੇਸ਼ ਕਰਨ ਤੋਂ ਪ੍ਰਹੇਜ਼ ਕਰ ਰਹੀਆਂ ਹਨ। ਲਾਕਡਾਊਨ ਕਾਰਨ ਜਿੱਥੇ 15 ਦਿਨ ਪਹਿਲਾਂ ਤੱਕ ਕਿਸੇ ਵੀ ਵਿਅਕਤੀ ਦੇ ਪੇਈਚਿੰਗ ਤੋਂ ਬਾਹਰ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਸੀ, ਉੱਥੇ ਜੋ ਜ਼ਰੂਰੀ ਕੰਮ ਕਰ ਕੇ ਬਾਹਰ ਜਾ ਰਹੇ ਹਨ, ਉਨ੍ਹਾਂ ਨੂੰ ਪੇਈਚਿੰਗ ਵਾਪਸ ਪਰਤਦੇ ਸਮੇਂ ਆਰ.ਟੀ.ਪੀ.ਆਰ. ਟੈਸਟ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਪਹਿਲਾਂ ਹਰ ਤੀਸਰੇ ਦਿਨ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਸੀ ਪਰ ਹੁਣ ਹਰ ਵਿਅਕਤੀ ਦਾ ਰੋਜ਼ਾਨਾ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ। ਚੀਨ ’ਚ ਲੋਕ ਸ਼ੀ ਜਿਨਪਿੰਗ ਦੀ ਸਖਤੀ ਤੋਂ ਪ੍ਰੇਸ਼ਾਨ ਹੋ ਗਏ ਹਨ ਅਤੇ ਰੋਸ ’ਚ ਵੀ ਹਨ। ਚੀਨੀ ਕਮਿਊਨਿਸਟ ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮਹਾਮਾਰੀ ਚੀਨ ਦੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਵੱਡੀ ਬ੍ਰੇਕ ਲਾ ਸਕਦੀ ਹੈ। ਇਸ ਦੇ ਨਾਲ ਹੀ ਚੀਨ ਨੂੰ ਵੱਡਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਅਪ੍ਰੈਲ ਮਹੀਨੇ ’ਚ ਵਧਦੇ ਹੋਏ ਯੂਆਨ ਦੇ ਭਾਅ ’ਚ ਗਿਰਾਵਟ ਦਰਜ ਕੀਤੀ ਗਈ। ਆਰਥਿਕ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਕ ਮਹੀਨੇ ’ਚ ਯੂਆਨ ਦੇ ਬਾਜ਼ਾਰ ਭਾਵ ’ਚ 4 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਯੂਆਨ ਦੇ ਭਾਵ ’ਚ ਇਹ ਗਿਰਾਵਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ 28 ਸਾਲਾਂ ’ਚ ਯੂਆਨ ’ਚ ਹੁਣ ਤੱਕ ਦੀ ਇਕ ਮਹੀਨੇ ’ਚ ਹੋਈ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾ ਮਹਾਮਾਰੀ ਦੇ ਇਸ ਔਖਿਆਈ ਭਰੇ ਦੌਰ ’ਚ ਸ਼ੀ ਜਿਨਪਿੰਗ ਵੱਲੋਂ ਲਾਗੂ ਕੀਤੀ ਗਈ ਜ਼ੀਰੋ ਕੋਵਿਡ ਨੀਤੀ ਨਾਲ ਚੀਨੀਆਂ ਦਾ ਆਪਣੇ ਚੋਟੀ ਦੇ ਨੇਤਾਵਾਂ ਤੋਂ ਭਰੋਸਾ ਉਠਦਾ ਜਾ ਰਿਹਾ ਹੈ। ਲੋਕਾਂ ’ਚ ਆਪਣੇ ਪ੍ਰਸ਼ਾਸਨ ਦੇ ਪ੍ਰਤੀ ਭਾਰੀ ਰੋਸ ਭਰਿਆ ਹੋਇਆ ਹੈ, ਸੋਸ਼ਲ ਮੀਡੀਆ ’ਤੇ ਜਾਰੀ ਕਈ ਵੀਡੀਓ ’ਚ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲੜਦੇ ਦੇਖਿਆ ਜਾ ਸਕਦਾ ਹੈ। ਕਈ ਥਾਵਾਂ ’ਤੇ ਲੋਕਾਂ ਵੱਲੋਂ ਆਪਣੇ ਕੰਪਾਊਂਡ ’ਚ ਸਰਕਾਰੀ ਮੁਲਾਜ਼ਮਾਂ ਵੱਲੋਂ ਲਾਈ ਗਈ ਬਾੜ ਨੂੰ ਤੋੜ ਕੇ ਸੁੱਟਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਇਹ ਸਭ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਚੀਨ ਦੀ ਸੱਤਾ ਦੇ ਗਲਿਆਰੇ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਜਲਦੀ ਹੀ ਕੋਈ ਵੱਡਾ ਉਲਟ ਫੇਰ ਦੇਖਣ ਨੂੰ ਮਿਲ ਸਕਦਾ ਹੈ।

Comment here