ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ਼ਿੰਜੋ ਅਬੇ ਦਾ ਕਤਲ, ਭਾਰਤ ਚ ਰਾਸ਼ਟਰੀ ਸੋਗ

ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸਵੇਰੇ ਹੀ ਉਨ੍ਹਾਂ ਨੂੰ ਗੋਲ਼ੀ ਮਾਰੀ ਗਈ ਸੀ। ਗੋਲ਼ੀ ਸ਼ਿੰਜੋ ਆਬੇ ਦੀ ਛਾਤੀ ‘ਚ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉੱਥੇ ਅਬੇ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਕਿਉਂਕਿ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ। ਸ਼ਿੰਜੋ ਅਬੇ ‘ਤੇ ਇਹ ਹਮਲਾ ਨਾਰਾ ਸ਼ਹਿਰ ‘ਚ ਹੋਇਆ ਜਦੋਂ ਉਹ ਭਾਸ਼ਣ ਦੇ ਰਹੇ ਸੀ। ਜਦੋਂ ਉਹ ਡਿੱਗੇ ਤਾਂ ਉਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼ਿੰਜੋ ਅਬੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਰਾਇਟਰਜ਼ ਨੇ ਜਾਪਾਨ ਟਾਈਮਜ਼ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਦੋਸ਼ੀ ਦਾ ਨਾਂ ਯਾਮਾਗਾਮੀ ਟੇਤਸੁਯਾ ਹੈ। ਉਸ ਦੀ ਉਮਰ 41 ਸਾਲ ਹੈ। ਦੋਸ਼ੀ ਸੈਲਫ ਡਿਫੈਂਸ ਦਾ ਮੈਂਬਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਕੋਲੋਂ ਬੰਦੂਕ ਜ਼ਬਤ ਕਰ ਲਈ ਗਈ ਹੈ।

ਭਾਰਤ ਦੇ ਪੀ ਐੱਮ ਵੱਲੋਂ ਰਾਸ਼ਟਰੀ ਸੋਗ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਜਾਪਾਨ ਅਤੇ ਦੁਨੀਆ ਨੂੰ ਬਿਹਤਰ ਸਥਾਨ ਬਣਾਉਣ ਲਈ ਸਮਰਪਿਤ ਕਰ ਦਿੱਤਾ। ਮੋਦੀ ਨੇ ਆਬੇ ਲਈ ਡੂੰਘੇ ਸਤਿਕਾਰ ਵਜੋਂ 9 ਜੁਲਾਈ ਨੂੰ ਰਾਸ਼ਟਰੀ ਸੋਗ ਰੱਖੇ ਜਾਣ ਦਾ ਵੀ ਐਲਾਨ ਕੀਤਾ। ਪੀ.ਐੱਮ. ਮੋਦੀ ਨੇ ਇਕ ਤੋਂ ਇਕ ਕੀਤੇ ਗਏ ਟਵੀਟ ‘ਚ ਕਿਹਾ,”ਮੇਰੇ ਪ੍ਰਿਯ ਦੋਸਤਾਂ ‘ਚ ਸ਼ਾਮਲ ਸ਼ਿੰਜੇ ਆਬੇ ਦੇ ਦਿਹਾਂਤ ਤੋਂ ਮੈਂ ਹੈਰਾਨ ਅਤੇ ਦੁਖ਼ੀ ਹਾਂ ਅਤੇ ਇਸ ਨੂੰ ਜ਼ਾਹਰ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਇਕ ਸੀਨੀਅਰ ਗਲੋਬਲ ਰਾਜਨੇਤਾ, ਇਕ ਸ਼ਾਨਦਾਰ ਨੇਤਾ ਅਤੇ ਇਕ ਅਦਭੁੱਤ ਪ੍ਰਸ਼ਾਸਕ ਸਨ।” ਉਨ੍ਹਾਂ ਨੇ ਜਾਪਾਨ ਅਤੇ ਵਿਸ਼ਵ ਨੂੰ ਇਕ ਬਿਹਤਰ ਸਥਾਨ ਬਣਾਉਣ ਲਈ ਆਪਣ ਜੀਵਨ ਸਮਰਪਿਤ ਕਰ ਦਿੱਤਾ।  ਆਬੇ 2020 ‘ਚ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ, ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਮੋਦੀ ਨੇ ਕਿਹਾ ਕਿ ਆਬੇ ਨਾਲ ਉਨ੍ਹਾਂ ਦੇ ਸਾਲਾਂ ਪੁਰਾਣੇ ਸੰਬੰਧ ਰਹੇ ਹਨ। ਉਨ੍ਹਾਂ ਕਿਹਾ,”ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਤੋਂ ਮੈਂ ਉਨ੍ਹਾਂ ਨੂੰ ਜਾਣਦਾ ਸੀ ਅਤੇ ਸਾਡੀ ਦੋਸਤੀ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਜਾਰੀ। ਅਰਥਵਿਵਸਥਾ ਅਤੇ ਗਲੋਬਲ ਮਾਮਲਿਆਂ ‘ਤੇ ਉਨ੍ਹਾਂ ਦੀ ਤਿੱਖੀ ਸੂਝ ਨੇ ਮੇਰੇ ‘ਤੇ ਡੂੰਘੀ ਛਾਪ ਛੱਡੀ।” ਮੋਦੀ ਨੇ ਕਿਹਾ ਕਿ ਆਬੇ ਨੇ ਭਾਰਤ-ਜਾਪਾਨ ਸੰਬੰਧਾਂ ਨੂੰ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੇ ਪੱਧਰ ‘ਤੇ ਲਿਜਾਉਣ ‘ਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਕਿਹਾ,”ਅੱਜ ਜਾਪਾਨ ਨਾਲ ਪੂਰਾ ਭਾਰਤ ਵੀ ਉਨ੍ਹਾਂ ਦੇ ਦਿਹਾਂਤ ਨਾਲ ਸੋਗ ‘ਚ ਡੁੱਬ ਗਿਆ ਹੈ। ਅਸੀਂ ਦੁਖ਼ ਦੀ ਇਸ ਘੜੀ ‘ਚ ਆਪਣੇ ਜਾਪਾਨੀ ਭਰਾਵਾਂ ਅਤੇ ਭੈਣਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।” ਪ੍ਰਧਾਨ ਮੰਤਰੀ ਨੇ ਆਬੇ ਦੇ ਸਨਮਾਨ ‘ਚ 9 ਜੁਲਾਈ ਨੂੰ ਭਾਰਤ ‘ਚ ਇਕ ਦਿਨਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ‘ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਾਪਾਨ, ਭਾਰਤ ਅਤੇ ਦੁਨੀਆ ਲਈ ਦੁਖਦਾਈ ਦਿਨ ਹੈ। ਆਬੇ ਨੂੰ ਸ਼ੁੱਕਰਵਾਰ ਨੂੰ ਪੱਛਮੀ ਜਾਪਾਨ ਵਿੱਚ ਚੋਣ ਪ੍ਰਚਾਰ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਗੰਭੀਰ ਰੂਪ ਨਾਲ ਜ਼ਖਮੀ ਆਬੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜੈਸ਼ੰਕਰ ਨੇ ਟਵੀਟ ਕੀਤਾ, ”ਜਾਪਾਨ, ਭਾਰਤ, ਦੁਨੀਆ ਅਤੇ ਨਿੱਜੀ ਤੌਰ ‘ਤੇ ਮੇਰੇ ਲਈ ਦੁਖਦ ਦਿਨ ਹੈ। ਇਸ ਦੇ ਨਾਲ ਹੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਟਵੀਟ ਕੀਤਾ ਕਿ ਇਹ ਸੱਚਮੁੱਚ ਹੈਰਾਨ ਕਰਨ ਵਾਲੀ ਖ਼ਬਰ ਹੈ, ਇਹ ਇਤਿਹਾਸ ਦਾ ਕਾਲਾ ਦਿਨ ਹੈ। ਉਸਨੇ ਕਿਹਾ ਕਿ ਉਸਦੇ ਵਿਚਾਰ ਉਸਦੇ ਪਰਿਵਾਰ, ਅਜ਼ੀਜ਼ਾਂ ਅਤੇ ਜਾਪਾਨ ਦੇ ਲੋਕਾਂ ਨਾਲ ਹਨ।

ਭਾਰਤ ਨਾਲ ਸੀ ਖਾਸ ਰਿਸ਼ਤਾ

ਆਬੇ ਦਾ ਭਾਰਤ ਦੇ ਨਾਲ ਬੇਹੱਦ ਦੋਸਤਾਨਾ ਰਿਸ਼ਤਾ ਰਿਹਾ। ਉਹ ਪ੍ਰਧਾਨ ਮੰਤਰੀ ਰਹਿੰਦਿਆਂ 4 ਵਾਰ ਅਤੇ ਕੁਲ 5 ਵਾਰ ਭਾਰਤ ਆਏ ਸਨ। ਪਹਿਲੀ ਵਾਰ 2006 ’ਚ, ਜਦੋਂ ਉਹ ਜਾਪਾਨ ਦੇ ਚੀਫ ਕੈਬਨਿਟ ਸੈਕ੍ਰੇਟਰੀ ਹੁੰਦੇ ਸਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2007 ’ਚ ਭਾਰਤ ਆਏ। ਇਸ ਤੋਂ ਬਾਅਦ ਉਹ 2012 ਤੋਂ 2020 ਤਕ ਦੂਜੇ ਵਾਰ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਤਿੰਨ ਵਾਰ ਭਾਰਤ ਆਏ।  ਉਹ ਪਹਿਲੇ ਜਾਪਾਨੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਭਾਰਤ ਦੇ ਇੰਨੇ ਦੌਰੇ ਕੀਤੇ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਨਵਾਜਿਆ ਸੀ। ਆਬੇ ਗਣਤੰਤਰ ਦਿਵਸ ਦੀ ਪਰੇਡ ’ਚ ਬਤੌਰ ਚੀਫ ਗੈਸਟ ਸ਼ਾਮਿਲ ਹੋਣ ਵਾਲੇ ਪਹਿਲੇ ਜਾਪਾਨੀ ਪ੍ਰਧਾਨ ਮੰਤਰੀ ਸਨ। 2018 ’ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹਾਲੀਡੇ ਹੋਮ ’ਚ ਇਨਵਾਈਟ ਕੀਤਾ ਸੀ। ਆਬੇ ਦੇ ਨਿੱਜੀ ਬੰਗਲੇ ’ਤੇ ਜਾਣ ਵਾਲੇ ਮੋਦੀ ਪਹਿਲੇ ਵਿਦੇਸ਼ੀ ਨੇਤਾ ਸਨ। 2007 ’ਚ ਸ਼ਿੰਜੋ ਆਬੇ ਪਹਿਲੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਭਾਰਤ ਆਏ। ਉਨ੍ਹਾਂ ਨੇ ਸੰਸਦ ’ਚ ‘ਦੋ ਸਮੁੰਦਰਾਂ ਦੇ ਸੰਗਮ’ ਨਾਂ ਦੀ ਸਪੀਚ ਦਿੱਤੀ। ਇਹ ਕੰਸੈਪਟ ਹੁਣ ਇੰਡੋ-ਪੈਸੇਫਿਕ ਰਿਸ਼ਤਿਆਂ ਅਤੇ ਭਾਰਤ ਤੇ ਜਾਪਾਨ ਦੇ ਸੰਬੰਧਾਂ ਦਾ ਮਜਬੂਤ ਆਧਾਰ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ 26 ਜਨਵਰੀ 2014 ਨੂੰ ਸ਼ਿੰਜੋ ਆਬੇ 65ਵੇਂ ਗਣਤੰਤਰ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਸਨ। ਤੀਜੀ ਭਾਰਤ ਯਾਤਰਾ ਦੌਰਾਨ ਸ਼ਿੰਜੋ ਆਬੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਾਰਾਣਸੀ ’ਚ ਗੰਗਾ ਆਰਤੀ ’ਚ ਸ਼ਾਮਲ ਹੋਏ। ਇੱਥੇ ਉਨ੍ਹਾਂ ਪੂਜਾ ਦੀ ਥਾਲੀ ਹੱਥ ’ਚ ਲੈ ਕੇ ਆਰਤੀ ਵੀ ਕੀਤੀ।  ਸਤੰਬਰ 2017 ’ਚ ਸ਼ਿੰਜੋ ਆਬੇ ਚੌਥੀ ਵਾਰ ਭਾਰਤ ਯਾਤਰਾ ’ਤੇ ਆਏ। ਉਹ ਗੁਜਰਾਤ ਦੇ ਗਾਂਧੀਨਗਰ ’ਚ ਭਾਰਤ-ਜਾਪਾਨ ਵਾਰਤਾ ’ਚ ਭਾਗ ਲੈਣ ਪਹੁੰਚੇ ਸਨ। ਏਅਰਪੋਰਟ ’ਤੇ ਉਨ੍ਹਾਂ ਦਾ ਸਵਾਗਤ ਕਰਨ ਪੀ.ਐੱਮ. ਮੋਦੀ ਨੇ ਗਲੇ ਲਗਾ ਕੇ ਕੀਤਾ। ਏਅਰਪੋਰਟ ਤੋਂ ਨਿਕਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰਤ ਪ੍ਰੋਟੋਕੋਲ ਤੋੜਦੇ ਹੋਏ ਸ਼ਿੰਜੋ ਆਬੇ ਨਾਲ ਰੋਡ ਸ਼ੋਅ ’ਚ ਹਿੱਸਾ ਲਿਆ ਸੀ। ਸ਼ਿੰਜੋ ਆਬੇ ਅਤੇ ਉਨ੍ਹਾਂ ਦੀ ਪਤਨੀ ਏਕੀ ਆਬੇ ਅਹਿਮਦਾਬਾਦ ’ਚ ਸਿਦੀ ਸਯੈਦ ਮਸੀਤ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਨ। ਅਹਿਮਦਾਬਾਦ ਯਾਤਰਾ ਦੌਰਾਨ ਸ਼ਿੰਜੋ ਆਬੇ ਅਤੇ ਪੀ.ਐੱਮ. ਮੋਦੀ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਸੀ।

ਬਿਮਾਰ ਵੀ ਸਨ ਸ਼ਿੰਬੋ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਪਹਿਲਾਂ ਹੀ ਘਾਤਕ ਬਿਮਾਰੀ ਅਲਸਰੇਟਿਵ ਕੋਲਾਈਟਿਸ ਨਾਲ ਜੂਝ ਰਹੇ ਸਨ। ਇਸ ਬਿਮਾਰੀ ਕਾਰਨ ਲਗਾਤਾਰ ਖਰਾਬ ਸਿਹਤ ਦੇ ਮੱਦੇਨਜ਼ਰ ਉਸਨੇ 28 ਅਗਸਤ 2020 ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇੰਨਾ ਹੀ ਨਹੀਂ ਇਹ ਬੀਮਾਰੀ ਪਿਛਲੇ ਕਈ ਸਾਲਾਂ ਤੋਂ ਆਬੇ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਬਿਮਾਰੀ ਕਾਰਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਸਾਲ 2007 ਵਿੱਚ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹਾਲਾਤ ਸੁਧਰ ਕੇ ਉਹ ਮੁੜ ਪ੍ਰਧਾਨ ਮੰਤਰੀ ਬਣ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਅਲਸਰੇਟਿਵ ਕੋਲਾਈਟਿਸ ਨੂੰ ਸੋਜ ਵਾਲੀ ਅੰਤੜੀਆਂ ਦੀ ਬਿਮਾਰੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਸਰੀਰ ਦੀ ਇਮਿਊਨ ਸਿਸਟਮ ਪਾਚਨ ਪ੍ਰਣਾਲੀ ਵਿੱਚ ਮੌਜੂਦ ਬੈਕਟੀਰੀਆ ਦੇ ਵਿਰੁੱਧ ਵਧੇਰੇ ਸਰਗਰਮ ਹੋ ਜਾਂਦੀ ਹੈ। ਇਸ ਨਾਲ ਵੱਡੀ ਅੰਤੜੀ ਦੀ ਅੰਦਰਲੀ ਪਰਤ ਦੀ ਸੋਜ ਹੋ ਜਾਂਦੀ ਹੈ ਅਤੇ ਫੋੜੇ ਬਣ ਜਾਂਦੇ ਹਨ। ਅਲਸਰੇਟਿਵ ਕੋਲਾਈਟਿਸ ਨੂੰ ਖੂਨੀ ਦਸਤ ਵੀ ਕਿਹਾ ਜਾਂਦਾ ਹੈ।

Comment here