ਸਿਆਸਤਖਬਰਾਂ

ਸ਼ਿਲੌਂਗ ਚ ਸਿੱਖਾਂ ਦੇ ਉਜਾੜੇ ਦਾ ਮਾਮਲਾ ਗਰਮਾਇਆ

ਨਵੀੰ ਦਿੱਲੀ-ਸਿਲ਼ੌੰਗ ਚ ਸਿੱਖਾਂ ਦੇ ਉਜਾੜੇ ਦਾ ਮਾਮਲਾ ਇਕ ਵਾਰ ਫੇਰ ਚਰਚਾ ਚ ਹੈ। ਮੇਘਾਲਿਆ ਕੈਬਨਿਟ ਵੱਲੋਂ ਥੇਮ ਲਿਊ ਮਾਅਲੌਂਗ ਇਲਾਕੇ ਜਾਂ ਪੰਜਾਬੀ ਲੇਨ ਵਿਚੋਂ ‘ਗ਼ੈਰਕਾਨੂੰਨੀ ਤੌਰ ਉਤੇ ਰਹਿ ਰਹੇ’ ਲੋਕਾਂ ਨੂੰ ਦੂਜੀ ਥਾਂ ਉਤੇ ਵਸਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇਣ ਮਗਰੋਂ ਹਰੀਜਨ ਪੰਚਾਇਤ ਕਮੇਟੀ, ਜਿਹੜੀ ਦਲਿਤ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਹੈ, ਨੇ ਕਿਹਾ ਕਿ ਉਹ ਸਰਕਾਰ ਨੂੰ ਇਹ ਮੁਹਿੰਮ ਚਲਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਉਪ ਮੁੱਖ ਮੰਤਰੀ ਪ੍ਰਿਸਟਨ ਟਾਈਨਸੌਂਗ ਦੀ ਅਗਵਾਈ ਹੇਠ ਬਣੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੈਬਨਿਟ ਨੇ ਹਫ਼ਤੇ ਦੇ ਸ਼ੁਰੂ ’ਚ ਇਹ ਫ਼ੈਸਲਾ ਲਿਆ ਸੀ। ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੈਂਕੜੇ ਦਲਿਤ ਸਿੱਖ ਪਰਿਵਾਰ ਥੇਮ ਲਿਊ ਮਾਅਲੌਂਗ ਏਰੀਆ ਜਾਂ ਪੰਜਾਬੀ ਲੇਨ ’ਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਨੂੰ ਨਕਾਰ ਦਿੱਤਾ ਹੈ। ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਲਈ ਮਰ ਜਾਣਗੇ ਪਰ ਮੇਘਾਲਿਆ ਸਰਕਾਰ ਵੱਲੋਂ ਕਿਸੇ ਵੀ ਗ਼ੈਰਕਾਨੂੰਨੀ, ਅਨੈਤਿਕ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਖਾਸੀ ਹਿੱਲਜ਼ ਦੇ ਮੁਖੀਆਂ ’ਚੋਂ ਇਕ ਨੇ ਪੰਜਾਬੀਆਂ ਨੂੰ ਇਹ ਜ਼ਮੀਨ ਤੋਹਫ਼ੇ ’ਚ ਦਿੱਤੀ ਸੀ।

Comment here