ਸਿਆਸਤਖਬਰਾਂਚਲੰਤ ਮਾਮਲੇ

ਸ਼ਾਹ ਦੇ ਜੋੜਤੋੜ ਪੈਂਤੜੇ ਨੇ ਡਰਾਈ ਕਾਂਗਰਸ

ਪੰਜਾਬ ਦੇ ਕਾਂਗਰਸੀ ਉਮੀਦਵਾਰ ਰਾਜਸਥਾਨ ਭੇਜੇ

ਪਟਿਆਲਾ – ਸਾਰਾ ਦੇਸ਼ ਜਾਣਦਾ ਹੈ ਕਿ ਭਾਜਪਾ ਨੇਤਾ ਅਮਿਤ ਸ਼ਾਹ ਦੂਜੀਆਂ ਪਾਰਟੀਆਂ ਚ ਐਸਾ ਸੰਨ ਲਾਉੰਦੇ ਹਨ ਕਿ ਹਾਰੀ ਹੋਈ ਆਪਣੀ ਪਾਰਟੀ ਨੂੰ ਸੱਤਾ ਦੇ ਲਾਇਕ ਬਣਾ ਲੈਂਦੇ ਹਨ। ਪੰਜਾਬ ਵਿਚ ਵੀ ਅਮਿਤ ਸ਼ਾਹ ਦੇ ਇਸ ਪੈਂਤੜੇ ਤੋਂ ਕਾਂਗਰਸ ਡਰੀ ਹੋਈ ਹੈ। ਪੰਜਾਬ ਚੋਣਾਂ ਦੇ ਨਤੀਜੇ ਬੇਸ਼ੱਕ 10 ਮਾਰਚ ਨੂੰ ਆਉਣੇ ਹਨ ਪਰ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ’ਚ ਭਾਜਪਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖੌਫ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਨੇ ਜ਼ਿਆਦਾਤਰ ਕਾਂਗਰਸੀ ਉਮੀਦਵਾਰਾਂ ਨੂੰ ਕਾਂਗਰਸੀ ਰਾਜ ਵਾਲੇ ਸੂਬੇ ਰਾਜਸਥਾਨ ’ਚ ਪਰਿਵਾਰਾਂ ਸਮੇਤ ਭੇਜ ਦਿੱਤਾ ਹੈ।  ਅਹਿਜੇ 40 ਸੰਭਾਵਿਤ ਉਮੀਦਵਾਰ ਹਨ ਜਿਨ੍ਹਾਂ ਦੇ ਸੀਟ ਜਿੱਤਣ ਦੀ ਪਾਰਟੀ ਨੂੰ ਉਮੀਦ ਹੈ। ਉਨ੍ਹਾਂ ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ ਅਤੇ ਜੈਸਲਮੇਰ ਦੇ ਹੋਟਲਾਂ ’ਚ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਵੱਲੋਂ ਟਵੀਟ ਕਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਅਜਿਹਾ ਕੀ ਹੈ ਕਿ ਕਾਂਗਰਸੀ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਜਸਥਾਨ ਵਿਖੇ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ। ਕੁਝ ਉਮੀਦਵਾਰਾਂ ਨੂੰ ਦਾਰਜੀਲਿੰਗ ’ਚ ਭੇਜਣ ਦੀ ਸੂਚਨਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਇਸ ਵਾਰ ਕਿਸੇ ਪਾਰਟੀ ਨੂੰ ਬਹੁਮਤ ਮਿਲਣ ਦੀ ਉਮੀਦ ਨਹੀਂ ਹੈ। ਜੇਕਰ ਅਕਾਲੀ ਦਲ 35 ਤੋਂ 40 ਵਿਚਕਾਰ ਸੀਟਾਂ ਜਿੱਤਦਾ ਹੈ। ਭਾਜਪਾ ਅਤੇ ਪੀ. ਐੱਲ. ਸੀ. ਗਠਜੋੜ 12 ਜਾਂ 15 ਸੀਟਾਂ ਜਿੱਤ ਗਿਆ ਤਾਂ ਕੇਂਦਰ ਸਰਕਾਰ ਕਾਂਗਰਸ ਦੇ ਵਿਧਾਇਕਾਂ ਦਾ ਇਕ ਗਰੁੱਪ ਤੋੜ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।ਚੰਡੀਗੜ੍ਹ ਅਤੇ ਨਗਰ ਨਿਗਮ ਦੇ ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਭਾਜਪਾ ਨੇ ਉਥੇ ਆਪਣਾ ਮੇਅਰ ਬਣਾ ਲਿਆ ਹੈ, ਉਸੇ ਸਟਾਈਲ ’ਚ ਭਾਜਪਾ ਪੰਜਾਬ ’ਚ ਵੀ ਆਪਣਾ ਖੇਡ ਨਾ ਖੇਡ ਜਾਵੇ। ਇਸ ਦਾ ਡਰ ਕਾਂਗਰਸ ਹਾਈਕਮਾਂਡ ਨੂੰ ਸਤਾ ਰਿਹਾ ਹੈ, ਜਿਸ ਕਰਕੇ ਸੰਭਾਵਿਤ ਅਹਿਤਿਆਤ ਵਰਤਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਗੱਲ ਚੱਲ ਰਹੀ ਹੈ ਕਿ ਪੰਜਾਬ ਦੀ ਵਾਗਡੋਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਵਾਲੇ ਹੈ, ਜਿਸ ਕਰ ਕੇ ਉਹ ਕੁਝ ਵੀ ਕਰ ਸਕਦੇ ਹਨ।  ਦੱਸ ਦੇਈਏ ਕਿ ਪਹਿਲਾਂ ਹੀ ਕਾਂਗਰਸ ਦੇ ਕਈ ਵਿਧਾਇਕ ਈ. ਡੀ. ਸ਼ਿਕੰਜੇ ’ਚ ਹਨ। ਅਜਿਹੇ ’ਚ ਪਾਰਟੀ ਆਪਣੇ ਵਿਧਾਇਕਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹੈ। ਇਸੇ ਕਾਰਨ ਰਾਜਸਥਾਨ ਦੀ ਚੋਣ ਕੀਤੀ ਗਈ ਹੈ, ਕਿਉਂਕਿ ਉਥੇ ਕਾਂਗਰਸ ਪਾਰਟੀ ਦੀ ਸਰਕਾਰ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਧਾਇਕਾਂ ਨੂੰ ਸੰਭਾਲਣ ’ਚ ਮਾਸਟਰ ਦੱਸੇ ਜਾਂਦੇ ਹਨ।

Comment here