ਇਸਲਾਮਾਬਾਦ-ਬੀਤੇ ਦਿਨੀਂ ਪੀ.ਐੱਮ.ਐੱਲ.-ਐੱਨ. ਦੀ ਬੁਲਾਰਨ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਕੋਰੋਨਾ ਸੰਕਰਮਿਤ ਪਾਏ ਗਏ ਹਨ। ਜੀਓ ਟੀਵੀ ਦੇ ਅਨੁਸਾਰ ਸ਼ਰੀਫ ਜੋ ਕਿ ਕੈਂਸਰ ਨਾਲ ਪੀੜਤ ਰਹਿ ਚੁੱਕੇ ਪਿਛਲੇ ਸਾਲ ਜੂਨ ਵਿੱਚ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਬੁਲਾਰੇ ਨੇ ਕਿਹਾ ਕਿ ਸ਼ਹਿਬਾਜ਼ ਸ਼ਰੀਫ ਨੇ ਜਨਤਾ ਅਤੇ ਪੀਐਮਐਲ-ਐਨ ਵਰਕਰਾਂ ਨੂੰ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮਐਲ ਪ੍ਰਧਾਨ ਇਸ ਸਮੇਂ ਘਰ ਵਿਚ ਇਕਾਂਤਵਾਸ ਵਿਚ ਹਨ।
ਇਸ ਦੌਰਾਨ ਸਿਹਤ ਵਿਭਾਗ ਮੁਤਾਬਕ ਪਾਕਿਸਤਾਨ ਵਿੱਚ ਸਰਗਰਮ ਕੇਸ 39,881 ਤੋਂ ਵੱਧ ਕੇ 44,717 ਹੋ ਗਏ ਹਨ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ 5,472 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਸਕਾਰਾਤਮਕਤਾ ਅਨੁਪਾਤ 9.48 ਪ੍ਰਤੀਸ਼ਤ ਹੋ ਗਈ ਹੈ।
ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 5,472 ਨਵੇਂ ਮਾਮਲਿਆਂ ਦੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 13,38,993 ਹੋ ਗਈ ਹੈ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਸੀ.ਓ.ਸੀ. ਨੇ ਕਿਹਾ ਕਿ ਇਸ ਸਮੇਂ ਦੌਰਾਨ ਪਾਕਿਸਤਾਨ ਵਿੱਚ ਕੋਰੋਨਾ ਸੰਕਰਮਣ ਕਾਰਨ ਅੱਠ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29,037 ਹੋ ਗਈ।
ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ ਕੋਰੋਨਾ ਸੰਕ੍ਰਮਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ ਜਿੱਥੇ ਸੰਕਰਮਣ ਦੇ 5,09,308 ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਤੋਂ ਬਾਅਦ 4,55,499 ਕੇਸਾਂ ਨਾਲ ਪੂਰਬੀ ਪੰਜਾਬ ਸੂਬਾ ਹੈ। ਐੱਨ.ਸੀ.ਓ.ਸੀ. ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, ਇਸ ਮਹਾਮਾਰੀ ਤੋਂ 628 ਹੋਰ ਲੋਕ ਠੀਕ ਹੋਣ ਤੋਂ ਬਾਅਦ, ਰਿਕਵਰੀ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1,265,239 ਹੋ ਗਈ ਹੈ।
Comment here