ਖਬਰਾਂਖੇਡ ਖਿਡਾਰੀ

ਸ਼ਾਬਾਸ਼ੀਆਂ…. ਪਾਨੀਪਤ ਦੇ ਕਿਸਾਨ ਪੁੱਤ ਦਾ ਭਾਲਾ ਸਿੱਧਾ ਗੋਲਡ ਤੇ

ਨੀਰਜ ਚੋਪੜਾ ਨੇ ਦਿਵਾਇਆ ਦੇਸ਼ ਨੂੰ ਇਕਲੌਤਾ ਐਥਲੈਟਿਕਸ ਗੋਲਡ ਮੈਡਲ

ਮਿਲਖਾ ਸਿੰਘ ਨੂੰ ਕੀਤਾ ਸਮਰਪਿਤ

ਟੋਕੀਓ-ਟੋਕੀਓ ਓਲੰਪਿਕ 2020 ’ਚ ਭਾਰਤ ਦੀ ਝੋਲੀ ਇਕਤੌਲਾ ਗੋਲਡ ਮੈਡਲ ਹਰਿਆਣਵੀ ਛੋਰੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪਾਇਆ। ਪਦਮਸ੍ਰੀ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ ਹੈ। ਨੀਰਜ ਚੋਪੜਾ ਨੇ ਮੁਕਾਬਲੇ ਦੇ ਫਾਈਨਲ ’ਚ 87.58 ਮੀਟਰ ਨੇਜਾ ਸੁੱਟ ਕੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ । ਇਸ ਤੋਂ ਪਹਿਲਾਂ ਅਥਲੀਟ ਟਰੈਕ ਐਂਡ ਫੀਲਡ ਮੁਕਾਬਲੇ ’ਚ ਅਜੇ ਤਕ ਕੋਈ ਵੀ ਮੈਡਲ ਨਹੀਂ ਜਿੱਤ ਸਕੇ। ਇਹ ਕਮੀ ਹਰ ਭਾਰਤੀ ਨੂੰ ਰੜਕਦੀ ਸੀ, ਪਰ ਨੀਰਜ ਚੋਪੜਾ ਨੇ ਇਤਿਹਾਸ ਰਚਦੇ ਹੋਏ ਗੋਲਡ ਮੈਡਲ ਜਿੱਤ ਕੇ ਕਰੋੜਾਂ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।ਨੀਰਜ ਚੋਪੜਾ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਅਥਲੈਟਿਕਸ ਕੋਚ ਨਸੀਮ ਅਹਿਮਦ ਤੋਂ ਛੇ ਸਾਲ ਤਕ ਕੋਚਿੰਗ ਲਈ ਹੈ। ਅਜਿਹੇ ’ਚ ਆਪਣੇ ਟ੍ਰੇਨੀ ਦੇ ਗੋਲਡ ਮੈਡਲ ਜਿੱਤਣ ’ਤੇ ਕੋਚ ਨਸੀਮ ਅਹਿਮਦ ਖ਼ਾਸੇ ਖੁਸ਼ ਹਨ। ਉਨ੍ਹਾਂ ਨੇ ਖ਼ਾਸ ਤੌਰ ’ਤੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਨੀਰਜ ਦੇ ਫਾਈਨਲ ਮੁਕਾਬਲੇ ਨੂੰ ਵੇਖਣ ਲਈ ਵੱਡੀ ਸਕਰੀਨ ਲਾਈ ਸੀ। ਜਿੱਥੇ ਉਨ੍ਹਾਂ ਦੇ ਹੋਰ ਟ੍ਰੇਨੀ, ਕੋਚਾਂ ਤੇ ਸਟਾਫ਼ ਨੇ ਸਾਂਝੇ ਤੌਰ ’ਤੇ ਮੈਚ ਦੇਖ ਕੇ ਇਸ ਇਤਿਹਾਸਕ ਪਲ਼ ਨੂੰ ਆਪਣੀਆਂ ਅੱਖਾਂ ’ਚ ਸੰਜੋਇਆ। ਹਾਲਾਂਕਿ ਨੀਰਜ ਆਪਣਾ ਸਰਵਸ੍ਰੇਸ਼ਟ ਪ੍ਰਦਰਸ਼ਨ ਨਹੀਂ ਦੁਹਰਾ ਸਕੇ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਦੇ ਮਹੀਨੇ ’ਚ ਨੀਰਜ ਚੋਪੜਾ ਨੇ ਪਟਿਆਲਾ ’ਚ ਇੰਡੀਅਨ ਗ੍ਰਾਂ ਪ੍ਰੀ ਥ੍ਰੀ ’ਚ 88.7 ਮੀਟਰ ਥ੍ਰੋ ਨੂੰ ਆਪਣਾ ਸਰਵਸ੍ਰੇਸ਼ਟ ਪ੍ਰਦਰਸ਼ਨ ਦਿੱਤਾ ਸੀ।

ਕਿਸਾਨ ਦਾ ਪੁੱਤ ਭਾਰਤ ਦਾ ਮਾਣ ਬਣਿਆ

ਪਾਨੀਪਤ ਜ਼ਿਲ੍ਹੇ ਦੇ ਖੰਡਰਾ ਪਿੰਡ ਦੇ ਕਿਸਾਨ ਪਰਿਵਾਰ ਚ ਜਨਮੇ ਨੀਰਜ ਚੋਪੜਾ ਚੰਡੀਗੜ੍ਹ ’ਚ ਡੀਏਵੀ ਕਾਲਜ ਦੇ ਵਿਦਿਆਰਥੀ ਰਹੇ ਹਨ, ਉਨ੍ਹਾਂ ਨੇ ਸਾਲ 2011 ’ਚ ਕਾਲਜ ਜੁਆਇੰਨ ਕੀਤਾ ਸੀ। ਇਸੇ ਸਾਲ ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦਾ ਰਿਕਾਰਡ ਤੋੜ ਦਿੱਤਾ ਸੀ।  ਪੜ੍ਹਾਈ ’ਚ ਵਧੀਆ ਭਵਿੱਖ ਬਣੇ, ਇਸ ਲਈ ਉਸ ਦੇ ਪਿਤਾ ਨੇ ਉਸ ਨੂੰ ਚਾਚੇ ਦੇ ਨਾਲ ਚੰਡੀਗੜ੍ਹ ਭੇਜ ਦਿੱਤਾ। ਪੰਚਕੂਲਾ ’ਚ ਅਥਲੈਟਿਕਸ ਨਰਸਰੀ ਤਾਊ ਦੇਵੀ ਲਾਲ ਸਟੇਡੀਅਮ ਦੇ ਅਥਲੈਟਿਕਸ ਕੋਚ ਨਸੀਮ ਅਹਿਮਦ ਨੇ ਦੱਸਿਆ ਕਿ ਨੀਰਜ ਦੇ ਚਾਚਾ ਸਾਲ 2011 ’ਚ ਉਸ ਦੇ ਕੋਲ ਨੀਰਜ ਨੂੰ ਲੈ ਕੇ ਆਏ ਅਤੇ ਇਹ ਕਿਹਾ ਕਿ ਇਹ ਮੇਰਾ ਭਤੀਜਾ ਹੈ ਜੋ ਖਾ-ਖਾ ਕੇ ਮੋਟਾ ਹੋ ਰਿਹਾ ਹੈ। ਤੁਸੀਂ ਇਸ ਨੂੰ ਵੀ ਦੌੜਾਇਆ ਕਰੋ। ਮੈਂ ਕਿਹਾਕਿ ਤੁਸੀਂ ਸਟੇਡੀਅਮ ’ਚ ਭੇਜ ਦਿਆ ਕਰੋ, ਜਿਸ ਤੋਂ ਬਾਅਦ ਨੀਰਜ ਰੋਜ਼ ਆਉਣ ਲੱਗਿਆ। ਪਾਨੀਪਤ ਦਾ ਇਕ ਹੋਰ ਲੜਕਾ ਪੈਰਾ ਅਥਲੀਟ ਨਰਿੰਦਰ ਸੀ, ਜੋ ਮੇਰੇ ਕੋਲ ਹੋਸਟਲ ’ਚ ਰਹਿੰਦਾ ਸੀ। ਨਰਿੰਦਰ ਅਤੇ ਨੀਰਜ ਦੀ ਦੋਸਤੀ ਹੋਣ ਤੋਂ ਬਾਅਦ ਉਹ ਵੀ ਹੋਸਟਲ ’ਚ ਰਹਿਣ ਆ ਗਿਆ ਅਤੇ ਸਾਲ 2016 ਤਕ ਇੱਥੇ ਰਹਿ ਕੇ ਉਸ ਨੇ ਜੈਵਲਿਨ ਥ੍ਰੋਅ ਦੇ ਗੁਰ ਸਿੱਖੇ। ਅੱਜ ਉਹ ਵਰਲਡ ਰੈਂਕਿੰਗ ’ਚ ਚੌਥੇ ਨੰਬਰ ਦੇ ਖਿਡਾਰੀ ਹਨ। ਨੀਰਜ ਏਸ਼ੀਅਨ ਗੇਮਜ਼ ਅਤੇ ਕਾਮਨਵੈਲਥ ਗੇਮਜ਼ ’ਚ ਗੋਲਡ ਮੈਡਲ ਜਿੱਤ ਚੁੱਕੇ ਹਨ। ਸਾਲ 2016 ’ਚ ਸਾਊਥ ਏਸ਼ੀਅਨ ਗੇਮਜ਼ ਅਤੇ ਵਰਲਡ ਜੂਨੀਅਨ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਿਆ ਸੀ।

ਹਰਿਆਣਾ ਸਰਕਾਰ ਨੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ

ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਨੀਰਜ ਦਾ ਪ੍ਰਦਰਸ਼ਨ ਦੇਖਿਆ।  ਨੀਰਜ ਦੀ ਜਿੱਤ ’ਤੇ  ਵਧਾਈ ਦਿੱਤੀ ਤੇ ਨੀਰਜ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਇਨਾਮਾਂ ਤੇ ਸਨਮਾਨ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੀਰਜ ਦੀ ਜਿੱਤ ਦੇਸ਼ ਤੇ ਹਰਿਆਣਾ ਲਈ ਵੱਡੀ ਪ੍ਰਾਪਤੀ ਹੈ।  ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ, 6 ਕਰੋੜ ਰੁਪਏ ਇਨਾਮ ਵਜੋਂ ਤੇ ਨਾਲ ਹੀ ਕੰਸੇਸ਼ਨਲ ਰੇਟ ’ਤੇ ਪਲਾਟ ਵੀ ਦਿੱਤਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਚਕੂਲਾ ’ਚ ਐਥਲੈਟਿਕਸ ਦਾ ਇਕ ਵੱਖਰਾ ਸੈਂਟਰ ਬਣਾਉਣਗੇ ਤੇ ਉਸ ਦਾ ਹੈੱਡ ਨੀਰਜ ਨੂੰ ਬਣਾਇਆ ਜਾਵੇਗਾ।  ਇਸ ਦੇ ਨਾਲ ਹੀ ਦੂਜੀਆਂ ਖੇਡਾਂ ਨੂੰ ਵੀ ਬੜ੍ਹਾਵਾ ਦਿੱਤਾ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਐਥਲੀਟ ਨੂੰ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕਿਹਾ ਕਿ ਇਹ ਭਾਰਤ ਅਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਨੀਰਜ ਚੋਪੜਾ, ਜੋ ਭਾਰਤੀ ਫੌਜ ਦਾ ਸਿਪਾਹੀ ਹੈ, ਉਸਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ।

 ਸ਼ਾਬਾਸ਼ੀਆਂ…

ਟੋਕੀਓ ਓਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਵਧਾਈ। ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ ਦੇ ਨਾਲ ਹੀ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਟਵੀਟ ਕਰ ਕੇ ਗੋਲਡਨ ਬੁਆਏ ਨੀਰਜ ਚੋਪੜਾ ਨੂੰ ਦੇਸ਼ ਦੀ ਝੋਲੀ ਸੋਨ ਤਮਗਾ ਪਾਉਣ ’ਤੇ ਵਧਾਈ ਦਿੱਤੀ। ਭਾਰਤ ਨੂੰ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ’ਚ 10 ਮੀਟਰ ਏਅਰ ਰਾਈਫਲ ’ਚ ਵਿਅਕਤੀਗਤ ਸੋਨ ਤਮਗਾ ਦਿਵਾਇਆ ਸੀ। ਬਿੰਦਰਾ ਨੇ ਟਵੀਟ ਕਰਕੇ ਨੀਰਜ ਚੋਪੜਾ ਨੂੰ ਸੋਨ ਤਮਗੇ ਦੀ ਵਧਾਈ ਦਿੱਤੀ।

Comment here