ਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਸ਼ਾਂਤੀ ਦੀ ਦੁਸ਼ਮਣ ਕੱਟੜ ਵਿਚਾਰਧਾਰਾ

15 ਅਗਸਤ ਨੂੰ ਦੁਨੀਆ ਨੇ ਅਫ਼ਗਾਨਿਸਤਾਨ ’ਤੇ ਮੁੜ ਤਾਲਿਬਾਨ ਦਾ ਕਬਜ਼ਾ ਹੁੰਦਾ ਦੇਖਿਆ। ਇਹ ਘਟਨਾ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਵੱਲੋਂ ਵੀਹ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਯੁੱਧ ਦੀ ਨਾਕਾਮੀ ਦਾ ਪ੍ਰਤੀਕ ਹੈ। ਤਾਲਿਬਾਨ ਖ਼ਿਲਾਫ਼ ਇਸ ਯੁੱਧ ’ਚ ਵੱਡੇ ਪੱਧਰ ’ਤੇ ਜਾਨ, ਮਾਲ ਤੇ ਵਸੀਲਿਆਂ ਦਾ ਨੁਕਸਾਨ ਹੋਇਆ। ਏਨੇ ਵੱਡੇ ਪੱਧਰ ’ਤੇ ਛੇੜੀ ਗਈ ਇਸ ਮੁਹਿੰਮ ਦਾ ਜੋ ਨਤੀਜਾ ਨਿਕਲਿਆ, ਉਸ ਦੀ ਕਲਪਨਾ ਨਹੀਂ ਸੀ ਕੀਤੀ ਗਈ। ਇਸ ਲਈ ਡੂੰਘਾਈ ਨਾਲ ਆਤਮ ਨਿਰੀਖਣ ਕਰਨ ਦੀ ਜ਼ਰੂਰਤ ਹੈ।

1929 ’ਚ ਛੋਟੇ ਗ੍ਰਹਿ ਯੁੱਧ ਨੂੰ ਛੱਡ ਕੇ ਪਹਿਲੀ ਤੇ ਦੂਜੀ ਆਲਮੀ ਜੰਗ ਦੌਰਾਨ ਵੀ ਅਫ਼ਗਾਨਿਸਤਾਨ ਕਾਫ਼ੀ ਹੱਦ ਤਕ ਸ਼ਾਂਤੀਪੁੂਰਨ ਸੀ ਪਰ 20ਵੀਂ ਸਦੀ ਦੇ ਮੱਧ ’ਚ ਇੱਥੋਂ ਦੀ ਸਥਿਤੀ ਵਿਗੜਨੀ ਸ਼ੁਰੂ ਹੋ ਗਈ। ਅਮਰੀਕਾ ਤੇ ਸੋਵੀਅਤ ਸੰਘ ’ਚ ਚਲੇ ਸ਼ੀਤ ਯੁੱਧ ਦੌਰਾਨ ਅਫ਼ਗਾਨਿਸਤਾਨ ਦੋਵੇਂ ਮਹਾਸ਼ਕਤੀਆਂ ਦਰਮਿਆਨ ਸੰਘਰਸ਼ ਦਾ ਅਖਾੜਾ ਬਣ ਗਿਆ। 1979 ’ਚ ਤਤਕਾਲੀ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ’ਤੇ ਹਮਲਾ ਕਰ ਦਿੱਤਾ। ਇਸ ਪਿੱਛੋਂ 1990 ਤੋਂ ਬਾਅਦ ਇੱਥੇ ਗ੍ਰਹਿ ਯੁੱਧ ਛਿੜ ਗਿਆ, ਜਿਸ ਨੇ ਅਫ਼ਗਾਨਿਸਤਾਨ ਨੂੰ ਇਕ ਅਸਫ਼ਲ ਰਾਜ ’ਚ ਬਦਲ ਦਿੱਤਾ। ਉਸ ਦਾ ਸੰਘੀ ਢਾਂਚਾ ਡਗਮਗਾਉਂਦਾ ਚਲਾ ਗਿਆ ਤੇ ਤਾਲਿਬਾਨ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ। ਫਿਰ 21ਵੀਂ ਸਦੀ ਦੀ ਸ਼ੁਰੂਆਤ ’ਚ ਇਕ ਵੱਡੀ ਘਟਨਾ ਵਾਪਰੀ। ਅਲ ਕਾਇਦਾ ਨਾਂ ਦੀ ਇਕ ਅੱਤਵਾਦੀ ਜਥੇਬੰਦੀ ਨੇ ਅਮਰੀਕਾ ’ਤੇ ਭਿਆਨਕ ਹਮਲਿਆਂ ਨੂੰ ਅੰਜਾਮ ਦਿੱਤਾ। ਅਲ ਕਾਇਦਾ ਨੇ ਅਫ਼ਗਾਨਿਸਤਾਨ ’ਚ ਪਨਾਹ ਲੈ ਰੱਖੀ ਸੀ, ਇਸ ਲਈ ਅਮਰੀਕਾ ਨੇ ਜਵਾਬੀ ਕਾਰਵਾਈ ’ਚ ਅਫ਼ਗਾਨਿਸਤਾਨ ’ਤੇ ਹਮਲਾ ਕਰ ਦਿੱਤਾ, ਜਿਸ ’ਚ ਹਜ਼ਾਰਾਂ ਲੋਕ ਮਾਰੇ ਗਏ ਤੇ ਉਸ ਤੋਂ ਵੀ ਵੱਧ ਲੋਕਾਂ ਨੂੰ ਹਿਜਰਤ ਕਰਨੀ ਪਈ। ਅਮਰੀਕਾ ਦੇ ਸੰਯੁਕਤ ਚੀਫ ਆਫ ਸਟਾਫ ਦੇ ਸਾਬਕਾ ਸੀਨੀਅਰ ਸਲਾਹਕਾਰ ਕਾਰਟਰ ਮਲਕਾਸੀਅਨ ਨੇ ਆਪਣੀ ਇਕ ਕਿਤਾਬ ’ਚ ਤਾਲਿਬਾਨ ਬਾਰੇ ਦੱਸਿਆ ਹੈ ਕਿ 2019 ’ਚ ਕੰਧਾਰ ’ਚ ਤਾਲਿਬਾਨ ਦੇ ਇਕ ਧਾਰਮਿਕ ਵਿਦਵਾਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਤਾਲਿਬਾਨ ਆਪਣੀ ਸ਼ਰਧਾ ਲਈ ਲੜਦੇ ਹਨ ਜਦਕਿ ਉਨ੍ਹਾਂ ਦੀ ਨਜ਼ਰ ’ਚ ਫ਼ੌਜ ਤੇ ਪੁਲਿਸ ਪੈਸੇ ਲਈ ਲੜਦੀ ਹੈ। ਤਾਲਿਬਾਨ ਆਪਣੀ ਸ਼ਰਧਾ ਲਈ ਆਪਣਾ ਸਿਰ ਕਟਵਾਉਣ ਲਈ ਤਿਆਰ ਹਨ ਤਾਂ ਫਿਰ ਫ਼ੌਜ ਤੇ ਪੁਲਿਸ ਉਨ੍ਹਾਂ ਨਾਲ ਕਿਵੇਂ ਮੁਕਾਬਲਾ ਕਰ ਸਕਦੀ ਹੈ?’ ਉਹ ਅੱਗੇ ਲਿਖਦੇ ਹਨ, ‘ਤਾਲਿਬਾਨ ਨੇ ਕੁਝ ਅਜਿਹਾ ਫਲਸਫ਼ਾ ਦਿੱਤਾ ਹੈ, ਜਿਸ ਨੇ ਉਸ ਦੇ ਲੋਕਾਂ ਨੂੰ ਪ੍ਰੇਰਿਤ ਕਰ ਦਿੱਤਾ ਹੈ, ਜਿਸ ਨੇ ਉਨ੍ਹਾਂ ਨੂੰ ਯੁੱਧ ’ਚ ਸ਼ਕਤੀਸ਼ਾਲੀ ਬਣਾ ਦਿੱਤਾ ਹੈ। ਉਨ੍ਹਾਂ ਨੂੰ ਇਕ ਅਫ਼ਗਾਨ ਹੋਣ ਦਾ ਮਤਲਬ ਦੱਸ ਦਿੱਤਾ ਹੈ।’

ਜ਼ਾਹਿਰ ਹੈ ਕਿ ਤਾਲਿਬਾਨ ਦੀ ਵਿਚਾਰਧਾਰਾ ਦੇ ਪਸਾਰ ਦਾ ਕਾਰਨ ਤਾਂ ਅਮਰੀਕਾ ਨੂੰ ਪਤਾ ਸੀ ਪਰ ਉਸ ਦਾ ਢੁੱਕਵਾਂ ਜਵਾਬ ਦੇਣਾ ਉਸ ਨੂੰ ਸਮਝ ਨਹੀਂ ਆਇਆ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਤਾਲਿਬਾਨ ਦੀ ਹਿੰਸਾ ਦਾ ਮੁਕਾਬਲਾ ਹਿੰਸਾ ਨਾਲ ਕਰਨ ਦਾ ਰਸਤਾ ਚੁਣਿਆ। ਉਨ੍ਹਾਂ ਨੇ ਇਸ ਅਨੁਮਾਨ ਦੇ ਆਧਾਰ ’ਤੇ ਇਕ ਯੁੱਧ ਛੇੜ ਦਿੱਤਾ ਕਿ ਉਹ ਅਫ਼ਗਾਨਿਸਤਾਨ ’ਤੇ ਹਮਲਾ ਕਰਨਗੇ ਤੇ ਤਾਲਿਬਾਨ ਦਾ ਸਫ਼ਾਇਆ ਕਰ ਦੇਣਗੇ। 9\11 ਤੋਂ ਬਾਅਦ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਕਿਹਾ ਸੀ ਕਿ ‘ਤਾਲਿਬਾਨ ਇਸ ਦੀ ਕੀਮਤ ਚੁਕਾਵੇਗਾ’ ਪਰ ਹਜ਼ਾਰਾਂ ਫ਼ੌਜੀਆਂ, ਅਰਬਾਂ ਡਾਲਰ, ਤਕਨੀਕ ਤੇ ਦੂਜੇ ਵਸੀਲੇ ਵਰਤਣ ਦੇ ਬਾਵਜੂਦ ਨਤੀਜਾ ਅਮਰੀਕੀ ਸੋਚ ਤੋਂ ਉਲਟ ਨਿਕਲਿਆ। ਦਰਅਸਲ ਅਮਰੀਕਾ ਤੇ ਉਸ ਦੇ ਸਾਥੀ ਇਨਸਾਨੀ ਟੀਚੇ ’ਤੇ ਹਮਲਾ ਕਰਦੇ ਰਹੇ ਤੇ ਇਸ ਗੱਲੋਂ ਬੇਖ਼ਬਰ ਰਹੇ ਕਿ ਅਸਲ ਸਮੱਸਿਆ ਇਕ ਕੱਟੜ ਵਿਚਾਰਧਾਰਾ ਸੀ। ਇਹ ਉਹੋ ਅਮਰੀਕਾ ਹੈ ਜਿਸ ਨੇ ਤਕਰੀਬਨ ਤਿੰਨ ਦਹਾਕੇ ਪਹਿਲਾਂ ਸਾਮਵਾਦ ਦੀ ਵੱਡੀ ਕੰਧ ਢਾਹ ਦਿੱਤੀ ਸੀ। ਫਿਰ ਤਾਲਿਬਾਨ ਖ਼ਿਲਾਫ਼ ਉਹ ਨਾਕਾਮਯਾਬ ਕਿਵੇਂ ਹੋ ਗਿਆ? 1981 ’ਚ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਰੋਨਾਲਡ ਰੀਗਨ ਨੇ ਸਾਮਵਾਦ ਦਾ ਮੁਕਾਬਲਾ ਕਰਨ ਲਈ ਇਕ ਰਣਨੀਤੀ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਨੀਤੀ ’ਚ ਇਕ ਵਿਚਾਰਕ ਜ਼ੋਰ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪੂੰਜੀਵਾਦ ਨੂੰ ਮਜ਼ਬੂਤ ਕਰਨ ਲਈ ਹਰ ਮੁਹੱਈਆ ਵਸੀਲੇ ਦੀ ਵਰਤੋਂ ਕੀਤੀ ਗਈ। ਥਿੰਕ ਟੈਂਕ, ਸਾਹਿਤ, ਮੀਡੀਆ ਤੇ ਹੋਰ ਅਨੇਕ ਮਾਧਿਅਮਾਂ ਨਾਲ ਪੂੰਜੀਵਾਦ ਨੂੰ ਸਾਮਵਾਦ ਦੇ ਇੱਕੋ-ਇੱਕ ਢੁੱਕਵੇਂ ਬਦਲ ਦੇ ਰੂਪ ’ਚ ਦਿਖਾਇਆ ਗਿਆ। ਨਤੀਜੇ ਵਜੋਂ ਕੁਝ ਹੀ ਸਾਲਾਂ ’ਚ ਸੋਵੀਅਤ ਸੰਘ ਖਿੱਲਰ ਗਿਆ ਪਰ ਤਾਲਿਬਾਨ ਦੇ ਮਾਮਲੇ ’ਚ ਅਮਰੀਕਾ ਨੇ ਵਿਚਾਰਕ ਲੜਾਈ ਨੂੰ ਛੋਟਾ ਸਮਝਿਆ। ਉਹ ਤਾਲਿਬਾਨ ਨੂੰ ਇਕ ਮਾਮੂਲੀ ਮੁਕਾਬਲੇਬਾਜ਼ ਦੇ ਰੂਪ ’ਚ ਦੇਖਦਾ ਰਿਹਾ ਤੇ ਕੋਈ ਵੱਡੀ ਰਣਨੀਤਕ ਯੋਜਨਾ ਨਹੀਂ ਬਣਾ ਸਕਿਆ, ਜਿਹੋ ਜਿਹੀ ਉਸ ਨੇ ਸੋਵੀਅਤ ਸੰਘ ਵਿਰੁੱਧ ਬਣਾਈ। ਤਾਲਿਬਾਨੀ ਵਿਚਾਰ ’ਤੇ ਹਮਲਾ ਕਰਨ ਦੀ ਬਜਾਏ ਉਸ ਨੇ ਅਫ਼ਗਾਨਿਸਤਾਨ ’ਚ ਆਪਣੀ ਫ਼ੌਜੀ ਕਾਰਵਾਈ ਜਾਰੀ ਰੱਖੀ।

ਅਫ਼ਗਾਨਿਸਤਾਨ ਦੇ ਲੋਕਾਂ ਦੀ ਧਰਮ ਨੂੰ ਲੈ ਕੇ ਆਪਣੀ ਇਕ ਸਮਝ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦੇ ਤਕਰੀਬਨ ਹਰ ਹਿੱਸੇ ’ਤੇ ਹਾਵੀ ਹੈ। ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਨੇ ਇਸ ਗੱਲ ਨੂੰ ਬਹੁਤ ਪਹਿਲਾਂ ਹੀ ਸਮਝ ਲਿਆ ਸੀ। ਉਸ ਨੇ ਕੁਰਾਨ ਤੇ ਪੈਗੰਬਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦੀ ਗ਼ਲਤ ਵਿਆਖਿਆ ਕਰ ਕੇ ਇਨ੍ਹਾਂ ਨੂੰ ਪ੍ਰਚਾਰਿਤ ਕੀਤਾ। ਅੱਜ ਜਦੋਂ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੀ ‘ਜਿਹਾਦ’ ਤੇ ‘ਕਿਤਾਲ’ ਸ਼ਬਦਾਂ ’ਚ ਫ਼ਰਕ ਨਹੀਂ ਕਰ ਸਕਦੇ ਤਾਂ ਅਨਪੜ੍ਹ ਅਫ਼ਗਾਨੀਆਂ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਸੀ? ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਦੱਸਿਆ ਹੋਵੇਗਾ ਕਿ ਜਿਹਾਦ ਦਾ ਅਰਥ ‘ਆਤਮ ਸੰਘਰਸ਼’ ਹੈ ਤੇ ਕਿਤਾਲ ਦਾ ਅਰਥ ‘ਯੁੱਧ’। ਜਿਹਾਦ ਇਨਸਾਨ ਦੇ ਆਪਣੇ ਸੰਘਰਸ਼ ਦਾ ਮਾਮਲਾ ਹੈ ਤੇ ਕਿਤਾਲ ਇਕ ਰਾਜ ਦਾ ਵਿਸ਼ਾ ਹੈ। ਇਸਲਾਮ ’ਚ ਸ਼ਾਂਤੀ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਮੁਹੰਮਦ ਸਾਹਿਬ ਸ਼ਾਂਤੀ ਬਣਾਈ ਰੱਖਣ ਲਈ ਸਭ ਕੁਝ ਤਿਆਗਣ ਲਈ ਤਿਆਰ ਸਨ। ਇਸਲਾਮ ਦੇ ਨਾਂ ’ਤੇ ਤਾਲਿਬਾਨ ਵੱਲੋਂ ਹਿੰਸਾ ਉਨ੍ਹਾਂ ਦੇ ਵਿਚਾਰਾਂ ਦੇ ਵਿਰੁੱਧ ਹੈ। ਅਮਨੈਸਟੀ ਇੰਟਰਨੈਸ਼ਨਲ ਦੀ ਜਨਰਲ ਸਕੱਤਰ ਐਗਨੇਸ ਕੈਲਾਮਾਈ ਨੇ ਹਾਲੀਆ ਘਟਨਾਵਾਂ ’ਤੇ ਟਿੱਪਣੀ ਕਰਦਿਆਂ ਟਵੀਟ ਕੀਤਾ, ‘ਇਸ ਗੱਲ ਦੇ ਸਬੂਤ ਹਨ ਕਿ 2021 ਦਾ ਤਾਲਿਬਾਨ 2001 ਦੇ ਅਸਹਿਣਸ਼ੀਲ, ਹਿੰਸਕ, ਦਮਨਕਾਰੀ ਤਾਲਿਬਾਨ ਜਿਹਾ ਹੀ ਹੈ। 20 ਸਾਲ ਬਾਅਦ ਉਸ ਮੋਰਚੇ ’ਤੇ ਕੁਝ ਨਹੀਂ ਬਦਲਿਆ ਹੈ। ਥਿੰਕ ਟੈਂਕ ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਕਿਹਾ ਹੈ ਕਿ ਤਾਲਿਬਾਨ ਬਿਲਕੁਲ ਨਹੀਂ ਬਦਲਿਆ। ਕਰੂਰਤਾ ਦੇ ਮਾਮਲੇ ’ਚ ਉਹ ਉਹੋ ਜਿਹਾ ਹੀ ਹੈ ਜਿਹੋ ਜਿਹਾ 20 ਸਾਲ ਪਹਿਲਾਂ ਸੀ। ਇਸ ਲਈ ਆਉਣ ਵਾਲੇ ਦਿਨਾਂ ’ਚ ਅਫ਼ਗਾਨਿਸਤਾਨ ’ਚ ਔਰਤਾਂ, ਘੱਟ ਗਿਣਤੀਆਂ ਤੇ ਵਿਦੇਸ਼ੀਆਂ ਨੂੰ ਉਹੋੋ ਸਭ ਝੱਲਣਾ ਪੈ ਸਕਦਾ ਹੈ ਜੋ ਉਨ੍ਹਾਂ ਨੇ 1996 ਤੋਂ 2001 ਤਕ ਝੱਲਿਆ ਸੀ। ਤਾਲਿਬਾਨੀਆਂ ਤੋਂ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਨ ਦੀ ਗੱਲ ਸੋਚਣਾ ਫ਼ਜ਼ੂਲ ਹੈ। ਕੁਝ ਦਿਨ ਪਹਿਲਾਂ ਤਾਲਿਬਾਨ ਵੱਲੋਂ ਖ਼ਾਸ਼ਾ ਜਵਾਨ ਦੇ ਨਾਂ ਨਾਲ ਮਸ਼ਹੂਰ ਹਾਸਰਸੀ ਕਲਾਕਾਰ ਨਜ਼ਰ ਮੁਹੰਮਦ ਨੂੰ ਥੱਪੜ ਮਾਰਨ ਤੇ ਗਾਲੀ-ਗਲੋਚ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਬਾਅਦ ’ਚ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲੀਆ ਘਟਨਾ ’ਚ ਲੋਕ ਗਾਇਕ ਫ਼ਵਾਦ ਅੰਦਰਾਬੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਨਾਲ ਤਾਲਿਬਾਨ ਉੱਥੋਂ ਦੇ ਲੋਕਾਂ ਦੇ ਮਨਾਂ ’ਚ ਦਹਿਸ਼ਤ ਫੈਲਾ ਰਹੇ ਹਨ। ਅਸਲ ’ਚ ਤਾਲਿਬਾਨ ਜਿਹਾ ਸਮੂਹ ਇਕ ਵਿਚਾਰਧਾਰਾ ਦੀ ਗ਼ਲਤ ਵਿਆਖਿਆ ਦਾ ਹੀ ਪ੍ਰਗਟਾਵਾ ਹੈ। ਅਜਿਹੀਆਂ ਵਿਚਾਰਧਾਰਾਵਾਂ ਨਾਲ ਅਸੀਂ ਸਿਰਫ਼ ਯੁੱਧ ਜ਼ਰੀਏ ਨਹੀਂ ਨਜਿੱਠ ਸਕਦੇ। ਇਨ੍ਹਾਂ ਨਾਲ ਹੋਰ ਡੂੰਘਾਈ ਨਾਲ ਨਜਿੱਠਣ ਦੀ ਜ਼ਰੂਰਤ ਹੁੰਦੀ ਹੈ। ਤਾਲਿਬਾਨ ਜਿਹੀਆਂ ਜਥੇਬੰਦੀਆਂ ਇਸਲਾਮ ਦੇ ਅਕਸ ਨੂੰ ਠੇਸ ਪਹੁੰਚਾਉਂਦੀਆਂ ਹਨ, ਜੋ ਇਸਲਾਮ ਦੇ ਨਾਂ ’ਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ’ਚ ਲੱਗੀਆਂ ਹੋਈਆਂ ਹਨ। ਅੱਜ ਤਾਲਿਬਾਨ ਦਾ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸਿਰਫ਼ ਅਮਰੀਕਾ ਜਾਂ ਉਸ ਦੇ ਸਹਿਯੋਗੀਆਂ ’ਤੇ ਨਹੀਂ ਹੈ ਸਗੋਂ ਮੁਸਲਿਮ ਦੇਸ਼ਾਂ ਦੀਆਂ ਜਥੇਬੰਦੀਆਂ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਮੁਸਲਿਮ ਵਿਦਵਾਨਾਂ ’ਤੇ ਵੀ ਹੈ ਕਿ ਉਹ ਅਜਿਹੀ ਵਿਚਾਰਧਾਰਾ ਨੂੰ ਰੋਕਣ ਦਾ ਕੰਮ ਕਰਨ ਜਿਸ ਨਾਲ ਨਾ ਸਿਰਫ਼ ਦੁਨੀਆ ’ਚ ਅਸ਼ਾਂਤੀ ਵਧਦੀ ਹੈ ਸਗੋਂ ਦੁਨੀਆ ਭਰ ’ਚ ਰਹਿ ਰਹੇ ਆਮ ਮੁਸਲਮਾਨਾਂ ਦੀ ਜ਼ਿੰਦਗੀ ’ਤੇ ਵੀ ਇਕ ਨਾਂਹ-ਪੱਖੀ ਅਸਰ ਪਾਉਂਦੀ ਹੈ।

-ਰਾਮਿਸ਼ ਸਦੀਕੀ

 

Comment here