ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ਼ਾਂਤੀਪੂਰਨ ਗੱਲਬਾਤ ਹੀ ਮਸਲਿਆਂ ਨੂੰ ਹੱਲ ਕਰ ਸਕਦੀ ਹੈ-ਸ਼ਾਹਬਾਜ਼

ਜਨੇਵਾ-ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੇ 77ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦੇ ਹਾਂ। ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਇਸ ਸੰਦੇਸ਼ ਨੂੰ ਸਮਝੇ ਕਿ ਦੋਵੇਂ ਦੇਸ਼ ਇਕ-ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੰਗ ਕੋਈ ਬਦਲ ਨਹੀਂ ਹੈ, ਸਿਰਫ਼ ਸ਼ਾਂਤੀਪੂਰਨ ਗੱਲਬਾਤ ਹੀ ਮਸਲਿਆਂ ਨੂੰ ਹੱਲ ਕਰ ਸਕਦੀ ਹੈ ਤਾਂ ਜੋ ਆਉਣ ਵਾਲੇ ਸਮੇਂ ’ਚ ਦੁਨੀਆ ਭਰ ’ਚ ਹਰ ਪਾਸੇ ਜ਼ਿਆਦਾ ਸ਼ਾਂਤੀ ਹੋਵੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਨਿਆਂਪੂਰਨ ਅਤੇ ਸਥਾਈ ਹੱਲ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ਹਮੇਸ਼ਾ ਤੋਂ ਭਾਰਤ ਦਾ ਅਨਿੱਖੜਵਾਂ ਅੰਗ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਕਿਹਾ ਕਿ ਭਾਰਤ ਨੂੰ ਰਚਨਾਤਮਕ ਜੁਆਅ ਲਈ ਅਨੁਕੂਲ ਮਾਹੌਲ ਬਣਾਉਣ ਲਈ ਭਰੋਸੇਯੋਗ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਗੁਆਂਢੀ ਹਾਂ ਅਤੇ ਅਸੀਂ ਹਮੇਸ਼ਾ ਲਈ ਹਾਂ, ਚੋਣ ਸਾਡੀ ਹੈ ਕਿ ਸ਼ਾਂਤੀ ਨਾਲ ਰਹਿਣਾ ਹੈ ਜਾਂ ਇਕ-ਦੂਜੇ ਨਾਲ ਲੜਦੇ ਰਹੀਏ।
ਸ਼ਾਹਬਾਜ਼ ਸ਼ਰੀਫ਼ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦੇ 77ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਅਸੀਂ ਤਿੰਨ ਜੰਗਾਂ ਲੜ ਚੁੱਕੇ ਹਾਂ ਅਤੇ ਨਤੀਜੇ ਵਜੋਂ ਦੋਹਾਂ ਪਾਸਿਆਂ ’ਚ ਸਿਰਫ ਦੁੱਖ, ਗਰੀਬੀ ਅਤੇ ਬੇਰੁਜ਼ਗਾਰੀ ਵਧੀ ਹੈ। ਹੁਣ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਮਤਭੇਦਾਂ, ਆਪਣੀਆਂ ਸਮੱਸਿਆਵਾਂ ਅਤੇ ਆਪਣੇ ਮੁੱਦਿਆਂ ਨੂੰ ਸ਼ਾਂਤੀਪੂਰਨ ਗੱਲਬਾਤ ਅਤੇ ਚਰਚਾ ਰਾਹੀਂ ਹੱਲ ਕਰੀਏ। ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ’ਚ ਆਏ ਭਿਆਨਕ ਹੜ੍ਹਾਂ ਬਾਰੇ ਵੀ ਸਭਾ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ’ਚ ਆਏ ਭਿਆਨਕ ਹੜ੍ਹ ’ਚ 400 ਤੋਂ ਵੱਧ ਬੱਚਿਆਂ ਸਮੇਤ 1500 ਲੋਕਾਂ ਦੀ ਮੌਤ ਹੋ ਗਈ।

Comment here