ਸਿਆਸਤਖਬਰਾਂ

ਸ਼ਹੀਦ ਜਵਾਨ ਦੇ ਨਾਮ ‘ਤੇ ਸਕੂਲ ਦਾ ਨਾਮ ਰੱਖਣ ਦਾ ਐਲਾਨ

ਅਨੰਤਨਾਗ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਪਿਛਲੇ ਮਹੀਨੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਲਾਂਸ ਨਾਇਕ ਨਿਸ਼ਾਨ ਸਿੰਘ ਸ਼ਹੀਦ ਹੋ ਗਿਆ ਸੀ, ਹਰਿਆਣਾ ਸਰਕਾਰ ਨੇ ਸ਼ਹੀਦ ਦੇ ਨਾਂ ’ਤੇ ਸਿਰਸਾ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਇਕ ਸਰਕਾਰੀ ਸਕੂਲ ਦਾ ਨਾਮ ਰੱਖਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟੜ  ਨਿਸ਼ਾਨ ਸਿੰਘ ਦੇ ਭਾਵਦੀਨ ਪਿੰਡ ਸਥਿਤ ਰਿਹਾਇਸ਼ ’ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨਾਲ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਅਤੇ ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਵੀ ਮੌਜੂਦ ਰਹੇ। ਖੱਟੜ ਨੇ ਐਲਾਨ ਕੀਤਾ ਕਿ ਭਾਵਦੀਨ ’ਚ ਇਕ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਨਿਸ਼ਾਨ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨਿਯਮ ਮੁਤਾਬਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਨਿਸ਼ਾਨ ਸਿੰਘ 2013 ’ਚ ਫ਼ੌਜ ’ਚ ਭਰਤੀ ਹੋਏ ਸਨ। ਉਸ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਖੱਟੜ ਨੇ ਕਿਹਾ ਕਿ ਹਰਿਆਣਾ ਅਤੇ ਭਾਵਦੀਨ ਨੂੰ ਲਾਂਸ ਨਾਇਕ ਦੀ ਕੁਰਬਾਨੀ ’ਤੇ ਮਾਣ ਹੈ। ਮੁੱਖ ਮੰਤਰੀ ਨੇ ਕਿਹਾ, ‘‘ਨਿਸ਼ਾਨ ਸਿੰਘ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਬਹਾਦਰੀ ਵਿਖਾਈ। ਅਜਿਹੇ ਵੀਰ ਫ਼ੌਜੀਆਂ ਕਾਰਨ ਹੀ ਅੱਜ ਅਸੀਂ ਆਪਣੇ ਦੇਸ਼ ’ਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਖੱਟੜ ਨੇ ਸਿੰਘ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਿਸ ਬਹਾਦਰੀ ਨਾਲ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਹ ਸਾਰਿਆਂ ਲਈ ਮਾਣ ਦੀ ਗੱਲ ਹੈ।

Comment here