ਸਿਆਸਤਖਬਰਾਂ

ਸ਼ਹੀਦ ਜਵਾਨ ਦੀ ਪਤਨੀ ਲੈ ਰਹੀ ਹੈ ਫੌਜ ਦੀ ਸਿਖਲਾਈ

ਚੇਨਈ– ਦੇਸ਼ ਦੀ ਖਾਤਰ ਜਾਨ ਵਾਰ ਗਏ ਜਵਾਨਾਂ ਦੀਆਂ ਪਤਨੀਆਂ ਵੀ ਉਹਨਾਂ ਰਾਹਾਂ ਤੇ ਤੁਰਨ ਦਾ ਹੌਸਲਾ ਦਿਖਾ ਰਹੀਆਂ ਹਨ। ਜੂਨ 2020 ’ਚ ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਝੜਪ ’ਚ ਰੀਵਾ ਦੇ ਜਵਾਨ ਦੀਪਕ ਸਿੰਘ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਪਤਨੀ ਰੇਖਾ ਦੇਵੀ ਆਪਣੇ ਸ਼ਹੀਦ ਪਤੀ ਦੇ ਸੁਫ਼ਨੇ ਨੂੰ ਪੂਰਾ ਕਰੇਗੀ। ਰੇਖਾ ਨੇ ਚੇਨਈ ਸਥਿਤ ਅਫਸਰ ਸਿਖਲਾਈ ਅਕੈਡਮੀ (ਓ.ਟੀ.ਏ) ਵਿਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਰੇਖਾ ਦੇਵੀ  ਓ. ਟੀ. ਏ ’ਚ ਸ਼ਾਮਲ ਹੋਣ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਨੂੰ ਕਲੀਅਰ ਕਰਨ ਤੋਂ ਬਾਅਦ ਫੌਜ ’ਚ ਕਰੀਅਰ ਬਣਾਉਣ ਲਈ ਤਿਆਰ ਹੈ। ਦੱਸ ਦੇਈਏ ਕਿ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਨਾਇਕ ਦੀਪਕ ਸਿੰਘ ਨੂੰ ਨਵੰਬਰ 2021 ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਸਨਮਾਨ ਲੈਣ ਉਨ੍ਹਾਂ ਦੀ ਪਤਨੀ ਰੇਖਾ ਦੇਵੀ ਗਈ ਸੀ। ਪਰਮ ਵੀਰ ਚੱਕਰ ਅਤੇ ਮਹਾਵੀਰ ਚੱਕਰ ਤੋਂ ਬਾਅਦ ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਜੰਗੀ ਫੌਜੀ ਸਨਮਾਨ ਹੈ। ਰੇਖਾ ਨੇ ਫਰਵਰੀ 2022 ’ਚ ਇੰਟਰਵਿਊ ਨੂੰ ਪਾਸ ਕਰ ਲਿਆ ਸੀ। ਇਸ ਤੋਂ ਬਾਅਦ ਉਹ ਫ਼ੌਜ ਕਰੀਅਰ ਬਣਾਉਣ ਦੀ ਤਿਆਰੀ ’ਚ ਜੁੱਟ ਗਈ ਸੀ। ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਲੈਫਟੀਨੈਂਟ ਦੇ ਰੂਪ ’ਚ ਸ਼ਾਰਟ-ਸਰਵਿਸ ਕਮਿਸ਼ਨ ਮਿਲਣ ਤੋਂ ਪਹਿਲਾਂ 9 ਮਹੀਨੇ ਤੱਕ ਅਕੈਡਮੀ ’ਚ ਸਿਖਲਾਈ ਲਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ 17 ਮਈ ਨੂੰ ਸਿਖਲਾਈ ਲਈ ਓ ਟੀ ਏ ਵਿਖੇ ਰਿਪੋਰਟ ਕੀਤੀ। ਮਹਿਲਾ ਅਧਿਕਾਰੀ ਹੁਣ ਸਥਾਈ ਕਮਿਸ਼ਨ ਲਈ ਯੋਗ ਹਨ। ਮੱਧ ਪ੍ਰਦੇਸ਼ ਦੇ ਰੀਵਾ ਦੀ ਰਹਿਣ ਵਾਲੀ ਰੇਖਾ ਉਨ੍ਹਾਂ ਫ਼ੌਜੀ ਪਤਨੀਆਂ ਦੀ ਵੱਧਦੀ ਸੂਚੀ ’ਚ ਸ਼ਾਮਲ ਹੋ ਜਾਵੇਗੀ, ਜਿਨ੍ਹਾਂ ਨੇ ਆਪਣੇ ਪਤੀਆਂ ਨੂੰ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਫੋਰਸ ’ਚ ਆਪਣਾ ਕਰੀਅਰ ਚੁਣਿਆ ਹੈ। ਦਰਅਸਲ ਯੁੱਧ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੀਆਂ ਪਤਨੀਆਂ ਨੂੰ SSB ਇੰਟਰਵਿਊ ਲਈ ਯੋਗਤਾ ਪੂਰੀ ਕਰਨ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ  ਵਲੋਂ ਛੋਟ ਦਿੱਤੀ ਜਾਂਦੀ ਹੈ। ਉਹ ਉਮਰ ਵਿਚ ਛੋਟ ਦੇ ਵੀ ਹੱਕਦਾਰ ਹਨ। ਓ ਟੀ ਏ ਚਾਹਵਾਨਾਂ ਦੀ ਉਮਰ 19 ਤੋਂ 25 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਕੁਝ ਦਿਨ ਪਹਿਲਾਂ ਰੇਖਾ ਦੇਵੀ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਮੇਰੇ ਪਤੀ ਨੇ ਕਿਹਾ ਸੀ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਮੈਂ ਉਨ੍ਹਾਂ ਦਾ ਸਾਹਮਣਾ ਕਰ ਕੇ ਅੱਗੇ ਵਧ ਰਹੀ ਹਾਂ। ਮੈਂ ਟੀਚਰ ਬਣਨਾ ਚਾਹੁੰਦੀ ਸੀ। ਮੇਰੇ ਪਤੀ ਚਾਹੁੰਦੇ ਸਨ ਕਿ ਮੈਂ ਅਫਸਰ ਬਣਾਂ, ਹੁਣ ਮੈਂ ਉਨ੍ਹਾਂ ਦਾ ਸੁਫ਼ਨਾ ਪੂਰਾ ਕਰ ਰਹੀ ਹਾਂ। ਮੈਂ ਆਪਣੇ ਪਤੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹਾਂ।

Comment here