ਅਪਰਾਧਸਿਆਸਤਖਬਰਾਂ

ਵੱਡੀ ਅੱਤਵਾਦੀ ਸਾਜਿ਼ਸ਼ ਨਾਕਾਮ, ਅੰਮ੍ਰਿਤਸਰ ਚੋਂ ਮਿਲੀ ਧਮਾਕਾਖੇਜ਼ ਸਮਗਰੀ

ਅੰਮ੍ਰਿਤਸਰ- ਪੰਜਾਬ ਚੋਣਾਂ ਵਿੱਚ ਗੜਬੜੀ ਦੀ ਫਿਰਾਕ ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਨੂੰ ਸੁਰੱਖਿਆ ਤੰਤਰ ਨੇ ਇੱਕ ਵਾਰ ਫੇਰ ਕਰਾਰੀ ਮਾਤ ਦਿੱਤੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ‘ਚ 4-5 ਕਿਲੋ ਵਿਸਫੋਟਕ ਪਦਾਰਥ ਬਰਾਮਦ ਕੀਤਾ ਹੈ।  ਜਾਣਕਾਰੀ ਮੁਤਾਬਿਕ ਧਨੋਆ ਕਲਾਂ ‘ਚ ਇੰਨੀ ਵੱਡੀ ਮਾਤਰਾ ‘ਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਫਿਲਹਾਲ ਸਪੈਸ਼ਲ ਟਾਸਕ ਫੋਰਸ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਵੀ ਆਰਡੀਐਕਸ ਬਰਾਮਦ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਦਸੰਬਰ ‘ਚ ਲੁਧਿਆਣਾ ਸਥਿਤ ਕੋਰਟ ਕੰਪਲੈਕਸ ‘ਚ ਧਮਾਕਾ ਹੋਇਆ ਸੀ। ਐੱਸਐੱਸਪੀ ਰਾਕੇਸ਼ ਕੌਲ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜਿਸ ਥਾਂ ਤੋਂ ਵਿਸਫੋਟਕ ਬਰਾਮਦ ਹੋਇਆ ਹੈ, ਉਹ ਭਾਰਤ-ਪਾਕਿਸਤਾਨ ਸਰਹੱਦ ਤੋਂ ਕੁਝ ਦੂਰੀ ‘ਤੇ ਸਥਿਤ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਮੌਕੇ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਾਲ ਹੀ ਵਿੱਚ ਕਈ ਥਾਵਾਂ ਤੋਂ ਹਥਿਆਰ ਤੇ ਵਿਸਫੋਟਕ ਬਰਾਮਦ ਹੋਇਆ ਹੈ-ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਤੋਂ ਇੱਕ ਕਿਲੋਗ੍ਰਾਮ ਆਰਡੀਐਕਸ ਵਿਸਫੋਟਕ ਬਰਾਮਦ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਸੁਖਵਿੰਦਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਐਤਵਾਰ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ। ਇਸ ਤੋਂ ਦੋ ਦਿਨ ਬਾਅਦ ਹੀ ਪੁਲਿਸ ਨੇ ਸੂਬੇ ਦੇ ਗੁਰਦਾਸਪੁਰ ਵਿੱਚ ਇੱਕ ਟਿਫਿਨ ਬੰਬ ਅਤੇ ਚਾਰ ਗ੍ਰਨੇਡ ਬਰਾਮਦ ਕੀਤੇ । ਸਰਹੱਦੀ ਜ਼ਿਲੇ ‘ਚੋਂ ਹਾਲ ਹੀ ‘ਚ ਆਰ.ਡੀ.ਐਕਸ, ਗ੍ਰੇਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਨੂੰ ਦੇਖਦੇ ਹੋਏ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ‘ਚ ਥਾਣੇਦਾਰਾਂ ਵਲੋਂ ਪੂਰੇ ਜ਼ਿਲੇ ‘ਚ ‘ਨਾਕੇ’ ਲਗਾਏ ਗਏ ਹਨ। ਪੰਜਾਬ ਪੁਲਿਸ ਖਾਸ ਕਰਕੇ ਬਾਰਡਰ ਜ਼ਿਲ੍ਹਾ ਪੁਲਿਸ ਬਲ ਹਾਈ ਅਲਰਟ ‘ਤੇ ਹੈ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ‘ਤੇ ਰਾਤ ਸਮੇਂ ਡਿਊਟੀ ‘ਤੇ ਰਹਿੰਦਿਆਂ ਕਾਰਵਾਈ ਕੀਤੀ ਜਾ ਰਹੀ ਹੈ। ਏਡੀਜੀਪੀ ਰੈਂਕ ਦੇ ਕਈ ਅਧਿਕਾਰੀਆਂ ਨੂੰ ਸਰਹੱਦੀ ਜ਼ਿਲ੍ਹਿਆਂ ਦੀ ਵਿਸ਼ੇਸ਼ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਕਤ ਕਾਰਵਾਈ ਵੀ ਇਸ ਚੌਕਸੀ ਦੇ ਚਲਦਿਆਂ ਹੋਈ ਹੈ, ਹੋਰ ਜਾਣਕਾਰੀ ਉਡੀਕੀ ਜਾ ਰਹੀ ਹੈ।

Comment here