ਵਿਸ਼ੇਸ਼ ਲੇਖ

ਵੰਡ ਪਈ ਤੋੰ ਵਿਰਾਸਤ ਚ ਪਿੰਗਲੇ ਨੂੰ ਲਿਆਉਣ ਵਾਲੇ ਭਗਤ ਪੂਰਨ ਸਿੰਘ

ਅੱਜ ਬਰਸੀ ਤੇ ਵਿਸ਼ੇਸ਼

5 ਅਗਸਤ 1992 ਨੂੰ ਮਾਨਵਤਾ ਦੀ ਸੇਵਾ ਦੀ ਵਿਲੱਖਣ ਮਿਸਾਲ ਵਜੋਂ ਜਾਣੇ ਜਾਂਦੇ ਭਗਤ ਪੂਰਨ ਸਿੰਘ ਇਸ ਜਹਾਨ ਨੂੰ ਵਿਦਾ ਆਖ ਗਏ ਸਨ, ਅੱਜ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਜਿ਼ੰਦਗੀ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਹੋ ਰਹੇ ਹਾਂ। ਸੇਵਾ ਤੇ ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖ਼ਸੀਅਤ ਭਗਤ ਪੂਰਨ ਸਿੰਘ ਬਾਰੇ ਜੇ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਭਗਤ ਜੀ ਨੇ ਆਪਣਾ ਆਪਾ ਦੁੱਖੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਸੀ ਅਜਿਹੀ ਅਵਸਥਾ ਨੂੰ ਪਹੁੰਚਿਆ ਹੋਇਆ ਵਿਅਕਤੀ ਹੀ ਉਨ੍ਹਾਂ ਦੀ ਰਹੱਸਮਈ ਜੀਵਨ-ਕਹਾਣੀ ਨੂੰ ਵਿਅਕਤ ਕਰ ਸਕਦਾ ਹੈ। 3 ਜੂਨ 1904 ਈ: ਨੂੰ ਪਿੰਡ ਰਾਜੇਵਾਲ ਤਹਿਸੀਲ, ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੇ ਇਕ ਹਿੰਦੂ ਪਰਿਵਾਰ ਵਿਚ ਪੈਦਾ ਹੋਏ ’ਰਾਮ ਜੀ ਦਾਸ’ ਅੰਮਿ੍ਰਤ ਦੀ ਦਾਤ ਪ੍ਰਾਪਤ ਕਰ, ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਦੀ ਪੜ੍ਹਾਈ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਵਿੱਚੋਂ ਪ੍ਰਾਪਤ ਕੀਤੀ। ਦਸਵੀਂ ਵਿੱਚੋਂ ਫੇਲ੍ਹ ਹੋ ਜਾਣ ’ਤੇ ਖ਼ਾਲਸਾ ਹਾਈ ਸਕੂਲ ਲਾਹੌਰ ਵਿਚ ਦਾਖ਼ਲ ਹੋ ਗਏ। ਲਾਹੌਰ ਵਿਚ ਹੀ ਉਨ੍ਹਾਂ ਦੀ ਮਾਤਾ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਦੀ ਸੀ। ਸਕੂਲ ਦੀ ਪੜ੍ਹਾਈ ਸਮੇਂ ਅਕਸਰ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਆਉਂਦੇ। ਇਹ ਗੱਲ 1932 ਈ: ਦੀ ਹੈ, ਜਦ ਪੂਰਨ ਸਿੰਘ ਆਪਣੇ ਜੀਵਨ-ਆਦਰਸ਼ ਦੀ ਪ੍ਰਾਪਤੀ ਸਬੰਧੀ ਗੁਰਦੁਆਰਾ ਸਾਹਿਬ ਦੇ ਮਹੰਤ ਗੋਪਾਲ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਸਥਾਨਕ ਪ੍ਰਬੰਧਕਾਂ ਪਾਸ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਇਹ ਨੌਜੁਆਨ ਆਪਣਾ ਜੀਵਨ ਬੇ-ਸਹਾਰਾ, ਪਾਗਲਾਂ, ਲੂਲ੍ਹਿਆਂ-ਲੰਗੜਿਆਂ, ਪਿੰਗਲਿਆਂ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦਾ ਹੈ। ਪ੍ਰਬੰਧਕਾਂ ਦੇ ਇਹ ਪੁੱਛਣ ’ਤੇ ਕਿ ਇਹ ਵਿਚਾਰ ਤੁਹਾਡੇ ਮਨ ਵਿਚ ਕਿਵੇਂ ਆਇਆ, ਪੂਰਨ ਸਿੰਘ ਨੇ ਕਿਹਾ,‘‘ਉਹ ਇਕ ਹਿੰਦੂ ਪਰਿਵਾਰ ਵਿੱਚੋਂ ਹਨ, ਮੇਰੀ ਮਾਤਾ ਜੀ ਧਾਰਮਿਕ ਬਿਰਤੀ ਰੱਖਦੇ ਹੋਏ ਹਮੇਸ਼ਾ ਰਾਹਗੀਰਾਂ, ਲੋੜਵੰਦਾਂ ਦੀ ਜਲ-ਪਾਣੀ ਨਾਲ ਸੇਵਾ ਕਰਿਆ ਕਰਦੀ ਹੈ ਅਤੇ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਹੈ ਜਿਸ ’ਤੇ ਮੈਂ ਵੀ ਕਾਲਜ ਦੀ ਪੜ੍ਹਾਈ ਕਰਨ ਦੀ ਥਾਂ ‘ਇਹ ਪੜ੍ਹਾਈ’ ਕਰਨ ਦਾ ਮਨ ਬਣਾ ਲਿਆ। ਮੈਂ ਆਪਣਾ ਜੀਵਨ ਲੋੜਵੰਦ ਦੁਖੀਆਂ ਦੀ ਮਦਦ ਕਰਨ ਲਈ ਸਮਰਪਣ ਕਰਨਾ ਚਾਹੁੰਦਾ ਹਾਂ। ਇਸ ਆਦਰਸ਼ ਦੀ ਪ੍ਰਾਪਤੀ ਲਈ ਮੈਂ ਆਪਾ ਤਿਆਗ, ਗੁਰਦੁਆਰਾ ਸਾਹਿਬ ਠਹਿਰ ਸੇਵਾ, ਸਿਮਰਨ, ਪਰਉਪਕਾਰ ਦੀ ਸਿੱਖਿਆ ਲੈਣੀ ਚਾਹੁੰਦਾ ਹਾਂ।’’ ਇਹ ਉੱਚ ਵਿਚਾਰ ਸੁਣਦਿਆਂ ਹੀ ਪ੍ਰਬੰਧਕਾਂ ਨੇ ਪੂਰਨ ਸਿੰਘ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਦਿੱਤਾ।ਇਹ ਆਰੰਭ ਸੀ ਉਸ ਆਦਰਸ਼ ਦਾ, ਜਿਸ ਦੀ ਪ੍ਰਾਪਤੀ ਲਈ ਪੂਰਨ ਸਿੰਘ ਘਰੋਂ ਤੁਰਿਆ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ-ਪਾਣੀ, ਲੰਗਰ, ਸਫ਼ਾਈ, ਬਰਤਨਾਂ ਆਦਿ ਦੀ ਨਿਤ-ਪ੍ਰਤੀ ਸੇਵਾ ਕਰ, ਪੂਰਨ ਸਿੰਘ ਬਜ਼ਾਰ ਵਿਚ ਘੁੰਮਣ ਨਿਕਲ ਤੁਰਦਾ। ਮੁੱਖ ਨਿਸ਼ਾਨਾ ਸੜਕਾਂ ਤੋਂ ਸ਼ੀਸ਼ੇ-ਪੱਥਰ, ਰੋੜੇ, ਕਿਲ-ਕਾਂਟੇ ਆਦਿ ਲਾਂਭੇ ਕਰਨਾ ਸੀ ਤਾਂ ਕਿ ਰਾਹੀਆਂ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਪਹੁੰਚੇ। ਫਿਰ ਲਾਇਬਰੇਰੀ ਬੈਠ ਉੱਚ ਖ਼ਿਆਲਾਂ ਨੂੰ ਪੜ੍ਹਨਾ-ਲਿਖਣਾ ਤੇ ਪ੍ਰਚਾਰ ਹਿਤ ਵੰਡਣਾ ਪੂਰਨ ਸਿੰਘ ਦਾ ਨਿੱਤ ਦਾ ਕਾਰਜ ਸੀ। ਬੇਪਰਵਾਹ ਗੁਰਮਤਿ ਮਾਰਗ ਦੇ ਇਸ ਅਦੁੱਤੀ ਪਾਂਧੀ ਨੂੰ ਤੱਕ ਕੁਝ ਅਲਪ ਬੁੱਧੀ ਵਾਲੇ ਇਨ੍ਹਾਂ ਨੂੰ ਪਾਗਲ ਵੀ ਕਹਿੰਦੇ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਨੇ ਤਾਂ ਪਿੰਗਲਿਆਂ-ਪਾਗਲਾਂ ਦਾ ਪਾਲਣਹਾਰਾ ਬਣਨਾ ਹੈ।1934 ਈ: ਵਿਚ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨੀ ਡਿਊੜੀ ’ਤੇ ਕੋਈ ਨਿਰਦਈ ਦਿਲ ਇਕ ਚਾਰ ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਪੂਰਨ ਸਿੰਘ ਨੇ ਉਸ ਨੂੰ ਗੋਦ ਲੈ, ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ ਪਰ ਆਪਣੀ ਨਿਤ ਦੀ ਕਿਰਤ ਵੀ ਜਾਰੀ ਰੱਖੀ। ਲਗਪਗ 14 ਸਾਲ ਉਸ ਬੱਚੇ ਦੀ ਸੇਵਾ-ਸੰਭਾਲ ਕਰਦੇ ਰਹੇ ਅਤੇ ਦੇਸ਼-ਵੰਡ ਸਮੇਂ ‘ਪਿੰਗਲੇ’ ਨੂੰ ਵਿਰਾਸਤੀ ਪੂੰਜੀ ਵਜੋਂ ਨਾਲ ਲੈ, ਅੰਮਿ੍ਰਤਸਰ ਆ ਗਏ। ਖ਼ਾਲਸਾ ਕਾਲਜ ਅੰਮਿ੍ਰਤਸਰ ਵਿਚ ਸ਼ਰਨਾਰਥੀ ਕੈਂਪ ਲੱਗਾ ਹੋਇਆ ਸੀ, ਜਿੱਥੇ ਭਗਤ ਜੀ ਨੇ ਤਨ-ਮਨ ਨਾਲ ਲੋੜਵੰਦਾਂ ਦੀ ਸੇਵਾ ਕੀਤੀ। ਭਗਤ ਪੂਰਨ ਸਿੰਘ ਜੀ ਦੇ ਲਿਖਣ ਅਨੁਸਾਰ, ਦੇਸ਼ ਵੰਡ ਸਮੇਂ ਮੈਂ ਆਪਣੇ ਨਾਲ ਇਕ ਰੁਪਇਆ, ਪੰਜ ਆਨੇ ਲੈ ਕੇ ਆਇਆ ਸਾਂ, ਕਛਹਿਰਾ ਮੈਂ ਪਹਿਨਿਆ ਹੋਇਆ ਸੀ ਅਤੇ ਫੁਲਕਾਰੀ ਮੇਰੇ ਪਿੰਡੇ ’ਤੇ ਸੀ। ਇਸ ਤੋਂ ਇਲਾਵਾ ਮੇਰੇ ਕੋਲ ਇਕ ਲੋਹੇ ਦਾ ਬਾਟਾ, ਦੋ ਵੱਡੀਆਂ ਕਾਪੀਆਂ, ਦੋ ਅੰਗਰੇਜ਼ੀ ਰਸਾਲੇ ਤੇ ‘‘ਲੂਲ੍ਹਾ’’ ਮੇਰੀ ਪਿੱਠ ’ਤੇ ਸੀ। ਮੈਂ ਸਦਾ ਹੀ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ ਰਿਹਾ ਹਾਂ, ਇਸ ਭਰੋਸੇ ’ਤੇ ਮੈਂ ਹਰ ਕੰਮ ਨੂੰ ਬਿਨਾਂ ਝਿਜਕ ਦੇ ਹੱਥ ਪਾ ਲਿਆ। ਭਗਤ ਜੀ ਦਾ ਇਸ ਪਿੰਗਲੇ-ਲੂਲ੍ਹੇ ਬੱਚੇ ਨਾਲ ਕਿੰਨਾ ਪਿਆਰ ਸੀ, ਉਨ੍ਹਾਂ ਦੀ ਜ਼ੁਬਾਨੀ ‘‘ਜਿਗਰ ਦਾ ਟੁਕੜਾ ਲੂਲ੍ਹਾ ਬੱਚਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਰਿਹਾ ਹੈ, ਉਹ ਜੇ ਮੈਨੂੰ ਨਾ ਮਿਲਦਾ ਤਾਂ ਮੈਂ ਉਹ ਕੁਝ ਨਾ ਕਰ ਸਕਦਾ ਜੋ ਮੈਂ ਪਿੰਗਲਵਾੜੇ ਦੇ ਰੂਪ ਵਿਚ ਕੀਤਾ ਹੈ ਅਤੇ ਦੁਨੀਆ ਦਾ ਪਿਆਰ ਅਤੇ ਸਤਿਕਾਰ ਜਿੱਤਿਆ ਹੈ।’’ ਇਹ ਪਿੰਗਲਾ ਪਿਆਰਾ ਸਿੰਘ ਹੀ ਭਗਤ ਪੂਰਨ ਸਿੰਘ ਦੀ ਪਹਿਲੀ ਪੂੰਜੀ ਸੀ, ਜਿਸ ਦੀ ਭਗਤ ਜੀ ਅੰਤਮ ਸੁਆਸਾਂ ਤਕ ਆਪਣੀ ਹੱਥੀਂ ਸੇਵਾ-ਸੰਭਾਲ ਕਰਦੇ ਰਹੇ। ਸ਼ਰਨਾਰਥੀ ਕੈਂਪ ਖ਼ਤਮ ਹੋ ਜਾਣ ’ਤੇ ਭਗਤ ਪੂਰਨ ਸਿੰਘ ਨੇ ਰੇਲਵੇ ਸਟੇਸ਼ਨ ’ਤੇ ਕੁਝ ਸਮੇਂ ਲਈ ਨਿਵਾਸ ਕੀਤਾ ਤੇ ਫਿਰ ਕੁਝ ਸਮਾਂ ਦਰੱਖ਼ਤਾਂ ਦੀ ਛੱਤ ਹੇਠ ਗੁਜ਼ਾਰਿਆ। ਸਹਿਜੇ-ਸਹਿਜੇ ਭਗਤ ਪੂਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਧਦੀ ਗਈ, ਜਿਸ ਲਈ ਕਿਸੇ ਪੱਕੇ ਟਿਕਾਣੇ ਦੀ ਜ਼ਰੂਰਤ ਸੀ, ਜਿੱਥੇ ਟਿਕ ਕਿ ਇਨ੍ਹਾਂ ਲਵਾਰਸਾਂ-ਅਪਾਹਜਾਂ ਦੀ ਸੇਵਾ-ਸੰਭਾਲ ਤੇ ਇਲਾਜ ਦਾ ਪ੍ਰਬੰਧ ਹੋ ਸਕੇ। ਇਸ ਸਮੇਂ ਇਨ੍ਹਾਂ ਦਾ ਨਿਵਾਸ ਇਕ ਬੰਦ ਪਏ ਸਿਨੇਮੇ ਦੀ ਇਮਾਰਤ ਵਿਚ ਸੀ। ਕੁਦਰਤ ਦੇ ਰੰਗ ਦੇਖੋ, ਉਸ ਸਿਨੇਮੇ ਦੀ ਬੋਲੀ 35000 ਰੁਪਏ ਹੋ ਗਈ। ਭਗਤ ਜੀ ਪਾਸ ਤਾਂ ਜਮ੍ਹਾਂ-ਪੂੰਜੀ ਤਾਂ ਕੋਈ ਹੈ ਨਹੀਂ ਸੀ, ਜਿਸ ਨਾਲ ਇਮਾਰਤ ਖ਼ਰੀਦੀ ਜਾਂਦੀ। ਸਹਿਯੋਗ ਵੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ, ਭਗਤ ਜੀ ਨੇ ਕਮੇਟੀ ਮੈਂਬਰਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ: ‘‘ਇਸ ਵੇਲੇ ਸਾਨੂੰ ਇਮਾਰਤ ਦੀ ਸਖ਼ਤ ਜ਼ਰੂਰਤ ਹੈ ਜਿਸ ਲਈ ਘੱਟੋ-ਘੱਟ 50000 ਰੁਪਏ ਦੀ ਜ਼ਰੂਰਤ ਹੈ, ਜੋ ਮੈਂ ਇਕੱਠੀ ਨਹੀਂ ਕਰ ਸਕਦਾ।’’ ਭਗਤ ਜੀ ਦੇ ਵਿਚਾਰ ਸੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਖ਼ਜ਼ਾਨੇ ਵਿੱਚੋਂ ਇਹ ਮਾਇਆ ਦੇਣ ਦਾ ਬਹੁ-ਪਰਉਪਕਾਰੀ ਫ਼ੈਸਲਾ ਕਰ ਦਿੱਤਾ, ਜਿਸ ਨਾਲ ਪਿੰਗਲਵਾੜੇ ਦੀ ਵਿਸ਼ਾਲ ਇਮਾਰਤ ਦਾ ਅਰੰਭ ਹੋਇਆ। ਆਪਣੇ ਜੀਵਨ ਦੀਆਂ ਕਹਾਣੀਆਂ ਲਿਖਣ ਦਾ ਮਨੋਰਥ ਭਗਤ ਜੀ ਲਿਖਦੇ ਹਨ ਕਿ ‘‘ਜੇ ਮੈਂ ਜੀਵਨ ਦਾ ਲੰਮਾ-ਚੌੜਾ ਇਤਿਹਾਸ ਨਾ ਲਿਖ ਸਕਿਆ ਤਾਂ ਮੈਂ ਆਪਣੀ ਮਾਂ ਤੇ ਸਿੱਖ ਗੁਰਦੁਆਰਿਆਂ ਨਾਲ ਭਾਰੀ ਬੇਇਨਸਾਫ਼ੀ ਕਰ ਰਿਹਾ ਹੋਵਾਂਗਾ। ਮੇਰੀ ਮਾਂ ਨੇ ਮੇਰੇ ਬਚਪਨ ਸਮੇਂ ਮੇਰੇ ਮਨ ਵਿਚ ਪਰਉਪਕਾਰ ਦੇ ਪ੍ਰਬਲ ਸੰਸਕਾਰ ਪਾਏ ਸਨ। ਇਸ ਲਈ ਮੈਂ ਦੇਸ਼ ਦੀ ਦੁਨੀਆ ਲਈ ਵੱਡੇ-ਵੱਡੇ ਅਦੁੱਤੀ ਕੰਮ ਕਰ ਸਕਿਆ ਹਾਂ। ਜੇ ਮੈਂ ਆਪਣਾ ਜੀਵਨ ਸਿੱਖ-ਗੁਰਦੁਆਰਿਆਂ ਦੀ ਛਤਰ-ਛਾਇਆ ਹੇਠ ਨਾ ਬਿਤਾਇਆ ਹੁੰਦਾ ਤਾਂ ਮੇਰੇ ਜੀਵਨ ਦਾ ਵਿਕਾਸ ਨਾ ਹੁੰਦਾ ਅਤੇ ਨਾ ਦੇਸ਼ ਦੀ ਸਿਰਕੱਢ ਸੰਸਥਾ, ਪਿੰਗਲਵਾੜੇ ਦੇ ਰੂਪ ਵਿਚ ਵਿਕਸਤ ਹੁੰਦੀ। ਸੇਵਾ ਦੇ ਸਿੱਖ ਸੰਕਲਪ ਨੂੰ ਅਮਲੀ ਰੂਪ ’ਚ ਭਗਤ ਪੂਰਨ ਸਿੰਘ ਜੀ ਨੇ ਪ੍ਰਗਟ ਕੀਤਾ। ਸੇਵਾ ਬਾਰੇ ਬੋਲਣਾ-ਲਿਖਣਾ ਬਹੁਤ ਸੁਖੈਨ ਹੈ ਪਰ ਸੇਵਾ ਕਰਨੀ ਕਠਿਨ ਹੈ। ਨਿਸ਼ਕਾਮ ਸੇਵਾ ਨੂੰ ਅਮਲੀ ਰੂਪ ’ਚ ਜਿਵੇਂ ਭਗਤ ਜੀ ਨੇ ਕੀਤਾ ਉਹ ਸੇਵਾ ਦੀ ਚਰਮ ਸੀਮਾ ਹੈ। ਇਸ ਵੇਲੇ ਪਿੰਗਲਵਾੜੇ ਵਿਚ ਪਾਗਲ ਮਰਦ, ਇਸਤਰੀਆਂ, ਬੱਚੇ-ਬੱਚੀਆਂ ਤੋਂ ਇਲਾਵਾ ਬੇਸਹਾਰਾ ਚੁਣੌਤੀ ਪੂਰਨ ਬੱਚੇ-ਬੱਚੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ, ਜਿਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਤੇ ਦਵਾ-ਦਾਰੂ ਦੀ ਲੋੜ ਹੈ। ਇਸ ਸੰਸਥਾ ਦਾ ਇਸ ਸਮੇਂ ਖ਼ਰਚ ਰੋਜ਼ਾਨਾ ਹਜ਼ਾਰਾਂ ਵਿਚ ਹੈ। ਸਰਕਾਰ ਵੱਲੋਂ ਲੋਕ ਕਲਿਆਣ ਹਿੱਤ ਚੱਲ ਰਹੀ ਇਸ ਸੰਸਥਾ ਨੂੰ ਨਾ-ਮਾਤਰ ਦੀ ਸਹਾਇਤਾ ਮਿਲਦੀ ਹੈ। ਸਰਕਾਰਾਂ ਪਾਸੋਂ ਕਿਸੇ ਕਿਸਮ ਦੀ ਆਸ ਰੱਖਣੀ ਆਪਣੇ ਆਪ ਨਾਲ ਧੋਖਾ ਹੈ, ਕਿਉਂਕਿ ਉਹ ਭਗਤ ਜੀ ਦੇ ਅਕਾਲ-ਚਲਾਣੇ ’ਤੇ ਚੱਲ ਰਹੇ ਸੈਸ਼ਨ ਵਿਚ ਸੋਗ ਵਜੋਂ ਇਕ ਸ਼ਬਦ ਵੀ ਨਹੀਂ ਉਚਾਰਦੀ, ਉਨ੍ਹਾਂ ਪਾਸੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਅਨਾਥਾਂ ਦੇ ਨਾਥ, ਬੇਸਹਾਰਿਆਂ ਨੂੰ ਸਹਾਰਾ ਪਹੁੰਚਾਉਣ ਵਾਲੇ ਭਗਤ ਪੂਰਨ ਸਿੰਘ ਭਾਵੇਂ ਅੱਜ ਸਰੀਰਕ ਰੂਪ ਵਿਚ ਇਸ ਸੰਸਾਰ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਅਰੰਭੇ ਕਾਰਜ ਉਨ੍ਹਾਂ ਨੂੰ ਹਮੇਸ਼ਾ ਜੀਵਤ ਰੱਖਣਗੇ। ਲੋੜ ਹੈ ਇਸ ਸੰਸਥਾ ਨੂੰ ਲੋਕਾਂ ਦੇ ਸਹਿਯੋਗ ਦੀ ਤਾਂ ਜੋ ਮਾਨਵ-ਸੇਵਾ ਦੇ ਰਣ ਖੇਤਰ ਵਿਚ ਪੰਥ ਸੇਵਕ, ਸੂਰਮਗਤੀ ਦੇ ਸਿਖ਼ਰ ਭਗਤ ਪੂਰਨ ਸਿੰਘ ਜੀ ਦੇ ਆਰੰਭੇ ਇਹ ਨਿਰਮਲ ਕਾਰਜ ਨਿਰੰਤਰ ਜਾਰੀ ਰਹਿ ਸਕਣ। ਭਗਤ ਪੂਰਨ ਸਿੰਘ ਦੇ ਸੇਵਾ-ਕਾਰਜਾਂ ਨੂੰ ਤੱਕ ਭਾਰਤ ਸਰਕਾਰ ਵੱਲੋਂ ਭਗਤ ਜੀ ਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਪਰ ਭਗਤ ਜੀ ਨੇ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਇਹ ਸਨਮਾਨ  ਵਾਪਸ ਕਰ ਦਿੱਤਾ  ਸੀ। ਭਗਤ ਪੂਰਨ ਸਿੰਘ ਜੀ ਨੂੰ ਬਹੁਤ ਸਾਰੀਆਂ ਲੋਕ ਪ੍ਰਤੀਨਿਧ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਉਹ ਪੂਰਨ ਰੂਪ ਵਿਚ ਹੱਕਦਾਰ ਸਨ।

– ਡਾ. ਰੂਪ ਸਿੰਘ

Comment here