ਸਾਹਿਤਕ ਸੱਥ

… ਵੇ ਪੁੱਤ ਲੋਕ ਕੀ ਕਹਿਣਗੇ

ਮਹੀਨਾ ਹੋ ਗਿਆ ਸੀ ਬਾਪੂ ਨੂੰ ਲੈ ਕੇ ਹਸਪਤਾਲਾਂ ‘ਚ ਰੁਲਦੇ, ਕਰਜ਼ਾ ਸਿਰ ਖੜ੍ਹ ਗਿਆ ਪਰ ਫਲ ਨਾ ਮਿਲਿਆ। ਆਖਿਰ ਡਾਕਟਰ ਕਹਿੰਦੇ ਅਸੀਂ ਜੋ ਕਰ ਸਕਦੇ ਸੀ ਕਰ ਲਿਆ, ਹੁਣ ਸਾਡੇ ਹੱਥ ਖੜ੍ਹੇ ਐ। ਬਿਹਤਰ ਐ ਤੁਸੀਂ ਘਰ ਲੈ ਜਾਓ। ਅਸੀਂ ਬਾਪੂ ਜੀ ਨੂੰ ਘਰ ਲੈ ਆਏ। ਸ਼ਾਮ ਦੇ ਟਾਇਮ ਬਾਪੂ ਜੀ ਸਾਨੂੰ ਰੋਂਦੇ-ਕੁਰਲਾਉਂਦੇ ਛੱਡ ਕੇ ਚਲੇ ਗਏ।
ਸੱਚ ਜਾਣਿਓ, ਮੇਰੀ ਜੇਬ ‘ਚ 10 ਰੁਪਏ ਸਨ। ਕਹਿੰਦਾ ਚੰਗਾ ਤਾਂ ਨੀ ਲਗਦਾ ਪਰ ਮੈਨੂੰ ਬਾਪੂ ਦੇ ਜਾਣ ਦੇ ਨਾਲ-ਨਾਲ ਇਸ ਗੱਲ ਦੀ ਵੀ ਚਿੰਤਾ ਸੀ ਕਿ ਮੈਂ ਸੰਸਕਾਰ ਬਗੈਰਾ ਕਿਵੇਂ ਕਰਨੈ।
ਹੌਲੀ-ਹੌਲੀ ਪਿੰਡ ਵਾਲੇ ਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਮੇਰੇ ਚਾਚੇ ਦਾ ਮੁੰਡਾ ਜਿਹੜਾ ਮੇਰਾ ਦੋਸਤਾਂ ਵਰਗਾ ਭਰਾ ਐ, ਹਰ ਸੁੱਖ-ਦੁੱਖ ‘ਚ ਮੇਰੇ ਨਾਲ ਖੜਦੈ… ਨੇ ਆ ਕੇ ਮੇੇਰੇ ਸਿਰ ‘ਤੇ ਹੱਥ ਰੱਖਿਆ ਤੇ ਕਹਿੰਦਾ ਵੀਰ ਚਿੰਤਾ ਨਾ ਕਰੀਂ ਮੈਂ ਆ ਗਿਆਂ। ਮੇਰੇ ਮਨ ਨੂੰ ਬਹੁਤ ਤਸੱਲੀ ਮਿਲੀ ਕਿਉਂਕਿ ਮੈਨੂੰ ਉਸ ਦਾ ਰੱਬ ਵਰਗਾ ਆਸਰੈ।
ਸਾਰੀ ਰਾਤ ਬੈਠ ਕੇ ਕੱਟੀ। ਸਾਰੇ ਗੱਲਾਂ ਕਰ ਰਹੇ ਸੀ। ਵੇਖੋ ਵਿਚਾਰਿਆਂ ਨੇ ਕਿੰਨੀ ਭੱਜ-ਨੱਠ ਕੀਤੀ। ਦਿਨ ਨੀ ਦੇਖਿਆ ਰਾਤ ਨੀ ਦੇਖੀ, ਪਰ ਫਲ ਨਾ ਮਿਲਿਆ। ਪੈਸਾ ਵੀ ਕਿੰਨਾ ਲੱਗ ਗਿਆ।
ਓਏ ਭਾਈ ਘਰ ਧੋਤਾ ਗਿਆ। ਬੰਦਾ ਠੀਕ ਹੋ ਕੇ ਘਰ ਆ ਜੇ ਤਾਂ ਮਿਹਨਤ ਕੀਤੀ ਪੈਸਾ ਲਾਇਆ ਭੁੱਲ ਜਾਂਦੈ। ਇਥੇ ਤਾਂ ਵਿਚਾਰਿਆਂ ਦਾ ਬਾਪ ਬਚਿਆ ਨੀ, ਕਰਜ਼ਾ ਸਿਰ ਚੜ੍ਹ ਗਿਆ। ਸਾਰੇ ਆਪੋ-ਆਪਣੇ ਤਰੀਕੇ ਮੈਨੂੰ ਹੌਸਲਾ ਦੇ ਰਹੇ ਸਨ, ਪਰ ਮੈਨੂੰ ਲੱਗ ਰਿਹਾ ਸੀ, ਮੈਨੂੰ ਡਰਾ ਰਹੇ ਐ।
ਸਵੇਰੇ ਬਾਹਰਲੇ ਰਿਸ਼ਤੇਦਾਰ ਵੀ ਆ ਗਏ। ਸਸਕਾਰ ਦੀ ਤਿਆਰੀ ਸ਼ੁਰੂ ਹੋ ਗਈ ਤਾਂ ਸ਼ਰੀਕੇ ‘ਚੋਂ ਮੇਰਾ ਤਾਇਆ ਮੇਰੇ ਕੋਲ ਆ ਕੇ ਕਹਿੰਦਾ, ‘ਪੁੱਤ ਤੁਸੀਂ ਦੋਵੇਂ ਭੈਣ-ਭਰਾ ਵਿਆਹੇ ਓ ਤੇ ਬਾਲ-ਬੱਚੇਦਾਰ ਹੋ, ਜਿਸ ਕਰਕੇ ਵੱਡਾ ਕਰਨਾ ਬਣਦੈ।’
ਤਾਇਆ ਉਸ ਵਿਚ ਕੀ ਕਰਨਾ ਹੁੰਦੈ?
ਵੇਖ ਪੁੱਤ ਬਾਕੀ ਤਾਂ ਆਪੋ-ਆਪਣੇ ਰਿਵਾਜ ਐ ਤੇ ਆਪਣੀ ਜੇਬ ਦੀ ਵੀ ਗੱਲ ਹੁੰਦੀ ਐ। ਫਿਰ ਵੀ ਸਸਕਾਰ ‘ਤੇ ਘੜੇ ਦੀ ਜਗ੍ਹਾ ਬਾਲਟੀ ਭਰੀਸਦੀ ਐ, ਬਸ ਉਸੇ ਹਿਸਾਬ ਨਾਲ ਅੱਗੇ ਭੋਗ ਤੱਕ ਚੱਲੀਦੈ।
ਮੈਂ ਮਾਂ ਨਾਲ ਤਾਏ ਵਾਲੀ ਗੱਲ ਕਰੀ, ਤਾਂ ਮਾਂ ਕਹਿੰਦੀ ‘ਪੁੱਤ ਮੈਂ ਤਾਂ ਆਪਣੀ ਮਾਲੀ ਹਾਲਤ ਵੇਖ ਕੇ ਚੁੱਪ ਸੀ ਪਰ ਬਣਦਾ ਤਾਂ ਇਹੀ ਐ। ਮੈਂ ਨਾ ਚਾਹੁੰਦਾ ਹੋਏ ਵੀ ਵੱਡਾ ਕਰਨ ਦੇ ਹਿਸਾਬ ਨਾਲ ਈ ਸਸਕਾਰ ਕੀਤਾ।’
ਰਾਤ ਨੂੰ ਅਸੀਂ ਘਰ ਦੇ ਜੀਅ ਬੈਠੇ ਸੀ। ਫਿਰ ਗੱਲ ਚੱਲੀ ਤਾਂ ਮਾਂ ਕਹਿੰਦੀ, ‘ਪੁੱਤ ਆਏ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਲੱਡੂ ਤੇ ਗਿਲਾਸ ਜਾਂ ਗੜਵੀ ‘ਚ 50-50 ਰੁਪਏ ਤਾਂ ਪਾਵਾਂਗੇ ਈ। ਅੱਛਾ ਭੋਗ ਵਾਲੇ ਦਿਨ ਰੋਟੀ-ਪਾਣੀ ਵੀ ਵਧੀਆ ਕਰਨਾ ਪਊ।
ਇਹ ਸੁਣ ਕੇ ਮੇਰੀ ਭੈਣ ਬੋਲੀ, ‘ਵੀਰ ਮੈਂ ਕਹਿੰਦੀ ਚੰਗੀ ਤਾਂਨੀ ਲਗਦੀ ਪਰ ਫਿਰ ਵੀ ਆਹ ਥੋੜ੍ਹੀ ਦੇਰ ਪਹਿਲਾਂ ਈ ਮੇਰੀ ਜੇਠਾਨੀ ਦੇ ਪਾਪਾ ਪੂਰੇ ਹੋਏ ਐ, ਤਾਂ ਉਹਦੇ ਪੇਕਿਆਂ ਨੇ ਸਾਨੂੰ ਦਰਾਣੀ-ਜੇਠਾਣੀ ਨੂੰ ਵਧੀਆ ਸੂਟ, ਲੱਡੂਆਂ ਦਾ ਡੱਬਾ ਤੇ ਗੜਵੀ ‘ਚ 100-100 ਰੁਪਏ ਪਾ ਕੇ ਦਿੱਤੇ।
ਭੈਣੇ ਤੇਰਾ ਵਿਆਹ ਕਿਵੇਂ ਗ਼ਰੀਬੀ ਦਾਅਵੇ ਕੀਤੈ। ਤੇਰੀ ਭਾਬੀ ਦੇ ਗਹਿਣੇ ਤੈਨੂੰ ਪਾ ‘ਤੇ, ਪਾਪਾ ਜੀ ਦੀ ਬਿਮਾਰੀ ‘ਤੇ ਕਰਜਾ ਕਿੰਨਾ ਚੜ੍ਹ ਗਿਆ ਤੇ ਹੁਣ ਤੁਸੀਂ ਵੱਡਾ-ਵੱਡਾ ਕਰਨ ਨੂੰ ਕਹਿ ਰਹੇ ਐਂ। ਕੁਝ ਮੇਰੇ ਬਾਰੇ ਵੀ ਸੋਚੋ।
ਵੇ ਪੁੱਤ ਗੱਲ ਤਾਂ ਤੇਰੀ ਬਿਲਕੁਲ ਠੀਕ ਐ। ਇਹ ਰਿਵਾਜ ਚੰਗੇ ਤਾਂ ਨਹੀਂ ਪਰ ਜੇ ਨਾ ਕੀਤਾ ਤਾਂ ਸਾਰੀ ਉਮਰ ਸੁਣਨਾ ਪਊ। ਨਾਲੇ ਲੋਕ ਕੀ ਕਹਿਣਗੇ।
ਆਖਿਰ ਭੋਗ ਦਾ ਦਿਨ ਆ ਗਿਆ। ਇਕ ਦਿਨ ਪਹਿਲਾਂ ਈ ਹਲਵਾਈ ਜਲੇਬੀਆਂ ਕੱਢਣ ਲੱਗ ਪਿਆ ਸੀ। ਭੋਗ ਵਾਲੇ ਦਿਨ ਦਾਲ, ਸਬਜ਼ੀਆਂ, ਪੂਰੀਆਂ (ਪੂੜੀਆਂ), ਹਲਵਾ ਐਂ ਬਣ ਰਿਹਾ ਸੀ ਜਿਵੇਂ ਕੋਈ ਵਿਆਹ ਹੋਵੇ।
ਮੈਂ ਤੇ ਮੇਰੇ ਚਾਚੇ ਦਾ ਮੁੰਡਾ ਪੰਡਾਲ ‘ਚ ਵੇਖ ਰਹੇ ਸੀ ਕਿ ਸਭ ਨੂੰ ਰੋਟੀ-ਪਾਣੀ ਮਿਲ ਰਿਹੈ… ਤਾਂ ਮੈਨੂੰ ਇਕ ਆਵਾਜ਼ ਸੁਣਾਈ ਦਿੱਤੀ, ਬਈ ਸਾਬਾਸ਼ ਮੁੰਡੇ ਦੇ, ਕਿੰਨਾ ਸੋਹਣਾ ਇੰਤਜ਼ਾਮ ਕੀਤੈ। ਅੱਛਾ ਜੇ ਹੁਣ ਮਟਰ ਪਨੀਰ ‘ਚ ਹਲਵਾਈ ਤੋਂ ਮਿਰਚਾਂ ਜ਼ਿਆਦਾ ਪੈ ਗਈਆਂ ਤੇ ਇਹਦੇ ਵਿਚ ਮੁੰਡੇ ਵਿਚਾਰੇ ਦਾ ਕੀ ਕਸੂਰ ਐ। ਮੇਰੇ ਤਨ, ਮਨ ਨੂੰ ਅੱਗ ਲੱਗ ਗਈ ਪਰ ਮੇਰੇ ਚਾਚੇ ਦੇ ਮੁੰਡੇ ਨੇ ਮੇਰੀ ਪਿੱਠ ‘ਤੇ ਹੱਥ ਰੱਖ ਕੇ ਮੈਨੂੰ ਦੂਜੇ ਪਾਸੇ ਨੂੰ ਲੈ ਗਿਆ।
ਰਸਮ ਪਗੜੀ ਹੋ ਗਈ ਸੀ। ਸਭ ਨੂੰ ਦੇਣ ਲੈਣ ਕਰਕੇ ਵਿਹਲੇ ਹੋ ਗਏ ਸੀ।
ਹੁਣ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਜਾ ਚੁੱਕੇ ਸੀ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੈਨੂੰ ਬਾਪੂ ਜੀ ਦਾ ਖਾਲੀ ਪਿਆ ਮੰਜੇ ਤੇ ਸਿਰ ‘ਤੇ ਖੜਿਆ ਕਰਜ਼ਾ, ਦੋਵੇਂ ਡਰਾ ਰਹੇ ਸੀ।

-ਪ੍ਰਮੋਦ ਸ਼ਰਮਾ

Comment here