ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਵੁਹਾਨ ਚ ਕਰੋਨਾ ਕਰਕੇ ਲੱਖਾਂ ਲੋਕ ਘਰਾਂ ਚ ਤਾੜੇ

ਬੀਜਿੰਗ– ਦੁਨੀਆ ਵਿੱਚ ਕੋਵਿਡ ਨੇ ਇੱਕ ਵਾਰ ਫੇਰ ਪੈਰ ਪਸਾਰੇ ਹਨ। ਚੀਨ ਦੇ ਵੁਹਾਨ ਸ਼ਹਿਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਦਸਤਕ ਦਿੱਤੀ ਹੈ। ਇਸ ਸ਼ਹਿਰ ਦੇ ਇਕ ਜ਼ਿਲ੍ਹੇ ਜਿਆਂਗਕਸਿਆ ਵਿਚ ਕੋਰੋਨਾ ਦੇ 4 ਨਵੇਂ ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ 10 ਲੱਖ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ। ਵੁਹਾਨ ਉਹੀ ਸ਼ਹਿਰ ਹੈ, ਜਿਥੇ 2019 ਦੇ ਆਖਰੀ ਮਹੀਨਿਆਂ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਪਹਿਲੇ ਮਾਮਲੇ ਦਰਜ ਕੀਤੇ ਗਏ ਸਨ। ਇਸੇ ਸ਼ਹਿਰ ਤੋਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਪੂਰੀ ਦੁਨੀਆ ਵਿਚ ਫੈਲਿਆ ਅਤੇ ਓਦੋਂ ਤੋਂ ਲੈ ਕੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ। ਵੁਹਾਨ ਦੇ ਜਿਆਂਗਕਸਿਆ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਦੇ 4 ਮਾਮਲਿਆਂ ਦਾ ਪਤਾ ਲਗਾਉਣ ਤੋਂ ਬਾਅਦ 9,70,000 ਤੋਂ ਜ਼ਿਆਦਾ ਲੋਕਾਂ ਦੀ ਆਬਾਦੀ ਵਾਲੇ ਮੁੱਖ ਸ਼ਹਿਰੀ ਖੇਤਰ ਵਿਚ ਅਗਲੇ 3 ਦਿਨਾਂ ਲਈ ਲਾਕਡਾਊਨ ਵਿਚ ਵੱਡੇ ਸਮਾਰੋਹਾਂ ’ਤੇ ਤਤਕਾਲ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਧਾਰਮਿਕ ਸਰਗਰਮੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਖਿਆ ਸੰਸਥਾਨਾਂ ਅਤੇ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਵਾਲੇ ਈਵੈਂਸਟਸ ਨੂੰ ਵੀ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ 4 ਉੱਚ-ਜੋਖਮ ਵਾਲੇ ਇਲਾਕਿਆਂ ਦੀ ਵੀ ਪਛਾਣ ਦੀ ਹੈ, ਜਿਥੋਂ ਦੇ ਨਿਵਾਸੀਆਂ ਦੇ ਘਰ ਛੱਡਣ ’ਤੇ ਪਾਬੰਦੀ ਹੈ। ਇਸ ਤੋਂ ਇਲਾਵਾ 4 ਥਾਵਾਂ ਦੀ ਪਛਾਣ ਮਧਿਅਮ-ਜੋਖਮ ਵਾਲੇ ਇਲਾਕਿਆਂ ਦੇ ਰੂਪ ਵਿਚ ਕੀਤੀ ਗਈ ਹੈ। ਇਥੋਂ ਦੇ ਨਿਵਾਸੀਆਂ ਨੂੰ ਆਪਣੀ ਸੋਸਾਇਟੀ ਜਾਂ ਘਰਾਂ ਦੇ ਕੰਪਾਊਂਡ ਤੋਂ ਬਾਹਰ ਨਿਕਲਣ ’ਤੇ ਰੋਕ ਲਗਾਈ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਦਾ ਉਦੇਸ਼ ਲੋਕਾਂ ਦੀ ਆਵਾਜਾਈ ਨੂੰ ਹੋਰ ਘੱਟ ਕਰਨਾ, ਇਨਫੈਕਸ਼ਨ ਦੇ ਜੋਖਮ ਨੂੰ ਘੱਟ ਕਰਨਾ ਅਤੇ ਘੱਟ ਤੋਂ ਘੱਟ ਸਮੇਂ ਵਿਚ ਜ਼ੀਰੋ-ਕੋਵਿਡ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।

Comment here