ਸਿਹਤ-ਖਬਰਾਂਖਬਰਾਂਦੁਨੀਆ

ਚੀਨ ਇੱਕ ਵਾਰ ਫੇਰ ਕਰੋਨਾ ਦੀ ਮਾਰ ਹੇਠ

ਬੀਜਿੰਗ – ਚੀਨ ਦਾ ਸਭ ਤੋੰ ਪਹਿਲਾਂ ਕੋਰਨਾ ਦੀ ਮਾਰ ਹੇਠ ਆ ਚੁੱਕਿਆ ਵੁਹਾਨ ਸ਼ਹਿਰ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਇੱਥੇ 2019 ‘ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਹੁਣ ਇਕ ਵਾਰ ਫਿਰ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਤੋਂ ਬਾਅਦ ਸਥਿਤੀ ਖ਼ਰਾਬ ਹੋ ਰਹੀ ਹੈ। ਇੱਥੇ ਸਾਰਿਆਂ ਦਾ ਕੋਰੋਨਾ ਟੈਸਟ ਕੀਤੇ ਜਾਣ ਦੌਰਾਨ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ਹਿਰ ‘ਚ ਹਰ ਪਾਸੇ ਪਾਬੰਦੀ ਸਖ਼ਤ ਕਰ ਦਿੱਤੀ ਗਈ ਹੈ। ਵੁਹਾਨ ਸ਼ਹਿਰ ਤੋਂ ਨਾ ਤਾਂ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਇੱਥੇ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਪੂਰੇ ਦੇਸ਼ ‘ਚ ਇਨਫੈਕਸ਼ਨ ਕਾਰਨ ਹਾਈ ਅਲਰਟ ਕਰ ਦਿੱਤਾ ਗਿਆ ਹੈ। ਕੋਰੋਨਾ ਇਨਫੈਕਸ਼ਨ ਵਧਣ ਦਾ ਸਬੰਧ ਪੂਰਬੀ ਸ਼ਹਿਰ ਨਾਨਜਿੰਗ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਮੰਨਿਆ ਜਾ ਰਿਹਾ ਹੈ। ਇਸ ਸ਼ਹਿਰ ਦਾ 17 ਸੂਬਿਆਂ ਨਾਲ ਸੰਪਰਕ ਰਹਿੰਦਾ ਹੈ।  ਚੀਨ ‘ਚ ਕੋਰੋਨਾ ਇਨਫੈਕਸ਼ਨ ਦਾ ਇਹ ਕਹਿਰ ਡੈਲਟਾ ਵੇਰੀਐੈਂਟ ਕਾਰਨ ਸ਼ੁਰੂ ਹੋਇਆ ਸੀ। ਇਨਫੈਕਸ਼ਨ ਵਧਣ ਦੇ ਨਾਲ ਹੀ ਸਤਾਨਕ ਫਲਾਈਟਾਂ ਦੀ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ। ਯਾਤਰਾਵਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚੀਨ ਦੇ 18 ਸੂਬਿਆਂ ’ਚ ਕੋਰੋਨਾ ਵਾਇਰਸ ਦੇ ਬੇਹੱਦ ਖ਼ਤਰਨਾਕ ਡੈਲਟਾ ਵੇਰੀਏਂਟ ਦੇ ਪ੍ਰਸਾਰ ਤੇ ਐਤਵਾਰ ਨੂੰ ਰਾਜਧਾਨੀ ਬੀਜਿੰਗ ’ਚ ਸਾਹਮਣੇ ਆਏ ਨਵੇਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੇ ਘੱਟ ਤੋਂ ਘੱਟ 18 ਸੂਬਿਆਂ ’ਚ ਪਿਛਲੇ 10 ਦਿਨਾਂ ’ਚ ਵਾਇਰਸ ਦੇ 300 ਘਰੇਲੂ ਮਾਮਲੇ ਸਾਹਮਣੇ ਆਏ ਹਨ, ਜਿਸ ਨੇ ਇਕ ਵਾਰ ਮੁੜ ਕੋਵਿਡ-19 ਨੂੰ ਲੈ ਕੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ।  ਐਤਵਾਰ ਨੂੰ ਮੱਧ ਤੇ ਉੱਚ ਜੋਖਮ ਵਾਲੇ ਖੇਤਰਾਂ ਦੀ ਗਿਣਤੀ ਵੱਧ ਕੇ 95 ਤਕ ਪਹੁੰਚ ਗਈ, ਜਿਨ੍ਹਾਂ ’ਚ 91 ਮੱਧ ਜੋਖਮ ਵਾਲੇ ਤੇ ਚਾਰ ਉੱਚ ਜੋਖਮ ਵਾਲੇ ਖੇਤਰ ਸ਼ਾਮਲ ਹਨ। ਇਕ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬੀਜਿੰਗ ’ਚ ਐਤਵਾਰ ਨੂੰ ਦੋ ਲੋਕਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ, ਜਦਕਿ ਇਕ ਬਿਨਾਂ ਲੱਛਣ ਵਾਲਾ ਮਰੀਜ਼ ਵੀ ਸਾਹਮਣੇ ਆਇਆ। ਤਿੰਨੇ ਲੋਕ ਇਕੋ ਪਰਿਵਾਰ ਦੇ ਹਨ ਤੇ ਹਾਲ ਹੀ ’ਚ ਹੁਨਾਨ ਸੂਬੇ ਦੇ ਝਾਂਗਜਿਆਜੀ ਦੀ ਯਾਤਰਾ ਤੋਂ ਪਰਤੇ ਹਨ, ਜਿਥੇ ਹਾਲ ਹੀ ’ਚ ਵਾਇਰਸ ਦਾ ਪ੍ਰਕੋਪ ਦੇਖਿਆ ਗਿਆ ਹੈ। ਬੀਜਿੰਗ ਰੋਗ ਕੰਟਰੋਲ ਕੇਂਦਰ ਨੇ ਆਪਣੇ ਨਤੀਜਿਆਂ ’ਚ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਵਾਇਰਸ ਦੇ ਡੈਲਟਾ ਵੇਰੀਏਂਟ ਦੀ ਚਪੇਟ ’ਚ ਪਾਇਆ ਹੈ। ਬੀਜਿੰਗ ਨਗਰ ਨਿਗਮ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਵਾਲੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ, ਵਾਹਨਾਂ, ਜਹਾਜ਼ਾਂ ਤੇ ਟ੍ਰੇਨਾਂ ਦੇ ਬੀਜਿੰਗ ’ਚ ਦਾਖ਼ਲੇ ’ਤੇ ਰੋਕ ਲਗਾਈ ਜਾ ਰਹੀ ਹੈ। ਅਧਿਕਾਰਕ ਮੀਡੀਆ ਨੇ ਦੱਸਿਆ ਕਿ ਚੀਨੀ ਸੀ. ਡੀ. ਸੀ. ਨੇ ਮਾਮਲਿਆਂ ਦੀ ਤੁਲਨਾ ਨਾਨਜਿੰਗ ਦੇ ਮਾਮਲਿਆਂ ਨਾਲ ਕੀਤੀ ਤੇ ਦੇਖਿਆ ਕਿ ਉਹ ਇਕ ਹੀ ਇੰਫੈਕਸ਼ਨ ਚੇਨ ਦੇ ਹਨ। ਚੀਨ ’ਚ ਵਾਇਰਸ ਦੀ ਇਹ ਨਵੀਂ ਲਹਿਰ ਨਾਨਜਿੰਗ ਦੇ ਲੁਕੋ ਇੰਟਰਨੈਸ਼ਨਲ ਏਅਰਪੋਰਟ ਦੇ ਸਫਾਈ ਕਰਮੀਆਂ ਨਾਲ ਜੁੜੀ ਹੈ। ਇਨ੍ਹਾਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਇਹ ਦੇਖਦੇ ਹੀ ਦੇਖਦੇ ਬਾਕੀ ਹਿੱਸਿਆਂ ਤਕ ਪਹੁੰਚ ਗਿਆ। ਨਾਨਜਿੰਗ ਸ਼ਹਿਰ ਦੀ ਸਥਿਤੀ ਵੁਹਾਨ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ 11 ਅਗਸਤ ਤਕ ਲਈ ਨਾਨਜਿੰਗ ਏਅਰਪੋਰਟ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਹਿਰ ਭਰ ’ਚ ਆਪਣੀ ਨਾਕਾਮੀ ਦੀ ਆਲੋਚਨਾ ਵਿਚਾਲੇ ਕੋਰੋਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਸਾਰੇ 93 ਲੱਖ ਲੋਕਾਂ ਤੇ ਇਥੋਂ ਦੀ ਯਾਤਰਾ ਕਰਨ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ।

Comment here