ਸਿਆਸਤਖਬਰਾਂਚਲੰਤ ਮਾਮਲੇ

ਵਿੱਤ ਮੰਤਰੀ ਮਨਪ੍ਰੀਤ ਬਾਦਲ ਸਣੇ 6 ਖ਼ਿਲਾਫ਼ ਮਾਮਲਾ ਦਰਜ

ਬਠਿੰਡਾ-ਭਾਜਪਾ ਨੇਤਾ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਵਿਅਕਤੀਆਂ ’ਤੇ ਵਿਜੀਲੈਂਸ ਬਿਊਰੋ ਬਠਿੰਡਾ ਨੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚ ਦੋ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਇਹ ਕਾਰਵਾਈ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਵਿਚ ਤਬਦੀਲ ਕਰਕੇ ਘੱਟ ਰੇਟ ’ਤੇ ਖ਼ਰੀਦੋ-ਫ਼ਰੋਖ਼ਤ ਕਰਨ ’ਤੇ ਕੀਤੀ ਗਈ ਹੈ। ਬੀਤੀ ਸ਼ਾਮ ਵਿਜੀਲੈਂਸ ਨੇ ਇਸ ਸਬੰਧ ’ਚ ਦੋ ਵਿਅਕਤੀਆਂ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਹਿਰਾਸਤ ’ਚ ਲਿਆ ਸੀ ਤੇ ਅੱਜ ਵਿਕਾਸ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਿਕ ਕਿਸੇ ਸਮੇਂ ਵੀ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਗ੍ਰਿਫ਼ਤਾਰੀ ਦੇ ਡਰ ਤੋਂ ਹੀ ਮਨਪ੍ਰੀਤ ਬਾਦਲ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ’ਤੇ 26 ਸਤੰਬਰ ਨੂੰ ਸੁਣਵਾਈ ਹੋਵੇਗੀ।
ਇਸੇ ਮਾਮਲੇ ‘ਚ ਬਾਦਲ ਪਿੰਡ ‘ਚ ਮਨਪ੍ਰੀਤ ਬਾਦਲ ਦੀ ਕੋਠੀ ‘ਤੇ ਵਿਜੀਲੈਂਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਵੱਡਾ ਖੁਲਾਸਾ ਕਰਦੇ ਆਖਿਆ ਗਿਆ ਕਿ 2018 ਤੋਂ ਹੀ ਪਲਾਟ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਫਰਜ਼ੀ ਨੰਬਰ ਲਗਾ ਕੇ ਬੋਲੀ ਲਗਾਈ ਹੈ। ਮਨਪ੍ਰੀਤ ਬਾਦਲ ਦੇ ਪਲਾਟ ਖਰੀਦ ਫਰੋਖਤ ਮਾਮਲੇ ‘ਚ ਨਾਮੀ ਹੋਟਲ ਦੇ ਸੰਚਾਲਕ ਰਾਜੀਵ ਕੁਮਾਰ ਨੂੰ ਰਾਤ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਡਲ ਟਾਊਨ ਦੇ ਪਲਾਟ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਨੂੰ ਵਿਜੀਲੈਂਸ ਵਿਭਾਗ ਨੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਮਾਮਲੇ ‘ਚ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਦੋਵਾਂ ਨੂੰ 28 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਮਨਪ੍ਰੀਤ ਬਾਦਲ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਮੌਜੂਦ ਹਨ।
ਹੁਣ ਇਸ ਮਾਮਲੇ ‘ਚ ਹੋਟਲ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਵੱਲੋਂ ਗ੍ਰਿਫ਼ਤਾਰ ਕੀਤੇ ਹੋਟਲ ਮਾਲਕ ਰਾਜੀਵ ਨੂੰ ਬੇਕਸੂਰ ਦੱਸਿਆ ਹੈ। ਪੰਜਾਬ ਦੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਅਤੇ ਕਾਰਜਕਾਰੀ ਕਮੇਟੀ ਮੈਂਬਰਾਂ ਵੱਲੋਂ ਰਜੀਵ ਕੁਮਾਰ ਨੂੰ ਬੇਕਸੂਰ ਦੱਸਦੇ ਹੋਏ ਇਸ ਗ੍ਰਿਫ਼ਤਾਰੀ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ। ਬਠਿੰਡਾ ਦੇ ਫੇਸ 1 ਵਿੱਚ ਵਿਵਾਦਤ ਪਲਾਟ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਛੇ ਲੋਕਾਂ ਖਿਲਾਫ ਦਰਜ ਮਾਮਲੇ ਵਿੱਚ ਹੁਣ ਹੋਟਲ ਐਸੋਸੀਏਸ਼ਨ ਪੰਜਾਬ ਦਰਜ ਮਾਮਲੇ ਖਿਲਾਫ ਅੱਗੇ ਆਈ ਹੈ। ਜਿਨ੍ਹਾਂ ਨੇ ਦਰਜ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਨਿਯਮਾਂ ਮੁਤਾਬਿਕ ਖਰੀਦਿਆ ਗਿਆ ਪਲਾਟ ਦੱਸਿਆ ਹੈ।
ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਜੋ ਪਲਾਟ ਰਾਜੀਵ ਕੁਮਾਰ ਰਾਜੂ ਨੇ ਵੇਚਿਆ ਸੀ ਉਹ ਨਿਯਮਾਂ ਮੁਤਾਬਕ ਖਰੀਦਿਆ ਗਿਆ ਸੀ। ਇਸ ਮਾਮਲੇ ਵਿੱਚ ਰਾਜੀਵ ਕੁਮਾਰ ਨੂੰ ਗਲਤ ਫਸਾਇਆ ਗਿਆ ਹੈ। ਉਨਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ‘ਤੇ ਹੋਰ ਵੀ ਸਬੂਤ ਇਕੱਠੇ ਕਰਕੇ ਸਾਹਮਣੇ ਲਿਆਂਦੇ ਜਾਣਗੇ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁੱਡਾ ਦੇ ਪੀਸੀਐਸ ਅਧਿਕਾਰੀ ਅਤੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ ਸਣੇ ਛੇ ਵਿਅਕਤੀਆਂ ‘ਤੇ ਵਿਜੀਲੈਂਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਹੁਣ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

Comment here