ਅਪਰਾਧਸਿਆਸਤਖਬਰਾਂ

ਵਿੱਤੀ ਵੇਰਵੇ ਨਾ ਦੇਣ ਵਾਲੇ 271 ਪਾਕਿ ਸੰਸਦ ਤੇ ਵਿਧਾਇਕ ਮੁਅੱਤਲ

ਇਸਲਾਮਾਬਾਦ-‘ਡਾਨ’ ਅਖ਼ਬਾਰ ਦੀ ਖ਼ਬਰ ਅਨੁਸਾਰ ਪਾਕਿਸਤਾਨ ਦੀ ਸਿਖਰ ਚੋਣ ਸੰਸਥਾ ਨੇ ਦੇਸ਼ ਭਰ ਦੇ 271 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਆਪਣੀ ਪੂੰਜੀ ਅਤੇ ਦੇਣਦਾਰੀਆਂ ਦੇ ਖਾਤੇ ਜਮ੍ਹਾ ਨਾ ਕਰਵਾਉਣ ਕਾਰਨ ਮੁਅੱਤਲ ਕਰ ਦਿੱਤੀ। ਵਿੱਤੀ ਸਟੇਟਮੈਂਟਾਂ ਹਰ ਸਾਲ 31 ਦਸੰਬਰ ਤੱਕ ਦਾਇਰ ਕਰਵਾਉਣਗੀਆਂ ਹੁੰਦੀਆਂ ਹਨ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ 30 ਜੂਨ, 2022 ਤੱਕ ਦੇ ਆਪਣੇ ਵਿੱਤੀ ਖਾਤੇ 16 ਜਨਵਰੀ, 2023 ਤੱਕ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਸੀ।
ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਵਿੱਤੀ ਵੇਰਵੇ ਨਾ ਦੇਣ ਵਾਲਿਆਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਜਾਵੇਗੀ। ਈਸੀਪੀ ਨੇ ਸੋਮਵਾਰ ਨੂੰ ਕਿਹਾ ਕਿ ਨੈਸ਼ਨਲ ਅਸੈਂਬਲੀ ਦੇ 136 ਮੈਂਬਰਾਂ, 21 ਸੈਨੇਟਰਾਂ ਅਤੇ ਸੂਬਾਈ ਅਸੈਂਬਲੀਆਂ ਦੇ 114 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਈਸੀਪੀ ਵੱਲੋਂ ਜਾਰੀ ਸੂਚੀ ਅਨੁਸਾਰ ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਪੰਜਾਬ ਸੂਬਾਈ ਅਸੈਂਬਲੀ (ਐਮਪੀਏ) ਦਾ ਕੋਈ ਮੈਂਬਰ ਨਹੀਂ ਹੈ, ਕਿਉਂਕਿ ਸੂਬਾਈ ਅਸੈਂਬਲੀ ਪਹਿਲਾਂ ਹੀ ਭੰਗ ਹੋ ਚੁੱਕੀ ਹੈ। ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਅਤੇ ਸੈਨੇਟਰਾਂ ਤੋਂ ਇਲਾਵਾ ਸਿੰਧ ਸੂਬਾਈ ਅਸੈਂਬਲੀ ਦੇ 48 ਮੈਂਬਰਾਂ, ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੇ 54 ਮੈਂਬਰਾਂ ਅਤੇ ਬਲੋਚਿਸਤਾਨ ਸੂਬਾਈ ਅਸੈਂਬਲੀ ਦੇ 12 ਮੈਂਬਰਾਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਹੈ। ‘ਡਾਨ’ ਅਖ਼ਬਾਰ ਨੇ ਖ਼ਬਰ ਦਿੱਤੀ ਕਿ ਪਿਛਲੇ ਸਾਲ ਨੈਸ਼ਨਲ ਅਸੈਂਬਲੀ ਦੇ 35 ਮੈਂਬਰਾਂ ਅਤੇ ਤਿੰਨ ਸੈਨੇਟਰਾਂ ਨੇ 16 ਜਨਵਰੀ ਦੀ ਸਮਾਂ ਸੀਮਾ ਤੱਕ ਵਿੱਤੀ ਵੇਰਵੇ ਦਾਇਰ ਨਹੀਂ ਕੀਤੇ ਸਨ, ਜਦੋਂ ਕਿ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੇਤਾਵਾਂ ਦੇ ਇਸ ਸਾਲ ਅਸਤੀਫੇ ਦੇਣ ਕਾਰਨ ਇਹ ਗਿਣਤੀ ਮੁਕਾਬਲਤਨ ਵੱਧ ਰਹੀ।

Comment here