ਖਬਰਾਂਖੇਡ ਖਿਡਾਰੀਦੁਨੀਆ

ਵਿਸ਼ਵ ਚੈਂਪੀਅਨਸ਼ਿਪ ‘ਚ ਮੀਰਾਬਾਈ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਬੋਗੋਟਾ-ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਗੁੱਟ ਦੀ ਸੱਟ ਕਾਰਨ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਫਿਰ ਵੀ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ। ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਚਾਨੂ ਨੇ ਮੰਗਲਵਾਰ ਰਾਤ ਨੂੰ 49 ਕਿਲੋਗ੍ਰਾਮ ਵਰਗ ਵਿੱਚ ਸਨੈਚ ਵਿੱਚ 87 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 113 ਕਿਲੋਗ੍ਰਾਮ ਭਾਰ ਚੁੱਕਿਆ। ਚੀਨ ਦੇ ਜਿਆਂਗ ਹੁਈਹੁਆ ਨੇ ਕੁੱਲ 206 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋਗ੍ਰਾਮ ਜਦਕਿ ਕਲੀਨ ਐਂਡ ਜਰਕ ਵਿੱਚ 113 ਕਿਲੋਗ੍ਰਾਮ ਭਾਰ ਚੁੱਕਿਆ। ਉਸ ਦੀ ਹਮਵਤਨ ਅਤੇ ਟੋਕੀਓ ਓਲੰਪਿਕ ਚੈਂਪੀਅਨ ਹੋਊ ਜ਼ਿਹੁਆ ਨੇ ਕੁੱਲ 198 ਕਿਲੋਗ੍ਰਾਮ (89 ਅਤੇ 109 ਕਿਲੋ) ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ।
ਭਾਰਤ ਦੇ ਮੁੱਖ ਕੋਚ ਵਿਜੇ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ, ”ਅਸੀਂ ਇਸ ਮੁਕਾਬਲੇ ਲਈ ਕੋਈ ਦਬਾਅ ਨਹੀਂ ਲੈ ਰਹੇ ਸੀ। ਮੀਰਾ ਇੰਨਾ ਭਾਰ ਨਿਯਮਤ ਤੌਰ ‘ਤੇ ਚੁੱਕਦੀ ਹੈ। ਹੁਣ ਅਸੀਂ ਭਾਰ ਵਧਾਉਣਾ ਅਤੇ ਸੁਧਾਰ ਕਰਨਾ ਸ਼ੁਰੂ ਕਰਾਂਗੇ। 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਜੇਤੂ ਚਾਨੂ ਨੂੰ ਸਤੰਬਰ ਵਿੱਚ ਇੱਕ ਟਰੇਨਿੰਗ ਸੈਸ਼ਨ ਦੌਰਾਨ ਆਪਣੇ ਗੁੱਟ ਵਿੱਚ ਸੱਟ ਲੱਗ ਗਈ ਸੀ। ਸੱਟ ਦੇ ਬਾਵਜੂਦ ਉਸ ਨੇ ਅਕਤੂਬਰ ਵਿੱਚ ਨੈਸ਼ਨਲ ਖੇਡਾਂ ਵਿੱਚ ਹਿੱਸਾ ਲਿਆ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟ ਸਾਂਝੀ ਕਰਦੀਆਂ ਕਿਹਾ ਕਿ ਕੋਲੰਬੀਆ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200kg ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵਧਾਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਗੁੱਟ ਦੀ ਸੱਟ ਦੇ ਬਾਵਜੂਦ ਇਹ ਜਿੱਤਣਾ, ਇਹ ਤਗਮਾ ਉਸ ਦੀ ਹਿੰਮਤ, ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੀ ਉੱਤਮ ਉਦਾਹਰਣ ਹੈ।
ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ ਤੋਂ ਬਾਅਦ ਆਪਣੇ ਪਹਿਲੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਚਾਨੂ ਨੇ ਸਨੈਚ ‘ਚ 84 ਕਿਲੋਗ੍ਰਾਮ ਭਾਰ ਚੁੱਕ ਕੇ ਸ਼ੁਰੂਆਤ ਕੀਤੀ। ਉਸ ਨੇ ਦੂਜੀ ਕੋਸ਼ਿਸ਼ ਵਿੱਚ 87 ਕਿਲੋ ਭਾਰ ਚੁੱਕਿਆ ਪਰ ਇਸ ਨੂੰ ਜਾਇਜ਼ ਨਹੀਂ ਮੰਨਿਆ ਗਿਆ। ਉਸਨੇ ਆਪਣੀ ਤੀਜੀ ਕੋਸ਼ਿਸ਼ ਵਿੱਚ ਸਫਲਤਾਪੂਰਵਕ 87 ਕਿਲੋ ਭਾਰ ਚੁੱਕਿਆ। ਸਨੈਚ ਤੋਂ ਬਾਅਦ ਪੰਜਵੇਂ ਸਥਾਨ ‘ਤੇ ਰਹੀ ਚਾਨੂ ਨੇ ਕਲੀਨ ਐਂਡ ਜਰਕ ‘ਚ ਆਪਣੀ ਪਹਿਲੀ ਕੋਸ਼ਿਸ਼ ‘ਚ 111 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ, ਜੋ ਸਾਰੇ ਪ੍ਰਤੀਯੋਗੀਆਂ ‘ਚ ਸਭ ਤੋਂ ਜ਼ਿਆਦਾ ਸੀ। ਚਾਨੂ ਦੀ ਪਹਿਲੀ ਕੋਸ਼ਿਸ਼ ਨੂੰ ‘ਨੋ ਲਿਫਟ’ ਕਿਹਾ ਗਿਆ, ਜਿਸ ਨੂੰ ਭਾਰਤ ਨੇ ਚੁਣੌਤੀ ਦਿੱਤੀ ਪਰ ਜੱਜਾਂ ਨੇ ਫੈਸਲੇ ਨੂੰ ਬਰਕਰਾਰ ਰੱਖਿਆ।

Comment here