ਸਿਆਸਤਖਬਰਾਂ

ਵਿਸ਼ੇਸ਼ ਇਜਲਾਸ ’ਚ ਚੰਨੀ ਸਰਕਾਰ ਨੇ ਅਕਾਲੀਆਂ ਤੇ ਭਾਜਪਾਈਆਂ ਨੂੰ ਘੇਰਿਆ

ਖੇਤੀ ਕਾਨੂੰਨ, ਕਰਤਾਰਪੁਰ ਲਾਂਘਾ, ਬੀਐਸਐਫ ਅਧਿਕਾਰ ਖੇਤਰ ਤੇ ਬਿਜਲੀ ਸਮਝੌਤੇ ਬਾਰੇ ਛਿੜੀ ਚਰਚਾ
ਚੰਡੀਗੜ੍ਹ-15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਇਜਲਾਸ ਮੌਕੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀਆਂ ’ਤੇ ਤਿੱਖੇ ਵਾਰ ਕਰਦੇ  ਹੋਏ ਕਿਹਾ ਕਿ ਇਹ ਉਹ ਗੇਟਵੇ ਹਨ ਜਿਸ ਰਾਹੀਂ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਆਰ.ਐਸ.ਐਸ. ਰਾਜ ਵਿਚ ਪਕੜ ਬਣਾਉਣ ਵਿਚ ਕਾਮਯਾਬ ਰਹੇ। “ਜਦੋਂ ਆਰ.ਐਸ.ਐਸ. ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਨੇ ਧਾਰਾ 370 ਨੂੰ ਰੱਦ ਕਰਕੇ ਦੇਸ਼ ਦੇ ਸੰਘੀ ਢਾਂਚੇ ਨੂੰ ਢਾਹ ਲਾਈ ਤਾਂ ਨਾ ਸਿਰਫ਼ ਅਕਾਲੀਆਂ ਨੇ ਭਾਜਪਾ ਦਾ ਪੱਖ ਲਿਆ, ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਕਦਮ ਦੇ ਹੱਕ ਵਿੱਚ ਬੋਲਿਆ ਅਤੇ ਇਸ ਦੇ ਵਿਰੋਧ ਵਿੱਚ ਵੋਟ ਨਾ ਪਾਈ।  ਚੰਨੀ ਨੇ ਪੰਜਾਬ ’ਤੇ ਅਜਿਹੇ ਫੈਸਲੇ ਥੋਪਣ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ’ਤੇ ਉਨ੍ਹਾਂ ’ਤੇ ਕੀਤੀ ਗਈ ਆਲੋਚਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਪ ਕਰਵਾਉਂਦੇ ਹੋਏ, ਚੰਨੀ ਨੇ ਖੁਲਾਸਾ ਕੀਤਾ ਕਿ ਦੋਵਾਂ ਪਤਵੰਤਿਆਂ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। “ਸ਼ਾਇਦ ਅਕਾਲੀਆਂ ਨੇ ਬੜੀ ਆਸਾਨੀ ਨਾਲ ਇਹ ਭੁੱਲ ਜਾਣਾ ਚੁਣਿਆ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ‘ਤੇ ਜ਼ੋਰ ਦਿੱਤਾ ਸੀ ਅਤੇ ਇਸ ਦੇ ਨਾਲ-ਨਾਲ ਤਿੰਨ ਕੱਟੜ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਵਾਰ-ਵਾਰ ਬੇਨਤੀ ਕੀਤੀ ਸੀ,  ਖੇਤੀ ਖੇਤਰ ਜੋ ਸਾਡੀ ਖੇਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਇਸ ਉੱਤੇ ਭਾਰੀ ਸੱਟ ਵੱਜੇਗੀ। ।”
ਮੁੱਖ ਮੰਤਰੀ ਨੇ ਸਦਨ ਨੂੰ ਅੱਗੇ ਦੱਸਿਆ ਕਿ ਸੁਰੱਖਿਆ ਮੁੱਦਿਆਂ ’ਤੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਹਮੇਸ਼ਾ ਇਹ ਇਕਸਾਰ ਸਟੈਂਡ ਲਿਆ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਸੀਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸ਼ੇ ਪੰਜਾਬ ਵਿਚ ਦਾਖਲ ਨਾ ਹੋ ਸਕਣ। ਮੈਂ ਕਦੇ ਵੀ ਉਨ੍ਹਾਂ ਨੂੰ ਰਾਜ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਲਈ ਨਹੀਂ ਕਿਹਾ ਜਿਸ ਬਾਰੇ ਮੇਰੇ ’ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਮੈਂ ਭਾਰਤ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਾ ਹਾਂ।
ਉਨ੍ਹਾਂ ਅਕਾਲੀਆਂ ਨੂੰ ਸੱਤਾ ਦੇ ਭੁੱਖੇ ਲੋਕ ਕਰਾਰ ਦਿੱਤਾ ਜੋ ਲੋਕਾਂ ਦੇ ਮਸਲਿਆਂ ਦੇ ਨਾਂ ’ਤੇ ਰੌਲਾ ਪਾਉਂਦੇ ਹਨ ਪਰ ਸੱਤਾ ’ਚ ਆਉਣ ’ਤੇ ਹਮੇਸ਼ਾ ਅੱਖਾਂ ਬੰਦ ਕਰ ਲੈਂਦੇ ਹਨ। ਅਕਾਲੀ ਦਲ ਨੂੰ ਵਰਤੋ ਅਤੇ ਸੁੱਟੋ ਦੀ ਨੀਤੀ ਨੂੰ ਅਪਣਾਉਣ ਵਾਲੀ ਪਾਰਟੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਸੱਤਾ ਵਿੱਚ ਆਉਣ ਲਈ ਬਸਪਾ ਨਾਲ ਹੱਥ ਮਿਲਾਇਆ ਅਤੇ ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ’ਤੇ ਬਸਪਾ ਨੂੰ ਛੱਡ ਦਿੱਤਾ।
ਚੰਨੀ-ਸਿੱਧੂ ਤੇ ਮਜੀਠੀਆ ਵਿਚਕਾਰ ਤਿੱਖੀ ਤਕਰਾਰ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਤਿੱਖੀ ਤਕਰਾਰ ਹੋ ਗਈ। ਮੁੱਖ ਮੰਤਰੀ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨਸ਼ਿਆਂ ਨਾਲ ਜੁੜਿਆ ਹੋਇਆ ਹੈ। ਇਸ ’ਤੇ ਮਜੀਠੀਆ ਵੱਲੋਂ ਚੋਰ ਮਚਾਏ ਸ਼ੋਰ ਦੇ ਨਾਅਰੇ ਲਾਏ ਗਏ। ਇਸ ਦੌਰਾਨ ਮੁੱਖ ਮੰਤਰੀ ਚੰਨੀ ਦਾ ਸਾਥ ਦਿੰਦਿਆਂ ਨਵਜੋਤ ਸਿੱਧੂ ਦੀ ਵੀ ਮਜੀਠੀਆ ਨਾਲ ਤਿੱਖੀ ਬਹਿਸਬਾਜ਼ੀ ਹੋਈ। ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਨੂੰ ਵੀ ਉਨ੍ਹਾਂ ਦੇ ਤਰੀਕੇ ਨਾਲ ਘੇਰਿਆ। ਜਦੋਂ ਨਵਜੋਤ ਸਿੱਧੂ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ’ਤੇ ਨਿੱਜੀ ਹਮਲੇ ਕਰ ਰਹੇ ਸਨ ਤਾਂ ਮਜੀਠੀਆ ਨੇ ਵੀ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲਾ ਕੌਣ ਹੈ।
ਸੁਖਬੀਰ ਦੇ ਬਿਜਲੀ ਸਮਝੌਤਿਆਂ ਨੇ ਸੂਬੇ ਨੂੰ ਆਰਥਿਕ ਸੰਕਟ ਚ ਪਾਇਆ : ਪ੍ਰਗਟ ਸਿੰਘ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਲ 2006-07 ਤੋਂ ਸਾਲ 2020-21 ਸਮੇਂ ਲਈ ਬਿਜਲੀ ਖੇਤਰ ਉਤੇ ਪੇਸ਼ ਕੀਤੇ ਸਫ਼ੈਦ ਪੇਪਰ ਉਤੇ ਬੋਲਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਜਨਤਕ ਹਿੱਤ ਦਾ ਮਾਮਲਾ ਹੈ। ਇਹ ਸੂਬੇ ਦੇ ਖ਼ਜ਼ਾਨੇ ਨਾਲ ਲੁੱਟ-ਖਸੁੱਟ ਸੀ ਜਿਸ ਦਾ ਖ਼ਮਿਆਜ਼ਾ ਆਉਣ ਵਾਲੇ 25 ਸਾਲ ਪੰਜਾਬ ਸੂਬੇ ਨੂੰ ਭੁਗਤਣਾ ਪੈਣਾ ਹੈ। ਪਰਗਟ ਸਿੰਘ ਨੇ ਕਿਹਾ ਕਿ 25 ਸਾਲ ਬਾਅਦ ਸਾਡੇ ਸਦਨ ਦੇ ਮੈਂਬਰਾਂ ਵਿੱਚੋਂ ਕੋਈ ਇੱਥੇ ਨਹੀਂ ਹੋਣਾ ਪਰ ਸਾਡਾ ਪੰਜਾਬ ਤਾਂ ਇੱਥੇ ਹੀ ਰਹੇਗਾ। ਮਾਮਲਾ ਸੂਬੇ ਅਤੇ ਪੰਜਾਬੀਆਂ ਦੇ ਭਵਿੱਖ ਦਾ ਹੈ। ਸੂਬੇ ਉਤੇ 3 ਲੱਖ ਕਰੋੜ ਦਾ ਕਰਜ਼ਾ ਹੈ ਜਿਸ ਉੱਪਰ ਸਾਨੂੰ 30-35 ਹਜ਼ਾਰ ਕਰੋੜ ਰੁਪਏ ਤਾਂ ਵਿਆਜ਼ ਹੀ ਅਦਾ ਕਰਨਾ ਪੈਣਾ। ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤਾ।
ਪੰਜਾਬ ਲਈ ਕਾਲਾ ਦਿਨ : ਚੁੱਘ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ’ਚ ਬੀ.ਐੱਸ.ਐੱਫ. ਵਿਰੁੱਧ ਮਤਾ ਪਾਸ ਕੀਤਾ ਜਾਣਾ ਪੰਜਾਬ ਲਈ ਕਾਲਾ ਦਿਨ ਹੈ। ਚੁੱਘ ਨੇ ਕਾਂਗਰਸ ਦੀ ਪੰਜਾਬ ਸਰਕਾਰ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਉਸ ਨੇ ਸੁਰੱਖਿਆ ਬਲ ਬੀ.ਐੱਸ.ਐੱਫ., ਜੋ ਪਿਛਲੇ ਕਈ ਦਹਾਕਿਆਂ ਤੋਂ ਰਾਸ਼ਟਰੀ ਸਰਹੱਦਾਂ ਦੀ ਰੱਖਿਆ ਕਰ ਰਿਹਾ ਹੈ, ਦੇ ਵਿਰੁੱਧ ਮਤਾ ਪਾਸ ਕਰਕੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਦਾ ਰਾਜਨੀਤਿਕਰ ਕੀਤਾ ਹੈ।
ਚੁੱਘ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਾਂਗਰਸ ਸੂਬਾ ਵਿਧਾਨ ਸਭਾ ’ਚ ਇਸ ਤਰ੍ਹਾਂ ਦੇ ਨਿੰਦਣਯੋਗ ਅਤੇ ਰਾਸ਼ਟਰੀ ਵਿਰੋਧੀ ਮਤਾ ਪਾਸ ਕਰਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ’ਚ ਆਪਣੇ ਮਾਲਕਾਂ ਨੂੰ ਖੁਸ਼ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਪੁੱਛਿਆ ਕਿ ਤੁਸੀਂ ਬੀ.ਐੱਸ.ਐੱਫ. ਦੇ ਜਵਾਨ ਅਤੇ ਪੰਜਾਬ ਪੁਲਸ ਦੇ ਜਵਾਨ ’ਚ ਫਰਕ ਕਿਉਂ ਸਮਝ ਰਹੇ ਹੋ। ਦੋਵੇਂ ਦੇਸ਼ ਦੀ ਸੁਰੱਖਿਆ ’ਚ ਕੰਮ ਕਰ ਰਹੇ ਹਨ, ਦੋਵੇ ਦੇਸ਼ ਦੇ ਬੇਟੇ ਹਨ ਅਤੇ ਬੀ.ਐੱਸ.ਐੱਫ. ਇਟਲੀ ਤੋਂ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਟਿਫਿਨ ਬੰਬਾਂ ਦੀ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਪਾਕਿਸਤਾਨ ਤੋਂ ਸ਼ਾਡੀ ਸੁਰੱਖਿਆ ਨੂੰ ਕਿੰਨਾ ਗੰਭੀਰ ਖਤਰਾ ਹੈ। ਫਿਰ ਕਾਂਗਰਸ ਸਰਕਾਰ ਰਾਸ਼ਟਰੀ ਸਰਹੱਦਾਂ ’ਤੇ ਬੀ.ਐੱਸ.ਐੱਫ. ਦੇ ਕੰਮ ’ਚ ਰੁਕਾਵਟ ਪਾਉਣਾ ਚਾਹੁੰਦੀ ਹੈ।

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦੂਜੀ ਵਾਰ ਪ੍ਰਸਤਾਵ ਪਾਸ ਕਰਨਾ ਗੁੰਮਰਾਹਕੁੰਨ-ਗੜ੍ਹੀ
ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਣ ਲਈ ਵਿਧਾਨਸਭਾ ਵਿੱਚ ਮਤਾ  ਪਾਸ ਕੀਤਾ ਗਿਆ ਸੀ ਤਾਂ ਦੂਜੀ ਵਾਰ ਫਿਰ ਤੋਂ  ਕਾਂਗਰਸ ਸਰਕਾਰ ਨੂੰ ਇਹਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਣ ਲਈ ਮਤਾ ਪਾਸ ਕਰਣ ਦੀ ਕੀ ਜ਼ਰੂਰਤ ਸੀ।
ਉਹਨਾਂ ਨੇ ਪੰਜਾਬ ਸਰਕਾਰ ਤੋਂ  ਸਵਾਲ ਕਰਦੇ ਹੋਏ ਪੁੱਛਿਆ ਕਿ ਕਾਂਗਰਸ ਸਰਕਾਰ ਦੇ ਕੋਲ ਸੰਵਿਧਾਨ ‘ਚ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਜੋ ਸਰਕਾਰ ਦੇ  ਦੋ ਵਾਰ ਮਤਾ ਪਾਸ ਕਰਣ ਨਾਲ ਕੇਂਦਰ ਦੇ ਖੇਤੀਬਾੜੀ ਕਾਨੂੰਨ ਰੱਦ ਹੋ ਜਾਣਗੇ। ਜੇਕਰ ਮਤਾ ਦੂਜੀ ਵਾਰ ਪਾਸ ਕਰਨਾ ਸੀ ਤਾਂ ਬਾਕੀ ਦੇ ਕਾਂਗਰਸ ਸਾਸ਼ਿਤ ਰਾਜਾਂ ਵਿਚ ਇਹ ਮਤਾ ਕਿਓਂ ਨਹੀ ਪਾਇਆ। ਗੜ੍ਹੀ ਨੇ ਕਿਹਾ ਕਿ ਬਸਪਾ ਪਾਰਟੀ ਪਹਲੇ ਦਿਨ ਤੋਂ ਕੇਂਦਰ ਦੇ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰ ਰਹੀ ਹੈ। ਜਦਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਮੁੱਦੇ ਸਿਰਫ ਤੇ ਸਿਰਫ ਅਪਣੀ ਰਾਜਨੀਤੀ ਚਮਕਾ ਰਹੀ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਵਰਗ ਅਤੇ ਪਿਛੜੀਆਂ ਸ਼੍ਰੇਣੀਆਂ ਲਈ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੌਣੇ ਪੰਜ ਸਾਲ ਸਿਰਫ ਲੋਕਾਂ ਨੂੰ ਧੋਖੇ ਵਿੱਚ ਰੱਖਿਆ ਅਤੇ ਖਾਜਾਨਾ ਖਾਲੀ ਹੋਣ ਦਾ ਰੋਣਾ ਰੋਂਦੀ ਰਹੀ,  ਹੁਣ ਚੋਣਾ ਤੋਂ ਪਹਿਲਾਂ ਖਜਾਨਾ ਭਰੇ ਹੋਣ ਦੀ ਗੱਲ ਕਰਕੇ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ। ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਜਾਣਦੇ ਹਨ ਅਤੇ ਸਾਲ 2022 ‘ਚ ਹੋਣ ਵਾਲੀਆਂ ਵਿਧਾਨਸਭਾ ਦੀ ਚੋਣਾਂ ਵਿੱਚ  ਅਕਾਲੀ-ਬਸਪਾ ਗਠਜੋੜ ਦੀ ਜਿੱਤ ਹਾਸਿਲ ਕਰੇਗਾ।
ਕੈਪਟਨ ਤੇ ਬਾਦਲ ਵਿਸ਼ੇਸ਼ ਇਜਲਾਸ਼ ’ਚੋਂ ਰਹੇ ਗ਼ੈਰ-ਹਾਜ਼ਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਗ਼ੈਰ-ਹਾਜ਼ਰ ਰਹੇ। ਰਾਜਨੀਤੀ ਦੇ ਇਹ ਦੋਵੇਂ ਵੱਡੇ ਆਗੂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚੋਂ ਗੈਰ-ਹਾਜ਼ਰ ਰਹੇ, ਜਦਕਿ ਇਹ ਬਹੁਤ ਹੀ ਅਹਿਮ ਇਜਲਾਸ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਲੰਬੀ ਹਲਕੇ ਤੋਂ ਅਕਾਲੀ ਦਲ ਦੇ ਚੁਣੇ ਹੋਏ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ 5 ਸਾਲਾਂ ਵਿੱਚ ਨਾ ਕੇਵਲ ਰਾਜਸੀ ਸਰਗਰਮੀ ਘਟਾਈ ਹੋਈ ਹੈ ਸਗੋਂ ਵਿਧਾਨ ਸਭਾ ਤੋਂ ਵੀ ਦੂਰੀ ਹੀ ਬਣਾ ਕੇ ਰੱਖੀ ਹੋਈ ਸੀ। ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣ ਦਾ ਐਲਾਨ ਕਰ ਚੁੱਕੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਏ।

Comment here