ਸਿਹਤ-ਖਬਰਾਂਖਬਰਾਂਦੁਨੀਆ

ਵਿਸ਼ਵ ਭਰ ’ਚ ਸ਼ੂਗਰ ਦੀ ਵਧ ਰਹੀ ਸਮੱਸਿਆ ਦਾ ਹੱਲ ਕੀ ਹੋਵੇ?

ਸ਼ੂਗਰ ਦੀ ਬੀਮਾਰੀ ਸਮੁੱਚੇ ਵਿਸ਼ਵ ਦੇ ਨਾਲ ਭਾਰਤ ’ਚ ਇਕ ਵੱਡੀ ਸਿਹਤ ਸਮੱਸਿਆ ਬਣ ਚੁੱਕੀ ਹੈ। ਇਕੱਲੇ ਭਾਰਤ ’ਚ ਲਗਭਗ 6 ਕਰੋੜ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਸ਼ੂਗਰ ਤੋਂ ਪੀੜਤ ਵਿਅਕਤੀ ਦੇ ਸਰੀਰ ’ਚ ਇੰਸੂਲਿਨ ਦੀ ਮਾਤਰਾ ਲੋੜੀਂਦੀ ਨਹੀਂ ਹੁੰਦੀ ਜਾਂ ਉਸ ਦੇ ਸਰੀਰ ਵੱਲੋਂ ਬਣਾਇਆ ਗਿਆ ਇੰਸੂਲਿਨ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਅਜਿਹੇ ’ਚ ਸਰੀਰ ਦੀਆਂ ਕੋਸ਼ਿਕਾਵਾਂ ਸ਼ੂਗਰ ਨੂੰ ਜਜ਼ਬ ਨਹੀਂ ਕਰਦੀਆਂ ਅਤੇ ਖੂਨ ’ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਟਾਈਪ 1 : ਇਸ ਕਿਸਮ ਦੀ ਸ਼ੂਗਰ ਦੀ ਸ਼ੁਰੂਆਤ ਬੱਚਿਆਂ ਦੇ ਸਰੀਰ ’ਚ ਪੈਂਕ੍ਰਿਆਸ ਰਾਹੀਂ ਇੰਸੂਲਿਨ ਦਾ ਪੂਰਨ ਨਿਰਮਾਣ ਨਾ ਹੋ ਸਕਣ ਦੇ ਕਾਰਨ ਹੁੰਦੀ ਹੈ। ਇਸ ਕਿਸਮ ਦੀ ਸ਼ੂਗਰ ’ਚ ਮਰੀਜ਼ ਦਾ ਇਲਾਜ ਖਾਣ ਵਾਲੀਆਂ ਗੋਲੀਆਂ ਨਾਲ ਸੰਭਵ ਨਹੀਂ ਹੁੰਦਾ। ਉਸ ਨੂੰ ਆਪਣੀ ਬੀਮਾਰੀ ਨੂੰ ਕਾਬੂ ’ਚ ਰੱਖਣ ਅਤੇ ਜ਼ਿੰਦਾ ਰਹਿਣ ਲਈ ਇੰਸੂਲਿਨ ਦੀ ਲੋੜ ਹੁੰਦੀ ਹੈ।
ਟਾਈਪ 2 : ਇਸ ਨੂੰ ਬਾਲਗ ਜਾਂ ਵੱਡੇ ਲੋਕਾਂ ਵਾਲੀ ਸ਼ੂਗਰ ਵੀ ਕਹਿੰਦੇ ਹਨ। ਟਾਈਪ-2 ਸ਼ੂਗਰ ਵਧੇਰੇ 40 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦੇ ਲੋਕਾਂ ’ਚ ਹੁੰਦੀ ਹੈ ਅਤੇ ਇਹ ਜਲਦੀ ਵੀ ਹੋ ਸਕਦੀ ਹੈ।
ਟਾਈਪ 3 : ਇਹ ਗਰਭ ਅਵਸਥਾ ’ਚ ਜਨਾਨੀਆਂ ਨੂੰ ਹੋਣ ਵਾਲੀ ਸ਼ੂਗਰ ਹੈ। ਜੇਕਰ ਸ਼ੂਗਰ ਪੀੜਤ ਜਨਾਨੀਆਂ ਦੀ ਧਿਆਨਪੂਰਵਕ ਦੇਖਭਾਲ ਨਾ ਕੀਤੀ ਜਾਵੇ ਤਾਂ ਔਕੜਾਂ ਦਾ ਖਤਰਾ ਰਹਿੰਦਾ ਹੈ। ਪ੍ਰਸੂਤ ਦੇ ਬਾਅਦ ਸ਼ੂਗਰ ਖੁਦ ਆਮ ਹੋ ਜਾਂਦੀ ਹੈ। ਹਾਲਾਂਕਿ ਜਿਨ੍ਹਾਂ ਜਨਾਨੀਆਂ ’ਚ ਗਰਭ ਅਵਸਥਾ ਦੇ ਸਮੇਂ ਸ਼ੂਗਰ ਹੁੰਦੀ ਹੈ, ਉਨ੍ਹਾਂ ’ਚ ਜ਼ਿੰਦਗੀ ’ਚ ਅੱਗੇ ਜਾ ਕੇ ਇਹ ਬੀਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਸ਼ੂਗਰ ਦੇ ਲੱਛਣ
ਸ਼ੁਰੂਆਤ ’ਚ ਸ਼ੂਗਰ ਤੋਂ ਪੀੜਤ ਵਧੇਰੇ ਮਰੀਜ਼ਾਂ ’ਚ ਕੋਈ ਖਾਸ ਲੱਛਣ ਨਹੀਂ ਹੁੰਦੇ। ਆਮ ਤੌਰ ’ਤੇ ਸ਼ੂਗਰ ਦੇ ਮਰੀਜ਼ ’ਚ ਪਾਏ ਜਾਣ ਵਾਲੇ ਲੱਛਣਾਂ ’ਚ ਵਾਰ-ਵਾਰ ਪਿਸ਼ਾਬ ਆਉਣਾ, ਜ਼ਿਆਦਾ ਪਿਆਸ ਲੱਗਣੀ, ਬਹੁਤ ਜ਼ਿਆਦਾ ਭੁੱਖ ਲੱਗਣੀ, ਭਾਰ ਦਾ ਆਮ ਨਾਲੋਂ ਘੱਟ ਹੋਣਾ, ਜਲਦੀ ਥੱਕ ਜਾਣਾ, ਚੱਕਰ ਆਉਣੇ, ਚਿੜਚਿੜਾਪਨ ਆਉਣਾ, ਠੀਕ ਢੰਗ ਨਾਲ ਨੀਂਦ ਨਾ ਆਉਣੀ, ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣੀ ਜਾਂ ਧੁੰਦਲਾ ਦਿਸਣਾ, ਹੱਥਾਂ-ਪੈਰਾਂ ’ਚ ਝਰਨਾਹਟ ਜਾਂ ਸੁੰਨ ਹੋਣਾ, ਮਸੂੜ੍ਹੇ ਤੇ ਪਿਸ਼ਾਬ ਦੀ ਇਨਫੈਕਸ਼ਨ ਹੋਣੀ, ਸੱਟ ਜਾਂ ਜ਼ਖਮ ਦਾ ਦੇਰ ਨਾਲ ਭਰਨਾ ਜਾਂ ਠੀਕ ਨਾ ਹੋਣਾ ਸ਼ਾਮਲ ਹਨ। ਇਸ ਦੇ ਇਲਾਵਾ ਗੁਪਤ ਅੰਗ ਦੇ ਆਸ-ਪਾਸ ਖਾਰਸ਼ ਹੋਣੀ ਸ਼ੂਗਰ ਦੇ ਆਮ ਲੱਛਣ ਹਨ।
ਪ੍ਰਮੁੱਖ ਕਾਰਨ : ਅਜਿਹੇ ਕਈ ਕਾਰਕ ਹਨ, ਜਿਨ੍ਹਾਂ ਦੇ ਕਾਰਨ ਸ਼ੂਗਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ’ਚੋਂ ਕੁਝ ’ਚ ਤਬਦੀਲੀ ਲਿਆਉਣੀ ਸੰਭਵ ਹੈ ਅਤੇ ਕੁਝ ’ਚ ਨਹੀਂ। ਜੇਕਰ ਪਰਿਵਾਰ ’ਚ ਮਾਤਾ-ਪਿਤਾ ਜਾਂ ਭਰਾ-ਭੈਣ ’ਚ ਕਿਸੇ ਨੂੰ ਸ਼ੂਗਰ ਹੈ ਤਾਂ ਹੋਰਨਾਂ ਖੂਨ ਦੇ ਸਬੰਧੀਆਂ ਨੂੰ ਵੀ ਸ਼ੂਗਰ ਹੋਣ ਦਾ ਖਦਸ਼ਾ ਵੱਧ ਹੁੰਦਾ ਹੈ। ਇਸ ਦੇ ਇਲਾਵਾ ਸਰੀਰਕ ਭਾਰ ਵੱਧ ਹੋਣ ’ਤੇ ਵੀ ਸ਼ੂਗਰ ਦਾ ਖਦਸ਼ਾ ਹੁੰਦਾ ਹੈ। ਤਣਾਅ ਦੀ ਸਥਿਤੀ ’ਚ ਵੀ ਇਸ ਬੀਮਾਰੀ ਦੀ ਸ਼ੁਰੂਆਤ ਹੋ ਸਕਦੀ ਹੈ। ਵੱਧ ਘਿਓ-ਤੇਲ ਵਾਲੇ ਭੋਜਨ ਦੀ ਵਰਤੋਂ ਨਾਲ ਵੀ ਸ਼ੂਗਰ ਦਾ ਖ਼ਤਰਾ ਵਧ ਜਾਂਦਾ ਹੈ।
ਸ਼ੂਗਰ ਨਾਲ ਹੋਣ ਵਾਲੀਆਂ ਸਮੱਸਿਆਵਾਂ
ਖੂਨ ’ਚ ਸ਼ੂਗਰ ਦੀ ਮਾਤਰਾ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਇਸ ਨਾਲ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਲੰਬੇ ਸਮੇਂ ਤੱਕ ਬੇਕਾਬੂ ਸ਼ੂਗਰ ਨਾਲ ਅੱਖਾਂ, ਗੁਰਦਿਆਂ, ਦਿਲ ਨਲਿਕਾਵਾਂ ਅਤੇ ਤੰਤਰਿਕਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਸ਼ੂਗਰ ਕਾਰਨ ਅੱਖਾਂ ਦੀਆਂ ਖੂਨ ਦੀਆਂ ਧਮਨੀਆਂ ਕਮਜ਼ੋਰ ਪੈ ਜਾਂਦੀਆਂ ਹਨ ਜਾਂ ਉਨ੍ਹਾਂ ’ਚ ਰੁਕਾਵਟ ਆ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਦੇਖਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁਰਦਿਆਂ ਨੂੰ ਹੋਣ ਵਾਲੇ ਨੁਕਸਾਨ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਦਾ ਇਲਾਜ ਵੀ ਹੋ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮਰੀਜ਼ ਖੂਨ ’ਚ ਯੂਰੀਆ ਦੀ ਮਾਤਰਾ ਦੀ ਜਾਂਚ ਸਾਲ ’ਚ ਇਕ ਵਾਰ ਜ਼ਰੂਰ ਕਰਵਾਵੇ। ਆਮ ਲੋਕਾਂ ਦੇ ਮੁਕਾਬਲੇ ਸ਼ੂਗਰ ਦੇ ਰੋਗੀਆਂ ’ਚ ਗੁਰਦਿਆਂ ਦੀਆਂ ਬੀਮਾਰੀਆਂ ਕਿਤੇ ਵੱਧ ਹੁੰਦੀਆਂ ਹਨ।
ਤੰਤਰਿਕਾਵਾਂ ਨੂੰ ਨੁਕਸਾਨ ਹੋਣ ਨੂੰ ਨਿਊਰੋਪੈਥੀ ਕਹਿੰਦੇ ਹਨ। ਸਮੇਂ ਦੇ ਨਾਲ ਤੰਤਰਿਕਾਵਾਂ ਸਰੀਰ ਦੇ ਹੋਰਨਾਂ ਹਿੱਸਿਆਂ ਨੂੰ ਸੰਕੇਤ ਭੇਜਣ ਦੀ ਸਮਰੱਥਾ ਗੁਆਉਣ ਲੱਗਦੀਆਂ ਹਨ। ਇਸ ਕਾਰਨ ਹੋਰ ਸਮੱਸਿਆ ਪੈਦਾ ਹੋਣ ਲੱਗਦੀਆਂ ਹਨ ਜਿਵੇਂ ਕਿ ਪੈਰਾਂ ਅਤੇ ਸਰੀਰ ਦੇ ਹੇਠਲੇ ਹਿੱਸਿਆਂ ’ਚ ਸੜਨ ਜਾਂ ਸੁੰਨ ਹੋਣਾ। ਜਦੋਂ ਤੰਤਰਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੈਰ ’ਚ ਸੱਟ ਲੱਗਣ ’ਤੇ ਕੋਈ ਦਰਦ ਮਹਿਸੂਸ ਨਹੀਂ ਹੁੰਦਾ। ਅਜਿਹੇ ’ਚ ਨਿਊਰੋਪੈਥੀ ਦੇ ਮਰੀਜ਼ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨੰਗੇ ਪੈਰ ਨਾ ਚੱਲੇ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਤੋਂ ਬਚੋ। ਹਰ ਰੋਜ਼ ਆਪਣੇ ਪੈਰਾਂ ਦੀ ਜਾਂਚ ਕਰੋ ਕਿ ਕਿਤਿਓਂ ਪੈਰ ਫੱਟ ਤਾਂ ਨਹੀਂ ਰਹੇ ਜਾਂ ਉਨ੍ਹਾਂ ਦੀ ਚਮੜੀ ਦਾ ਰੰਗ ਬਦਲ ਤਾਂ ਨਹੀਂ ਰਿਹਾ। ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਖੂਨ ’ਚ ਸ਼ੂਗਰ ਦੀ ਮਾਤਰਾ ਦੇ ਬੇਕਾਬੂ ਹੋਣ ਨਾਲ ਸ਼ੂਗਰ ਦੇ ਮਰੀਜ਼ ਨੂੰ ਦਿਲ ਦਾ ਦੌਰਾ ਪੈਣ ’ਤੇ ਲਕਵਾ ਮਾਰਨ ਦਾ ਖਤਰਾ ਵਧ ਜਾਂਦਾ ਹੈ।
ਬਚਾਅ ਲਈ ਇਹ ਕਦਮ ਹਨ ਜ਼ਰੂਰੀ 
ਜੀਵਨਸ਼ੈਲੀ ’ਚ ਕੁਝ ਬਦਲਾਅ ਲਿਆ ਕੇ ਸ਼ੂਗਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਮੋਟਾਪਾ, ਖਾਸ ਕਰ ਕੇ ਕਮਰ ਦੇ ਮੋਟਾਪੇ ਨੂੰ ਘਟਾ ਕੇ ਸ਼ੂਗਰ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। ਭੋਜਨ ’ਚ ਅਨਾਜ, ਦਾਲਾਂ, ਹਰੀਆਂ-ਪੱਤੇਦਾਰ ਸਬਜ਼ੀਆਂ, ਮੌਸਮੀ ਸਬਜ਼ੀ, ਫਲ, ਦੁੱਧ ਤੇ ਦਹੀਂ ਨਾਲ ਬਣੀਆਂ ਚੀਜ਼ਾਂ ਦੀ ਸਹੀ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ ਹੈ। ਰੋਟੀ ਬਣਾਉਣ ’ਚ ਆਟੇ ਦੇ ਨਾਲ ਚੋਕਰ ਦੀ ਵੀ ਵਰਤੋਂ ਕਰੋ। ਵੱਧ ਰੇਸ਼ੇਦਾਰ ਭੋਜਨ ਕਰੋ। ਸੇਬ, ਨਾਸ਼ਪਤੀ ਵਰਗੇ ਫਲਾਂ ਦੀ ਵਰਤੋਂ ਬਿਨਾਂ ਛਿਲਕਾ ਉਤਾਰੇ ਹੀ ਕਰੋ ਅਤੇ ਮੌਸੰਮੀ ਤੇ ਸੰਤਰੇ ਵਰਗੇ ਫਲਾਂ ਨੂੰ ਗੁੱਦੇ ਸਮੇਤ ਖਾਓ।
ਆਪਣੇ ਭੋਜਨ ’ਚ ਪੁੰਗਰੇ ਅਨਾਜ ਨੂੰ ਸ਼ਾਮਲ ਕਰੋ। ਰੋਜ਼ਾਨਾ 10 ਤੋਂ 12 ਗਲਾਸ ਪਾਣੀ ਪੀਓ। ਇਸ ਦੇ ਨਾਲ ਹੀ ਅੰਬ, ਕੇਲਾ, ਚੀਕੂ, ਲੀਚੀ, ਅੰਗੂਰ, ਸ਼ਹਿਤੂਤ, ਅਨਾਨਾਸ, ਖਜੂਰ, ਆਲੂ, ਅਰਬੀ, ਸ਼ੱਕਰਕੰਦੀ, ਸ਼ਲਗਮ, ਚੁਕੰਦਰ ਦੀ ਵਰਤੋਂ ਤੋਂ ਬਚੋ। ਖੰਡ, ਗੁੜ, ਸ਼ਹਿਦ, ਹਲਵਾ, ਕੇਕ, ਚਾਕਲੇਟ, ਜੈਮ ਦੇ ਇਲਾਵਾ ਪੁੜੀ, ਪਕੌੜਾ, ਪਰੌਂਠਾ, ਸਮੋਸਾ, ਨਮਕੀਨ, ਬਿਸਕੁਟ, ਮੂੰਗਫਲੀ, ਖਜੂਰ, ਕਿਸ਼ਮਿਸ਼, ਕਾਜੂ, ਪਿਸਤਾ, ਕ੍ਰੀਮ, ਮੱਖਣ, ਦੇਸੀ ਘਿਓ, ਲਾਲ ਮਾਸ, ਗੰਨੇ ਦਾ ਰਸ, ਡੱਬਾਬੰਦ ਜੂਸ, ਸ਼ਰਾਬ ਤੋਂ ਵੀ ਪ੍ਰਹੇਜ਼ ਕਰੋ।
-ਡਾ. ਸ਼ਵੇਤਾ ਬਾਂਸਲ

Comment here