ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਵਿਸ਼ਵ ਦੇ ਨਕਸ਼ੇ ‘ਤੇ ਭਾਰਤ ਦਾ ਉਭਾਰ ਸ਼ਲਾਘਾਯੋਗ : ਸੰਧੂ

ਵਾਸ਼ਿੰਗਟਨ-ਅਮਰੀਕਾ ਨੇ ਭਾਰਤ ਨੂੰ ਇੱਕ ਪ੍ਰਮੁੱਖ ਰੱਖਿਆ ਭਾਈਵਾਲ ਵਜੋਂ ਨਾਮਜ਼ਦ ਕੀਤਾ ਹੈ, ਜੋ ਮਜ਼ਬੂਤ ਰੱਖਿਆ ਸਹਿਯੋਗ ਦਾ ਆਧਾਰ ਹੈ।ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਅਮਰੀਕਾ ਸਬੰਧਾਂ ਦੀਆਂ ਸੰਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਧੂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਬਾਵਜੂਦ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਾਲੇ 160 ਬਿਲੀਅਨ ਡਾਲਰ ਦੇ ਰਿਕਾਰਡ ਦੁਵੱਲੇ ਵਪਾਰ ਦੀ ਸ਼ਲਾਘਾ ਕੀਤੀ। ਉਹਨਾਂ ਨੇ ਐਤਵਾਰ ਨੂੰ ਸ਼ਿਕਾਗੋ ਵਿਚ ਇਕ ਸਮਾਰੋਹ ਦੌਰਨ ਕਿਹਾ ਕਿ 1.4 ਬਿਲੀਅਨ ਨਾਗਰਿਕਾਂ ਦੇ ਮੁਖੀ ਹੋਣ ਦੇ ਨਾਤੇ,ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਸਾਰਿਆਂ ਨੂੰ ਵੱਡੇ ਸੁਪਨੇ ਲੈਣ ਲਈ ਉਤਸ਼ਾਹਿਤ ਕੀਤਾ ਹੈ। ਉਹਨਾਂ ਨੇ ਸੱਚਮੁੱਚ ਸਾਨੂੰ ਦਿਖਾਇਆ ਹੈ ਕਿ ਜੇਕਰ ਦ੍ਰਿੜ ਇਰਾਦੇ ਨਾਲ ਕੰਮ ਕੀਤਾ ਜਾਵੇ, ਤਾਂ ਇਹ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ, ਜਿਵੇਂ ਕਿ ਵਿਸ਼ਵ ਦੇ ਨਕਸ਼ੇ ‘ਤੇ ਭਾਰਤ ਦੇ ਉਭਾਰ ਤੋਂ ਦਿਸ ਰਿਹਾ ਹੈ।
ਸੰਧੂ ਨੇ ਸ਼ਿਕਾਗੋ ਵਿੱਚ ‘ਐਨਆਈਡੀ ਫਾਊਂਡੇਸ਼ਨ’ ਦੁਆਰਾ ਆਯੋਜਿਤ ‘ਵਿਸ਼ਵ ਸਦਭਾਵਨਾ’ ਪ੍ਰੋਗਰਾਮ ਵਿਚ ਕਿਹਾ ਕਿ ਆਓ ਅਸੀਂ ਸਾਰੇ ਵੱਡੇ ਸੁਪਨੇ ਦੇਖੀਏ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੇ ਜੋਸ਼ ਨਾਲ ਕੰਮ ਕਰੀਏ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੀ ਸੰਭਾਵਨਾ ਨੂੰ ਸਮਝਦੇ ਹਨ ਅਤੇ ਉਹਨਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਨੂੰ ਇੱਕ ਕਰੀਬੀ ਦੋਸਤ ਅਤੇ ਇੱਕ ਮਜ਼ਬੂਤ ਸਾਥੀ ਦੇ ਰੂਪ ਵਿੱਚ ਦੇਖਦੇ ਹਨ, ਜੋ ਕਿ ਲਗਭਗ 1.4 ਬਿਲੀਅਨ ਭਾਰਤੀਆਂ ਦੇ ਸੁਪਨਿਆਂ ਅਤੇ ਵਿਕਾਸ ਦੀਆਂ ਇੱਛਾਵਾਂ ਨੂੰ ਹਕੀਕਤ ਵਿੱਚ ਬਦਲਣ ਲਈ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਦ੍ਰਿਸ਼ਟੀਕੋਣ ਰਾਹੀਂ ਇਹਨਾਂ ਸਬੰਧਾਂ ਨੂੰ ਰੂਪ ਦਿੱਤਾ ਹੈ ਅਤੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਕੇਂਦ੍ਰਿਤ ਅਤੇ ਨਿਰੰਤਰ ਯਤਨਾਂ ਨਾਲ ਠੋਸ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਭਾਰਤ ਅਤੇ ਅਮਰੀਕਾ ਅੱਜ ਕਿਸੇ ਵੀ ਦੂਜੇ ਦੇਸ਼ ਦੇ ਮੁਕਾਬਲੇ ਇੱਕ ਦੂਜੇ ਨਾਲ ਵਧੇਰੇ ਦੁਵੱਲੇ ਫ਼ੌਜੀ ਅਭਿਆਸ ਕਰਦੇ ਹਨ। 1990 ਦੇ ਦਹਾਕੇ ਦੇ ਅਖੀਰ ਵਿੱਚ ਅਮਰੀਕਾ ਅਤੇ ਭਾਰਤ ਵਿਚਕਾਰ ਰੱਖਿਆ ਵਪਾਰ ਲਗਭਗ ਕੋਈ ਨਹੀਂ ਸੀ ਪਰ 2022 ਵਿੱਚ ਵੱਧ ਕੇ 20 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ। ਇਸੇ ਤਰ੍ਹਾਂ ਪੰਜ ਸਾਲ ਪਹਿਲਾਂ ਊਰਜਾ ਦਾ ਵਪਾਰ ਲਗਭਗ ਜ਼ੀਰੋ ਸੀ ਪਰ ਹੁਣ ਇਹ 20 ਬਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਪਿਛਲੇ ਸਾਲ 160 ਬਿਲੀਅਨ ਡਾਲਰ ਤੋਂ ਵੱਧ ਦਾ ਵਪਾਰ ਕੀਤਾ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਹ ਵਪਾਰ ਹੋਰ ਵੀ ਜ਼ਿਆਦਾ ਪ੍ਰਭਾਵਤ ਹੋਣ ਵਾਲਾ ਹੈ ਕਿਉਂਕਿ ਅਸੀਂ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਸਪਲਾਈ ਚੇਨ ਵਿਘਨ ਦੇ ਬਾਵਜੂਦ ਅਤੇ ਬਿਨਾਂ ਕਿਸੇ ਰਸਮੀ ਵਪਾਰ ਸਮਝੌਤੇ ਦੇ ਇਹ ਰਿਕਾਰਡ ਹਾਸਲ ਕਰਨ ਦੇ ਯੋਗ ਹੋਏ ਸੀ।ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦੁਨੀਆ ਨੂੰ ਅੱਗੇ ਦਾ ਰਸਤਾ ਦਿਖਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਵੇਂ ਇਹ ਪੂਰੀ ਦੁਨੀਆ ਨੂੰ ਕੋਵਿਡ-19 ਲਈ ਟੀਕੇ ਮੁਹੱਈਆ ਕਰਵਾਉਣ ਬਾਰੇ ਹੋਵੇ, ਭਾਵੇਂ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਰਾਹਤ ਮਿਸ਼ਨ ਚਲਾਉਣ ਦੀ ਗੱਲ ਹੋਵੇ ਜਾਂ ਸਿੱਖਿਆ ਜਾਂ ਪੁਲਾੜ ਖੋਜ ਦੇ ਖੇਤਰ ਵਿੱਚ ਦੇਸ਼ਾਂ ਦੀ ਮਦਦ ਕਰਨ ਦੀ ਗੱਲ ਹੋਵੇ ਜਾਂ ਗਲਾਸਗੋ ਵਿੱਚ ‘ਸੀਓਪੀ26 ਗਲੋਬਲ ਲੀਡਰਜ਼ ਸਮਿਟ’ ਜਾਂ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸਿਖਰ ਸੰਮੇਲਨ ਦੌਰਾਨ ਭਾਰਤ ਦਾ ਸਟੈਂਡ ਹੋਵੇ ਨਰਿੰਦਰ ਮੋਦੀ ਨੇ ਸੱਚਮੁੱਚ ਹੀ ਦੁਨੀਆ ਨੂੰ ਰਸਤਾ ਦਿਖਾਇਆ ਹੈ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਅਮਰੀਕਾ ਦੇ ਸੀਨੀਅਰ ਸੈਨੇਟਰ ਰੌਨ ਜਾਨਸਨ, ਅਧਿਆਤਮਿਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ, ਯੂਨੀਵਰਸਿਟੀ ਆਫ ਵਿਸਕਾਨਸਿਨ-ਪਾਰਕਸਾਈਡ ਦੇ ਵਾਈਸ ਚਾਂਸਲਰ ਡਾ: ਡੇਬੀ ਫੋਰਡ, ਵਿਸਕਾਨਸਿਨ ਸਟੇਟ ਅਸੈਂਬਲੀ ਦੇ ਪ੍ਰਧਾਨ ਰੌਬਿਨ ਵੋਸ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ ਸਤਨਾਮ ਸਿੰਘ ਸੰਧੂ ਅਤੇ ‘ਜਨਰਲ ਪਰਮਾਣੂ’ ਦੇ ਮੁੱਖ ਕਾਰਜਕਾਰੀ ਵਿਵੇਕ ਲਾਲ ਸਮੇਤ ਕਈ ਪਤਵੰਤੇ ਹਾਜ਼ਰ ਹੋਏ।
ਇਸ ਦੌਰਾਨ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ”ਭਾਰਤ ‘ਚ ਵੱਡਾ ਬਦਲਾਅ ਆਇਆ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ ਸਮਾਜ ਦੇ ਸਭ ਤੋਂ ਗ਼ਰੀਬ ਲੋਕਾਂ ਤੱਕ ਪਹੁੰਚਣ, ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ, ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਵਿਕਾਸ ਬੇਮਿਸਾਲ ਹਨ। ਜਾਨਸਨ ਨੇ ਕਿਹਾ ਕਿ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਸਬੰਧ ਹੋਰ ਡੂੰਘੇ ਅਤੇ ਮਜ਼ਬੂਤ ਹੋਏ ਹਨ।

Comment here