ਅਪਰਾਧਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਵਿਸ਼ਵ ਦੀ ਰਾਜਨੀਤੀ ਸੰਕਟ ਚ ਘਿਰੀ

ਪਿਛਲਾ ਇਕ ਮਹੀਨਾ ਦੁਨੀਆ ਭਰ ’ਵਿਚ ਨੇਤਾਵਾਂ ਲਈ ਸਿਆਸੀ ਜੀਵਨ ਦੀਆਂ ਕਮਜ਼ੋਰੀਆਂ ਉਜਾਗਰ ਕਰਨ ਵਾਲਾ ਰਿਹਾ। ਸ੍ਰੀਲੰਕਾ ਵਿਚ ਰਾਜਪਕਸ਼ੇ ਪਰਿਵਾਰ ਦੇ ਸਾਮਰਾਜ ਦਾ ਅਜਿਹਾ ਪਤਨ ਹੋਇਆ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਭੱਜਣਾ ਪਿਆ।ਸ੍ਰੀਲੰਕਾ ਦੀ ਜਨਤਾ ਦੇ ਗੁੱਸੇ ਦਾ ਪੱਧਰ ਏਨਾ ਬੁਲੰਦ ਹੋਇਆ ਕਿ ਉਸ ਨੇ ਇਕ ਤਾਕਤਵਰ ਸਿਆਸੀ ਵੰਸ਼ ਨੂੰ ਤਕਰੀਬਨ ਗੁਮਨਾਮੀ ਦੇ ਦੌਰ ਵਿਚ ਧੱਕ ਦਿੱਤਾ। ਕਿਸੇ ਸਮੇਂ ਖ਼ੁਸ਼ਹਾਲ ਰਹੇ ਇਸ ਦੇਸ਼ ਨੂੰ ਬਰਬਾਦੀ ਤੋਂ ਉੱਭਰਨ ਵਿਚ ਕਈ ਸਾਲ ਲੱਗ ਜਾਣਗੇ। ਇਹ ਸਥਿਤੀ ਉਨ੍ਹਾਂ ਨੇਤਾਵਾਂ ਕਾਰਨ ਬਣੀ, ਜੋ ਅਤੀਤ ਦੀਆਂ ਪ੍ਰਾਪਤੀਆਂ ’ਤੇ ਇਤਰਾਉਂਦੇ ਰਹੇ ਅਤੇ ਜਿਨ੍ਹਾਂ ਨੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੋਂ ਤਕ ਕਿ ਬੜੇੇ ਸਲੀਕੇ ਨਾਲ ਬਣਾਈ ਗਈ ਰਾਸ਼ਟਰਵਾਦੀ ਸਾਖ਼ ਵੀ ਰਾਜਪਕਸ਼ੇ ਪਰਿਵਾਰ ਨੂੰ ਬਚਾ ਨਹੀਂ ਸਕੀ।
ਬ੍ਰਿਟੇਨ ਵਿਚ ਇਕ ਵੱਖਰੀ ਕਿਸਮ ਦਾ ਸਿਆਸੀ ਤਣਾਅ ਦੇਖਣ ਨੂੰ ਮਿਲਿਆ। ਕਈ ਹਫ਼ਤਿਆਂ ਤਕ ਅੜੇ ਰਹਿਣ ਤੋਂ ਬਾਅਦ ਬੌਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਲਈ ਖ਼ਤਰੇ ਦੀ ਘੰਟੀ ਲੰਬੇ ਸਮੇਂ ਤੋਂ ਵੱਜ ਰਹੀ ਸੀ ਪਰ ਉਹ ਏਨੇ ਹੰਕਾਰ ਵਿਚ ਸਨ ਕਿ ਉਨ੍ਹਾਂ ਦੀਆਂ ਚਟਪਟੀਆਂ ਪ੍ਰਤੀਕਿਰਿਆਵਾਂ ਜਨਤਾ ਨੂੰ ਸੰਤੁਸ਼ਟ ਕਰਨ ਲਈ ਕਾਫ਼ੀ ਹੋਣਗੀਆਂ। ਉਨ੍ਹਾਂ ਦਾ ਇਹ ਦਾਅ ਨਹੀਂ ਚੱਲਿਆ। ਉਨ੍ਹਾਂ ਦਾ ਜਨਤਾ ਵਿਚ ਬਣਿਆ ਅਕਸ ਤਾਰ-ਤਾਰ ਹੋ ਰਿਹਾ ਸੀ। ਤਮਾਮ ਉਲਟ ਹਾਲਾਤ ਦਰਮਿਆਨ ਉਨ੍ਹਾਂ ਨੇ 2019 ’ਚ ਜੋ ਨਿਰਣਾਇਕ ਲੋਕ ਫ਼ਤਵਾ ਹਾਸਲ ਕੀਤਾ, ਉਹ ਵਿਅਰਥ ਜਾਂਦਾ ਦਿਸਣ ਲੱਗਿਆ।
ਤੀਜਾ ਘਟਨਾਕ੍ਰਮ ਜਾਪਾਨ ਨਾਲ ਜੁੜਿਆ ਹੈ। ਉੱਥੇ ਸਾਬਕਾ ਪ੍ਰਧਾਨ ਮੰਤਰੀ ਸਿੰਜ਼ੋ ਅਬੇ ਦੀ ਹੱਤਿਆ ਹੋਈ, ਜਿਸ ਨੇ ਪੂਰੀ ਦੁਨੀਆ ਨੂੰ ਹੈਰਤ ਵਿਚ ਪਾ ਦਿੱਤਾ। ਇਹ ਸਮਝਣਾ ਮੁਸ਼ਕਲ ਹੈ ਕਿ ਜਾਪਾਨ ਵਿਚ ਵੀ ਅਜਿਹਾ ਕੁਝ ਹੋ ਸਕਦਾ ਹੈ ਪਰ ਕੰਜ਼ਰਵੇਟਿਵ ਆਗੂ ਰਹੇ ਅਬੇ ਏਨੀ ਖ਼ੁਸ਼ਹਾਲ ਵਿਰਾਸਤ ਛੱਡ ਗਏ ਕਿ ਉਸ ਦੇ ਦੂਰਗਾਮੀ ਅਸਰ ਦਹਾਕਿਆਂ ਤਕ ਦਿਸਣਗੇ। ਘਰੇਲੂ, ਖੇਤਰੀ ਅਤੇ ਆਲਮੀ ਪੱਧਰ ’ਤੇ ਸਮਕਾਲੀ ਦੌਰ ਦੇ ਕੁਝ ਹੀ ਨੇਤਾਵਾਂ ਨੇ ਰਣਨੀਤਕ ਮੋਰਚੇ ’ਤੇ ਅਬੇ ਜਿਹੀ ਛਾਪ ਛੱਡੀ ਹੈ। ਇਸੇ ਕਾਰਨ ਆਪਣੀ ਮੌਤ ਨਾਲ ਉਹ ਆਪਣੀ ਪਾਰਟੀ ਨੂੰ ਚੋਣਾਂ ’ਚ ਨਿਰਣਾਇਕ ਜਿੱਤ ਦਿਵਾ ਗਏ।
ਰਾਜਪਕਸ਼ੇ, ਜੌਹਨਸਨ ਤੇ ਅਬੇ ਇਨ੍ਹਾਂ ਤਿੰਨੋਂ ਆਗੂਆਂ ਦਾ ਸਬੰਧ ਦੁਨੀਆ ਦੇ ਵੱਖ-ਵੱਖ ਕੋਨਿਆਂ ਨਾਲ ਹੈ। ਆਪਣੀ ਪ੍ਰਤਿਭਾ ਦੇ ਦਮ ’ਤੇ ਉਹ ਸਿਆਸੀ ਸਫਲਤਾ ਦੇ ਸਿਖਰ ’ਤੇ ਪਹੁੰਚੇ। ਸਿਆਸੀ ਵਿਚਾਰਧਾਰਾ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ‘ਕੰਜ਼ਰਵੇਟਿਵ’ ਯਾਨੀ ਪਰੰਪਰਾਵਾਦੀ ਮੰਨਿਆ ਜਾ ਸਕਦਾ ਹੈ। ਇਸ ਸਮਾਨਤਾ ਦੇ ਬਾਵਜੂਦ ਰਾਜਪਕਸ਼ੇ ਅਤੇ ਜੌਹਨਸਨ ਦਾ ਪਤਨ ਅਤੇ ਅਬੇ ਦਾ ਨਿਰੰਤਰ ਪ੍ਰਸੰਗਿਕ ਬਣੇ ਰਹਿਣਾ ਇਹੋ ਦਰਸਾਉਂਦਾ ਹੈ ਕਿ ਰਾਜਨੀਤੀ ’ਚ ਨਿੱਜੀ ਇੱਛਾਵਾਂ ਨੂੰ ਤ੍ਰਿਪਤ ਕਰਨ ਤੋਂ ਜ਼ਿਆਦਾ ਕਿਹੜਾ ਪਹਿਲੂ ਮਹਾਨਤਾ ਦਾ ਸਬੱਬ ਬਣਦਾ ਹੈ।
ਹੁਣ ਗੋਟਾਬਾਯਾ ਰਾਜਪਕਸ਼ੇ ਇਕ ਤੋਂ ਦੂਜੇ ਦੇਸ਼ ’ਚ ਆਸਰਾ ਲੈਣ ਲਈ ਯਤਨਸ਼ੀਲ ਹਨ। ਉਨ੍ਹਾਂ ਦੇ ਪਰਿਵਾਰ ਦਾ ਪਤਨ ਇਹੋ ਦੱਸਦਾ ਹੈ ਕਿ ਜਨਤਕ ਜੀਵਨ ਕਿੰਨਾ ਅਸਥਿਰ ਹੈ। ਆਰਥਿਕ ਸੰਕਟ ਨਾਲ ਨਜਿੱਠਣ ਵਿਚ ਉਨ੍ਹਾਂ ਦੇ ਕੁਪ੍ਰਬੰਧ ਅਤੇ ਅਸਤੀਫ਼ਾ ਨਾ ਦੇਣ ਦੇ ਅੜੀਅਲ ਰੁਖ਼ ਨੇ ਉਨ੍ਹਾਂ ਦੀ ਦੁਰਗਤੀ ਕਰਵਾ ਦਿੱਤੀ। ਸ੍ਰੀਲੰਕਾ ’ਚ ਭੋਜਨ, ਤੇਲ ਅਤੇ ਦਵਾਈਆਂ ਆਦਿ ਵਸਤੂਆਂ ਦੀ ਕਿੱਲਤ ਕਾਰਨ ਇਸ ਪਰਿਵਾਰ ਪ੍ਰਤੀ ਜਨਤਾ ਵਿਚ ਕਈ ਮਹੀਨਿਆਂ ਤੋਂ ਗੁੱਸਾ ਪੈਦਾ ਹੋ ਰਿਹਾ ਸੀ। ਇਸੇ ਕਾਰਨ ਕਿਸੇ ਸਮੇਂ ਨਾਇਕ ਸਮਝਿਆ ਜਾਣ ਵਾਲਾ ਰਾਜਪਕਸ਼ੇ ਪਰਿਵਾਰ ਖਲਨਾਇਕ ਬਣ ਗਿਆ। ਇਸ ਪਰਿਵਾਰ ਨੇ ਖ਼ਤਰਨਾਕ ਲਿੱਟੇ ਨੂੰ ਖ਼ਤਮ ਕਰ ਕੇ ਰਾਸ਼ਟਰਵਾਦੀ ਦੇ ਰੂਪ ’ਚ ਆਪਣੀ ਸਿਆਸੀ ਪਛਾਣ ਬਣਾਈ ਸੀ। ਹਾਲਾਂਕਿ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਨਾਲ ਹੀ ਗ਼ਲਤ ਨੀਤੀਆਂ ਦੇ ਉਨ੍ਹਾਂ ਦੇ ਖ਼ਤਰਨਾਕ ਕਾਕਟੇਲ ਨੇ ਸ੍ਰੀਲੰਕਾ ਨੂੰ ਇਕ ਭਿਆਨਕ ਸਿਆਸੀ ਅਤੇ ਆਰਥਿਕ ਸੰਕਟ ਵਿਚ ਧੱਕ ਦਿੱਤਾ। ਇਸੇ ਨੇ ਜਨਤਾ ਵਿਚ ਗੁੱਸਾ ਪੈਦਾ ਕਰ ਦਿੱਤਾ। ਹੁਣ ਗੋਟਾਬਾਯਾ ਭਗੌੜੇ ਦੇ ਰੂਪ ’ਚ ਯਾਦ ਕੀਤੇ ਜਾ ਰਹੇ ਹਨ।
ਜੌਹਨਸਨ ਵੀ ਭਾਰੀ ਬਹੁਮਤ ਨਾਲ 2019 ’ਚ ਸੱਤਾ ’ਚ ਆਏੇ। ਉਨ੍ਹਾਂ ਦੀ ਅਗਵਾਈ ’ਚ ਕੰਜ਼ਰਵੇਟਿਵ ਪਾਰਟੀ ਨੂੰ 1987 ਤੋਂ ਬਾਅਦ ਦੀ ਸਭ ਤੋਂ ਵੱਡੀ ਜਿੱਤ ਹਾਸਲ ਹੋਈ। ਉਨ੍ਹਾਂ ਨੂੰ ਮਿਲੇ ਲੋਕ ਫ਼ਤਵੇ ਨੇ ਬ੍ਰੈਕਜ਼ਿਟ ਸਮਰਥਕ ਦੇ ਰੂਪ ’ਚ ਉਨ੍ਹਾਂ ਦੀ ਸਾਖ਼ ’ਤੇ ਮੋਹਰ ਲਾਈ। ਹਾਸੇ-ਮਜ਼ਾਕ ਨਾਲ ਜੁੜਿਆ ਕਰਿਸ਼ਮਾ, ਤੜਕ-ਭੜਕ ਵਾਲੀ ਸਿਆਸੀ ਸ਼ਖ਼ਸੀਅਤ ਅਤੇ ਚੁਟਕੀਲੀਆਂ ਪ੍ਰਤੀਕਿਰਿਆਵਾਂ ਜ਼ਰੀਏ ਉਨ੍ਹਾਂ ਨੇ ਬ੍ਰੈਕਜ਼ਿਟ ਦੀ ਮੁਹਿੰਮ ਨੂੰ ਸਿਰੇ ਚੜ੍ਹਾਇਆ। ਬ੍ਰੈਕਜ਼ਿਟ ਨੂੰ ਲੈ ਕੇ ਅੰਤਹੀਣ ਬਹਿਸਾਂ ਨਾਲ ਬ੍ਰਿਟਿਸ਼ ਉਕਤਾ ਗਏ ਸਨ। ਜੌਹਨਸਨ ਨੇ ਉਨ੍ਹਾਂ ਨੂੰ ਉਸ ਤੋਂ ਮੁਕਤੀ ਦਿਵਾਈ ਪਰ ਬ੍ਰੈਕਜ਼ਿਟ ਤੋਂ ਪਰ੍ਹੇ ਜੌਹਨਸਨ ਬੜੀ ਮੁਸ਼ਕਲ ਨਾਲ ਹੀ ਕੋਈ ਪ੍ਰਭਾਵ ਛੱਡ ਸਕੇ। ਪਾਰਟੀਗੇਟ ਕਾਂਡ ਉਨ੍ਹਾਂ ਦੇ ਅਕਸ ਲਈ ਤਾਬੂਤ ’ਚ ਆਖ਼ਰੀ ਕਿੱਲ੍ਹ ਸਾਬਤ ਹੋਇਆ। ਦਸੰਬਰ ਵਿਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਜੌਹਨਸਨ ਨੂੰ ਆਪਣੀ ਭੁੱਲ ਸਵੀਕਾਰ ਕਰਨ ਵਿਚ ਕਈ ਹਫ਼ਤੇ ਲੱਗ ਗਏ ਕਿ ਉਨ੍ਹਾਂ ਨੇ ਕੋਵਿਡ ਦੇ ਉਸ ਦੌਰ ’ਚ ਉਨ੍ਹਾਂ ਨਿਯਮਾਂ ਨੂੰ ਤੋੜਿਆ, ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਹੀ ਲਾਗੂ ਕੀਤਾ ਸੀ। ਇਕ ਤੋਂ ਬਾਅਦ ਇਕ ਸਕੈਂਡਲ ਨੇ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਸੱਟ ਮਾਰੀ। ਉਹ ਆਪਣੀ ਲਾਪਰਵਾਹ ਦੁਨੀਆ ਵਿਚ ਸਿਮਟਦੇ ਗਏ।
ਬ੍ਰੈਕਜ਼ਿਟ ਤੇ ਕੋਵਿਡ ਦੋਵਾਂ ਨੇ ਆਮ ਬ੍ਰਿਟਿਸ਼ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਲਈ ਪਿਆਰ ਗੁੱਸੇ ਵਿਚ ਬਦਲਣ ਲੱਗਿਆ, ਜਿਸ ਦਾ ਅਸਰ ਮਈ ਵਿਚ ਹੋਈਆਂ ਮੱਧਕਾਲੀ ਚੋਣਾਂ ਵਿਚ ਦਿਸਿਆ, ਜਿੱਥੇ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਕਈ ਮਜ਼ਬੂਤ ਗੜ੍ਹ ਵੀ ਗੁਆ ਦਿੱਤੇ। ਇਹ ਜੌਹਨਸਨ ਦੇ ਅੰਤ ਦੀ ਸ਼ੁਰੂਆਤ ਸੀ ਪਰ ਉਹ ਉਸ ਨਾਲ ਵੀ ਨਹੀਂ ਸੰਭਲੇ। ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਆਪਣੇ ਇਕ ਸੰਸਦ ਮੈਂਬਰ ਨੂੰ ਲੈ ਕੇ ਉਨ੍ਹਾਂ ਨੇ ਜੋ ਲਾਪਰਵਾਹੀ ਦਿਖਾਈ, ਉਸ ਨੇ ਵੀ ਉਨ੍ਹਾਂ ਦੀ ਸਾਖ਼ ’ਤੇ ਧੱਬਾ ਲਾਇਆ। ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਕੰਧ ’ਤੇ ਲਿਖੀ ਇਬਾਰਤ ਸਾਫ਼ ਦਿਸਣ ਲੱਗੀ ਅਤੇ ਉਹ ਉਨ੍ਹਾਂ ਵਿਰੁੱਧ ਲਾਮਬੰਦ ਹੋਏ। ਉਨ੍ਹਾਂ ਦਾ ਪਤਨ ਇਹੋ ਦਰਸਾਉਂਦਾ ਹੈ ਕਿ ਅਨੁਸ਼ਾਸਨ ਦੀ ਕਮੀ ਵਿਚ ਬੌਧਿਕਤਾ ਬੇਮਾਅਨੀ ਹੋ ਜਾਂਦੀ ਹੈ।
ਸਿੰਜ਼ੋ ਅਬੇ ਦੀ ਇਤਿਹਾਸਕ ਵਿਰਾਸਤ ਇਸ ਮਾਮਲੇ ਵਿਚ ਬਿਲਕੁਲ ਉਲਟ ਹੈ। ਉਹ ਵੀ ਇਕ ਕੰਜ਼ਰਵੇਟਿਵ ਨੇਤਾ ਸਨ ਪਰ ਉਨ੍ਹਾਂ ਦੀ ਰਾਜਨੀਤੀ ਸੱਤਾ ਦੀ ਚਾਹ ਤੋਂ ਜ਼ਿਆਦਾ ਉੱਚ ਆਦਰਸ਼ਾਂ ਨਾਲ ਓਤਪ੍ਰੋਤ ਰਹੀ। ਉਹ ਘਰੇਲੂ ਅਤੇ ਬਾਹਰੀ ਦੋਵੇਂ ਪੱਧਰਾਂ ’ਤੇ ਜਾਪਾਨ ਦੇ ਗੌਰਵ ਦੀ ਮੁੜ ਸਥਾਪਨਾ ਪ੍ਰਤੀ ਵਚਨਬੱਧ ਸਨ ਤੇ ਉਸ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੇ ਰਹੇ। ਇਸ ਦੇ ਨਤੀਜੇ ਵੀ ਖ਼ਾਸੇ ਨਾਟਕੀ ਰਹੇ। ਅੱਜ ਜਾਪਾਨ ਉਸ ਸਥਿਤੀ ਤੋਂ ਬਹੁਤ ਅਲੱਗ ਦੇਸ਼ ਹੈ, ਜਿਹੋ ਜਿਹਾ ਸਿੰਜ਼ੋ ਅਬੇ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਸੀ। ਦਿਲਚਸਪ ਗੱਲ ਇਹ ਰਹੀ ਕਿ ਕੰਜ਼ਰਵੇਟਿਵ ਨੇਤਾ ਹੁੰਦੇ ਹੋਏ ਵੀ ਉਨ੍ਹਾਂ ਨੇ ਜਾਪਾਨ ਦੀ ਘਰੇਲੂ ਅਤੇ ਵਿਦੇਸ਼ ਨੀਤੀ ’ਚ ਸਥਿਤੀ ਨੂੰ ਚੁਣੌਤੀ ਦਿੱਤੀ। ਉਨ੍ਹਾਂ ਦੇ ਰਾਸ਼ਟਰਵਾਦੀ ਆਦਰਸ਼ਾਂ ਨੇ ਉਨ੍ਹਾਂ ਦੀ ਮੁਹਿੰਮ ਨੂੰ ਰਫ਼ਤਾਰ ਪ੍ਰਦਾਨ ਕੀਤੀ ਪਰ ਇਹ ਉਨ੍ਹਾਂ ਦੀ ਇਮਾਨਦਾਰੀ ਅਤੇ ਅਨੁਸ਼ਾਸਨ ਹੀ ਸੀ, ਜਿਨ੍ਹਾਂ ਦੇ ਦਮ ’ਤੇ ਉਹ ਨਾ ਕੇਵਲ ਜਾਪਾਨ ਦੇ ਸਮਕਾਲੀ ਨੇਤਾਵਾਂ ਸਗੋਂ ਸਮਕਾਲੀ ਦੌਰ ਦੇ ਦਿੱਗਜ ਆਲਮੀ ਨੇਤਾ ਦੇ ਰੂਪ ’ਚ ਵੀ ਸਥਾਪਿਤ ਹੋ ਸਕੇ। ਸਿੰਜ਼ੋ ਅਬੇ ਦੇ ਉਲਟ ਰਾਜਪਕਸ਼ੇ ਤੇ ਜੌਹਨਸਨ ਦੀ ਕਹਾਣੀ ਇਹੋ ਯਾਦ ਕਰਵਾਉਂਦੀ ਹੈ ਕਿ ਸ਼ਾਸਨ ਨਾਲ ਸਬੰਧਿਤ ਗੰਭੀਰ ਏਜੰਡੇ ਅਤੇ ਨਿੱਜੀ ਇਮਾਨਦਾਰੀ ਦੀ ਅਣਹੋਂਦ ਵਿਚ ਸਿਆਸੀ ਸੱਤਾ ਦੀ ਚਾਹ ਕਿਵੇਂ ਨੇਤਾਵਾਂ ਨੂੰ ਰੋੜ ਕੇ ਲੈ ਜਾਂਦੀ ਹੈ ਤੇ ਵਕਤ ਦੀ ਰੇਤ ’ਤੇ ਵੀ ਉਨ੍ਹਾਂ ਦੇ ਨਿਸ਼ਾਨ ਕਿਤੇ ਨਹੀਂ ਰਹਿ ਜਾਂਦੇ। ਇਨ੍ਹਾਂ ਦੋਵਾਂ ਦੇ ਹਸ਼ਰ ਤੋਂ ਦੁਨੀਆ ਭਰ ਦੇ ਨੇਤਾਵਾਂ ਨੂੰ ਸਬਕ ਸਿੱਖਣੇ ਚਾਹੀਦੇ ਹਨ।
ਹਰਸ਼ ਵੀ ਪੰਤ (ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ’ਚ ਰਣਨੀਤਕ ਅਧਿਐਨ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਆਲਮੀ ਮਸਲਿਆਂ ਦੇ ਉੱਘੇ ਵਿਸ਼ਲੇਸ਼ਣਕਾਰ ਹਨ।)

Comment here