ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਵਿਸ਼ਵ ’ਚ ਓਮੀਕਰੋਨ ਦੀ ਦਹਿਸ਼ਤ ਜਾਰੀ

ਬ੍ਰਿਟੇਨ ’ਚ ਓਮੀਕਰੋਨ ਨਾਲ ਹੋਈ ਪਹਿਲੀ ਮੌਤ 
ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ
ਓਮੀਕਰੋਨ ਨੂੰ ਲੈ ਕੇ ਪੰਜਾਬ ਸਰਕਾਰ ਸੁਚੇਤ
ਲੰਡਨ-ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਵਧਦੇ ਮਾਮਲਿਆਂ ਵਿੱਚ ਸਾਰੀ ਦੁਨੀਆਂ ਚਿੰਤਾ ਵਿੱਚ ਪਈ ਹੋਈ ਹੈ। ਹੁਣੇ ਜਿਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਪੱਛਮੀ ਲੰਡਨ ਵਿਚ ਪੈਡਿੰਗਟਨ ਨੇੜੇ ਇਕ ਟੀਕਾਕਰਨ ਕਲੀਨਿਕ ਦੇ ਦੌਰੇ ’ਤੇ ਗਏ ਬੋਰਿਸ ਜਾਨਸਨ ਨੇ ਕਿਹਾ ਕਿ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਓਮੀਕਰੋਨ ਕਾਰਨ ਲੋਕ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਓਮੀਕਰੋਨ ਪੀੜਤ ਇਕ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਮੋਰੀਸਨ ਮੁਤਾਬਕ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਸੋਚ ਰਹੇ ਹਾਂ ਕਿ ਇਹ ਵਾਇਰਸ ਮਾਇਲਡ ਹੈ, ਜ਼ਿਆਦਾ ਖਤਰਨਾਕ ਨਹੀਂ ਹੈ ਤਾਂ ਸਾਨੂੰ ਇਹ ਵਿਚਾਰ ਫਿਲਹਾਲ ਛੱਡ ਦੇਣਾ ਚਾਹੀਦਾ ਹੈ। ਸਾਨੂੰ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਦੀ ਗਤੀ ਨੂੰ ਪਛਾਨਣਾ ਚਾਹੀਦਾ ਹੈ। ਇਹ ਕਾਫੀ ਤੇਜ਼ੀ ਨਾਲ ਲੋਕਾਂ ਵਿਚਕਾਰ ਫੈਲ ਰਿਹਾ ਹੈ ਅਤੇ ਇਸ ਤੋਂ ਸੁਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਬੂਸਟਰ ਡੋਜ਼ ਲਗਵਾਈਏ।
ਜਾਨਸਨ ਨੇ ਓਮੀਕਰੋਨ ਵੇਰੀਐਂਟ ਦੀ ਖਤਰਨਾਕ ਲਹਿਰ ਨਾਲ ਮੁਕਾਬਲਾ ਕਰਨ ਲਈ ਇਕ ਅਭਿਲਾਸ਼ੀ ਕੋਵਿਡ ਬੂਸਟਰ ਡੋਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਵੇਰੀਐਂਟ ਦੇ ਫੈਲਣ ਦੀ ਦਰ ਬਹੁਤ ਜ਼ਿਆਦਾ ਹੈ। ਇੱਥੇ ਦੱਸ ਦਈਏ ਕਿ ਜਿਵੇਂ-ਜਿਵੇਂ ਬ੍ਰਿਟੇਨ ਵਿਚ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ, ਉਸ ਮੁਤਾਬਕ ਹਾਲਾਤ ਨੂੰ ਦੇਖਦੇ ਹੋਏ ਬ੍ਰਿਟੇਨ ਨੇ ਮੁੜ ’ਵਰਕ ਫਰੋਮ ਹੋਮ’ ਸ਼ੁਰੂ ਕਰ ਦਿੱਤਾ ਹੈ। ਇਸ ਦੇ ਇਲਾਵਾ ਬ੍ਰਿਟੇਨ ਦੇ ਭੀੜ ਵਾਲੇ ਇਲਾਕਿਆਂ ਵਿਚ ਜਾਣ ਲਈ ਵੈਕਸੀਨ ਪਾਸਪੋਰਟ ਲਾਜ਼ਮੀ ਕਰ ਦਿੱਤਾ ਗਿਆ ਹੈ।
ਭਾਰਤ ’ਚ ਓਮੀਕ੍ਰੋਨ ਦਰਮਿਆਨ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਆ ਰਹੀ ਗਿਰਾਵਟ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਵਧਦੇ ਮਾਮਲਿਆਂ ਦਰਮਿਆਨ ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ ਦੇਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 7,350 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,46,97,860 ਹੋ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 91,456 ਹੋ ਗਈ ਹੈ ਜੋ 561 ਦਿਨਾਂ ’ਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 19 ਲੱਖ 10 ਹਜ਼ਾਰ 917 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 133 ਕਰੋੜ 17 ਲੱਖ 84 ਹਜ਼ਾਰ 462 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਉੱਥੇ ਹੀ ਦੇਸ਼ ’ਚ ਸੰਕ੍ਰਮਿਤ ਮਾਮਲਿਆਂ ਦਾ 0.26 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 0.86 ਫੀਸਦੀ ਰਹੀ ਹੈ। ਇਸੇ ਮਿਆਦ ’ਚ 7973 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 41 ਲੱਖ 30 ਹਜ਼ਾਰ 768 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.37 ਫੀਸਦੀ ਹੈ।
ਓਮੀਕਰੋਨ ਨੂੰ ਲੈ ਕੇ ਪੰਜਾਬ ਸਰਕਾਰ ਸੁਚੇਤ
ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇਹਤਿਆਤ ਜ਼ਰੂਰੀ ਹੈ ਤਾਂ ਜੋ ਇਸ ਦੇ ਫੈਲਾਅ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਸੋਨੀ ਜਿਨ੍ਹਾਂ ਕੋਲ ਸਿਹਤ ਮਹਿਕਮੇ ਦਾ ਵੀ ਚਾਰਜ ਹੈ, ਨੇ ਸੁਲਤਾਨਪੁਰ ਲੋਧੀ ਵਿਖੇ 800 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਟਾਕਰੇ ਲਈ ਮੁਕੰਮਲ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੈਡੀਕਲ ਕਾਲਜਾਂ ਅਤੇ ਸਾਰੇ ਸਿਵਲ ਹਸਪਤਾਲਾਂ ਅੰਦਰ ਆਕਸੀਜਨ ਪਲਾਂਟ ਸਥਾਪਤ ਕਰਨ ਨਾਲ ਮੈਡੀਕਲ ਆਕਸੀਜਨ ਦੇ ਉਤਪਾਦਨ ਦੀ ਸਮਰੱਥਾ 609 ਮੀਟਰਕ ਟਨ ਹੋ ਗਈ ਹੈ, ਜੋਕਿ ਕੋਵਿਡ ਦੀ ਦੂਜੀ ਲਹਿਰ ਦੀ ਪੀਕ ਵੇਲੇ 300 ਮੀਟਰਕ ਟਨ ਦੀ ਲੋੜ ਤੋਂ ਦੁੱਗਣੀ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਵੇਲੇ ਸੂਬੇ ਅੰਦਰ ਆਕਸੀਜਨ ਉਤਪਾਦਨ ਦੀ ਸਮਰੱਥਾ ਸਿਰਫ਼ 30 ਮੀਟਰਕ ਟਨ ਸੀ , ਜਿਸ ਕਰਕੇ ਪਹਿਲੀ ਅਤੇ ਦੂਜੀ ਲਹਿਰ ਵੇਲੇ ਆਕਸੀਜਨ ਲਈ ਪੰਜਾਬ ਪੂਰੀ ਤਰ੍ਹਾਂ ਕੇਂਦਰੀ ਸਰਕਾਰ ’ਤੇ ਨਿਰਭਰ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕੋਲ ਆਪਣੀ ਲੋੜ ਨਾਲੋਂ ਜ਼ਿਆਦਾ ਉਤਪਾਦਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਓਮੀਕਰੋਨ ਵੇਰੀਐਂਟ ਦੇ ਲਗਭਗ 30 ਮਾਮਲੇ ਸਾਹਮਣੇ ਆਏ ਹਨ, ਜਿਸ ਕਰਕੇ ਪੰਜਾਬ ਅੰਦਰ ਵੀ ਹਵਾਈ ਅੱਡਿਆਂ ’ਤੇ ਪੂਰਨ ਚੌਕਸੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਵਾਈਆਂ ਅਤੇ ਮੈਡੀਕਲ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਦੇ ਗਠਨ ਤੋਂ ਇਲਾਵਾ ਤੀਜੇ ਪੱਧਰ ਦੇ ਬੈਡਾਂ ਦੀ ਸਮਰੱਥਾ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਵੱਲੋਂ ਦਿੱਲੀ ਦੇ ਸਿਹਤ ਮਾਡਲ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਸਿਹਤ ਸਹੂਲਤਾਂ ਦੀ ਕਮੀ ਕਾਰਨ ਦਿੱਲੀ ਵਿਖੇ ਹਜ਼ਾਰਾਂ ਲੋਕਾਂ ਨੂੰ ਜਾਨ ਗਵਾਉਣੀ ਪਈ, ਜਿਸ ਨਾਲ ਉਸ ਦੇ ਫੇਲ੍ਹ ਹੋ ਚੁੱਕੇ ਦਿੱਲੀ ਸਿਹਤ ਮਾਡਲ ਦਾ ਪਰਦਾਫਾਸ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਜ਼ਾਰਾਂ ਲੋਕਾਂ ਨੇ ਪੰਜਾਬ ਦੇ ਪਟਿਆਲਾ ਅਤੇ ਫਰੀਦਕੋਟ ਮੈਡੀਕਲ ਕਾਲਜਾਂ ਵਿਖੇ ਇਲਾਜ ਕਰਵਾਇਆ।
ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਸਿਵਲ ਹਸਪਤਾਲ ਦੀ ਸਮਰੱਥਾ ਵਿਚ 30 ਬੈਡਾਂ ਦਾ ਵਾਧਾ ਕਰਨ ਦਾ ਵੀ ਐਲਾਨ ਕੀਤਾ ਜਿਸ ਨਾਲ ਇਸਦੀ ਕੁੱਲ ਸਮਰੱਥਾ 80 ਬੈਡ ਹੋ ਗਈ ਹੈ। ਉਨ੍ਹਾਂ ਸਿਹਤ ਖੇਤਰ ਅੰਦਰ ਗੈਰ ਸਰਕਾਰੀ ਸੰਗਠਨਾਂ ਵੱਲੋਂ ਨਿਭਾਏ ਰੋਲ ਦੀ ਸ਼ਲਾਘਾ ਕਰਦਿਆਂ ਆਕਸੀਜਨ ਪਲਾਂਟ ਲਈ 15 ਲੱਖ ਰੁਪਏ ਦੀ ਲਾਗਤ ਵਾਲਾ ਜਨਰਟੇਰ ਸਥਾਪਤ ਕਰਨ ਲਈ ਪੰਜਾਬ ਨੈਸ਼ਨਲ ਬੈਂਕ ਤੇ ਵਿੱਤੀ ਸਹਾਇਤਾ ਲਈ ‘ਪਾਥ ’ ਤੇ ‘ਗਿਵ ਇੰਡੀਆ’ ਨਾਮ ਦੇ ਗੈਰ ਸਰਕਾਰੀ ਸੰਗਠਨਾਂ ਦੇ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ।
ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਉੱਪ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਅੰਦਰ ਸਿਹਤ ਸਹੂਲਤਾਂ ਨੂੰ ਉੱਚ ਪੱਧਰ ’ਤੇ ਲਿਜਾਣ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਦੋਆਬਾ ਖੇਤਰ ਅੰਦਰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਅੰਦਰ ਆਈ. ਸੀ. ਯੂ. ਵਰਗੀਆਂ ਸਹੂਲਤਾਂ ਵੀ ਮੌਜੂਦ ਹਨ, ਜੋਕਿ ਮਾਲਵੇ ਦੇ ਜ਼ੀਰਾ ਖੇਤਰ ਤੱਕ ਅਤੇ ਮਾਝੇ ਦੇ ਗੋਇੰਦਵਾਲ ਸਾਹਿਬ ਤੇ ਚੋਹਲਾ ਸਾਹਿਬ ਤੱਕ ਇਲਾਜ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਪੰਜਾਬ ਪੁਲਸ ਦੀ ਇਕ ਟੁਕੜੀ ਵੱਲੋਂ ਉਪ ਮੁੱਖ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦੇਸ਼ ਕੰਗ ਨੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਤੇ ਕੋਵਿਡ ਵਿਰੁੱਧ ਲ਼ੜਾਈ ਲਈ ਤਿਆਰੀ ਬਾਰੇ ਜਾਣਕਾਰੀ ਵੀ ਦਿੱਤੀ।

Comment here