ਸਿਆਸਤਖਬਰਾਂ

ਵਿਵਾਦਾਂ ਮਗਰੋਂ  ਚੁੱਪ-ਚਪੀਤੇ ਬਦਲਿਆ ਨਾਨਕਸ਼ਾਹੀ ਕੈਲੰਡਰ

ਅੰਮਿ੍ਤਸਰ : ਸ਼ੋ੍ਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਸੰਮਤ 554 ਕੁਝ ਦਿਨਾਂ ਪਹਿਲਾਂ ਹੀ ਬਦਲ ਦਿੱਤਾ ਗਿਆ। ਇਸ ਕੈਲੰਡਰ ਤੇ ਜੰਤਰੀ ਨੂੰ ਬਦਲਣ ਤੋਂ ਪਹਿਲਾਂ ਅਣਗਿਣਤ ਮੀਟਿੰਗਾਂ ਅਤੇ ਲੰਮੀ ਸੋਚ ਵਿਚਾਰ ਹੋਈ ਤੇ ਫਿਰ 12 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜਾਰੀ ਕੀਤਾ ਗਿਆ ਤੇ ਕੁਝ ਤਕਨੀਕੀ ਗਲਤੀਆਂ ਨਜ਼ਰ ਆ ਜਾਣ ਤੋਂ ਬਾਅਦ ਚੁੱਪ-ਚਪੀਤੇ ਬਦਲ ਦਿੱਤਾ ਗਿਆ। ਕੈਲੰਡਰ ਵਿਚ ਦੁਸਹਿਰਾ 4 ਅੱਸੂ 20 ਸਤੰਬਰ 2022 ਅਤੇ ਬੰਦੀ ਛੋੜ ਦਿਵਸ (ਦੀਵਾਲੀ) 9 ਕੱਤਕ 25 ਅਕਤੂਬਰ 2022 ਤਰੀਖ ਛਾਪੀ ਗਈ ਹੈ ਜਦ ਕਿ ਦੀਵਾਲੀ ਦੁਸਹਿਰੇ ਤੋਂ 20ਵੇਂ ਦਿਨ ਬਾਅਦ ਮਨਾਈ ਜਾਂਦੀ ਹੈ। ਪਰ ਸ਼ੋ੍ਮਣੀ ਕਮੇਟੀ ਦੇ ਤਿਆਰ ਕੈਲੰਡਰ ਮੁਤਾਬਕ ਕਰੀਬ 35 ਦਿਨਾਂ ਦਾ ਫਰਕ ਦਿਖਾਇਆ ਗਿਆ ਹੈ। ਹੋਰਨਾਂ ਜੰਤਰੀਆਂ ਮੁਤਾਬਕ ਦੁਸਹਿਰਾ 19 ਅੱਸੂ 5 ਅਕਤੂਬਰ 2022 ਅਤੇ ਦੀਵਾਲੀ 8 ਕੱਤਕ 24 ਅਕਤੂਬਰ 2022 ਨੂੰ ਆ ਰਹੀ ਹੈ। ਇਸ ਸੰਬਧੀ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੈਲੰਡਰ ਵਾਪਸ ਨਹੀਂ ਲਿਆ ਗਿਆ ਹੈ ਪਰ ਕੁਝ ਖਾਮੀਆਂ ਸਨ ਜਿਨ੍ਹਾਂ ਕਾਰਨ ਕੈਲੰਡਰ ਵੰਡਣ ਤੋਂ ਰੋਕਿਆ ਗਿਆ ਹੈ। ਦੂਜੇ ਪਾਸੇ ਕੈਲੰਡਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪਨੂੰ ਨੇ ਕਿਹਾ ਕਿ ਜਦ ਉਨ੍ਹਾਂ ਨੇ ਕੈਲੰਡਰ ਨਾਲ ਸਬੰਧਤ ਫਾਈਲਾਂ ਨੂੰ ਆਖਰੀ ਛੋਹਾਂ ਦਿੱਤੀਆਂ ਸਨ ਤਾਂ ਇਹ ਤਰੀਕਾਂ ਬਿਲਕੁੱਲ ਠੀਕ ਸਨ, ਕਿਧਰੇ ਕੰਪਿਉਟਰ ‘ਚ ਡਿਜ਼ਾਈਨ ਕਰਨ ਸਮੇਂ ਗਲਤੀ ਕਾਰਨ ਅਜਿਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੈਲੰਡਰ ਬਹੁਤ ਘੱਟ ਛਪਿਆ ਸੀ। ਜਦ ਪਤਾ ਲੱਗਾ ਤਾਂ ਤੁਰੰਤ ਵੰਡਣ ਤੋਂ ਰੋਕ ਦਿੱਤਾ ਗਿਆ।

ਦਲ ਖਾਲਸਾ ਵੱਲੋਂ ਮੂਲ ਕੈਲੰਡਰ ਲਾਗੂ ਕਰਨ ਦੀ ਅਪੀਲ

ਸਿੱਖ ਜਥੇਬੰਦੀ ਦਲ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 554 ਜਾਰੀ ਕੀਤਾ ਗਿਆ। ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕੈਲੰਡਰ ਵਿਵਾਦ ਨੂੰ ਸੁਲਝਾਉਣ ਅਤੇ ਕੈਲੰਡਰ ਕਾਰਨ ਪਈਆਂ ਵੰਡੀਆਂ ਨੂੰ ਖਤਮ ਕਰਨ ਲਈ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਮੈਮੋਰੰਡਮ ਅਤੇ ਕੈਲੰਡਰ ਦੀ ਕਾਪੀ ਸੌਂਪੀ ਹੈ। ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਸ਼ੋ੍ਮਣੀ ਕਮੇਟੀ ਵੱਲੋਂ ਤਿਆਰ ਕੈਲੰਡਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਕੈਲੰਡਰ ਨੂੰ ਹੀ ਸਰਬ ਪ੍ਰਵਾਨਿਤ ਕਿਹਾ ਹੈ। ਉਨ੍ਹਾਂ ਕਿਹਾ ਕਿ ਕੈਲੰਡਰ ਮਾਮਲੇ ‘ਤੇ ਜ਼ਰੂਰ ਵਿਚਾਰ ਚਰਚਾ ਕਰਕੇ ਹੋਣ ਵਾਲੀਆਂ ਸੋਧਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਹਰੇਕ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੈਲੰਡਰ ਅਨੁਸਾਰ ਹੀ ਆਪਣਾ ਕੈਲੰਡਰ ਤਿਆਰ ਕਰਵਾਏ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਹੈ ਅਤੇ ਜਿਸ ਨੂੰ 2010 ਵਿਚ ਮੁੜ ਬਿਕਰਮੀ ਕੈਲੰਡਰ ਵਿਚ ਬਦਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਵੱਲੋਂ ਬੀਤੇ ਦਿਨੀ ਸ਼ੋ੍ਮਣੀ ਕਮੇਟੀ ਵੱਲੋਂ ਛਾਪੇ ਕੈਲੰਡਰ ਨੂੰ ਜਾਰੀ ਕੀਤਾ ਗਿਆ ਹੈ, ਉਹ ਅਸਲ ਵਿੱਚ ਬਿਕਰਮੀ ਹੈ, ਨਾਨਕਸ਼ਾਹੀ ਤਾਂ ਕੇਵਲ ਨਾਮ ਦਾ ਹੀ ਹੈ। 2003 ਵਿਚ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ 2010 ਵਿੱਚ ਸੋਧਾਂ ਦੇ ਨਾਂ ਹੇਠ ਬਣਾਇਆ ਗਿਆ ਅਤੇ 2015 ਵਿੱਚ ਮੁੜ ਬਿਕਰਮੀ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲ਼ੇ ਸੱਤ ਸਾਲਾਂ ਤੋਂ ਸ਼ੋ੍ਮਣੀ ਕਮੇਟੀ ਬਿਕਰਮੀ ਕੈਲੰਡਰ ‘ਨਾਨਕਸ਼ਾਹੀ’ ਦੇ ਨਾਂ ਹੇਠ ਛਾਪ ਕੇ ਵੰਡ ਰਹੀ ਹੈ।

Comment here